ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਭਜਨ ਪ੍ਰਭਾਤ ਕਰਵਾਈ ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਫਗਵਾੜਾ ਵਿੱਚ ਦੀਵਾਲੀ ਦੇ ਉਪਲਕਸ਼ ਵਿੱਚ ਭਜਨ ਪ੍ਰਭਾਤ ਪ੍ਰੋਗਰਾਮ ਦਾ ਆਯੋਜਨ
Publish Date: Sat, 07 Nov 2026 07:34 PM (IST)
Updated Date: Sat, 07 Nov 2026 07:35 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਦਿਵਯ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਫਗਵਾੜਾ ਵਿੱਚ ਦੀਵਾਲੀ ਦੇ ਉਪਲਕਸ਼ ਵਿੱਚ ਸ਼ਾਨਦਾਰ ਭਜਨ ਪ੍ਰਭਾਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਵੱਡੀ ਗਿਣਤੀ ਵਿੱਚ ਸ਼ਰਧਾਲੂਆਂ ਨੇ ਰਸ ਦਾ ਆਨੰਦ ਮਾਣਿਆ। ਪ੍ਰੋਗਰਾਮ ਦੀ ਸ਼ੁਰੂਆਤ ਗਣੇਸ਼ ਵੰਦਨਾ ਨਾਲ ਹੋਈ। ਸਾਧਵੀ ਜਗਦੀਸ਼ਾ ਭਾਰਤੀ ਜੀ, ਸਾਧਵੀ ਅਖੰਡ ਜੋਤੀ ਭਾਰਤੀ ਜੀ ਤੇ ਸਾਧਵੀ ਪੁਣਿਆ ਭਾਰਤੀ ਜੀ ਨੇ ਮਧੁਰ ਭਜਨਾਂ ਦਾ ਗਾਇਨ ਕਰਕੇ ਪੂਰੇ ਮਾਹੌਲ ਨੂੰ ਭਗਤੀਮਈ ਬਣਾ ਦਿੱਤਾ। ਜਿਵੇਂ ਹੀ ਰਾਮ ਸੁਮਿਰ ਕੇ ਰਹਮ ਕਰੇ ਨਾ ਭਜਨ ਦੀਆਂ ਮਿੱਠੀਆਂ ਸੁਰ ਲਹਿਰਾਂ ਗੂੰਜੀਆਂ, ਪੂਰਾ ਮਾਹੌਲ ਰਾਮਮਈ ਹੋ ਗਿਆ ਤੇ ਸ਼ਰਧਾਲੂ ਭਗਤੀ ਭਾਵ ਵਿੱਚ ਝੂਮ ਉੱਠੇ। ਇਸ ਮੌਕੇ ਸੰਸਥਾਨ ਦੀ ਪ੍ਰਚਾਰਕ ਸਾਧਵੀ ਸੌਮਿਆ ਭਾਰਤੀ ਜੀ ਨੇ ਆਪਣੇ ਓਜਸਵੀ ਪ੍ਰਵਚਨਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਉਨ੍ਹਾਂ ਕਿਹਾ ਕਿ ਜਿਹੜਾ ਮਨੁੱਖ ਸੱਚੇ ਦਿਲੋਂ ਪ੍ਰਭੂ ਸ੍ਰੀ ਰਾਮ ਦਾ ਸਿਮਰਨ ਕਰਦਾ ਹੈ, ਉਸ ਉੱਤੇ ਪ੍ਰਭੂ ਦੀ ਅਸੀਮ ਕਿਰਪਾ ਸਦਾ ਬਣੀ ਰਹਿੰਦੀ ਹੈ। ਰਾਮ ਨਾਮ ਹੀ ਕਲਿਯੁਗ ਵਿੱਚ ਕਲਿਆਣ ਦਾ ਸਰਵੋਤਮ ਸਾਧਨ ਹੈ। ਉਨ੍ਹਾਂ ਸ਼ਰਧਾਲੂਆਂ ਨੂੰ ਪ੍ਰਭੂ ਸ੍ਰੀ ਰਾਮ ਦੇ ਆਦਰਸ਼ਾਂ ਤੇ ਗੁਣਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਲਈ ਪ੍ਰੇਰਿਤ ਕੀਤਾ। ਸਾਧਵੀ ਜੀ ਨੇ ਕਿਹਾ ਕਿ ਪ੍ਰਭੂ ਸ੍ਰੀ ਰਾਮ ਨੂੰ ਸਿਰਫ਼ ਮੰਨਣ ਤੱਕ ਹੀ ਸੀਮਤ ਨਾ ਰਹੋ, ਸਗੋਂ ਉਨ੍ਹਾਂ ਨੂੰ ਜਾਣਨ ਦਾ ਯਤਨ ਵੀ ਕਰੋ। ਇੱਕ ਪੂਰਨ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਬ੍ਰਹਮਗਿਆਨ ਪ੍ਰਾਪਤ ਕਰੋ ਤੇ ਪ੍ਰਭੂ ਦੇ ਅਸਲ ਸਰੂਪ ਦਾ ਸਾਕਸ਼ਾਤਕਾਰ ਕਰੋ। ਇਸ ਦੇ ਨਾਲ ਹੀ ਸਾਧਵੀ ਜੀ ਨੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ, ਸਤਿਗੁਰੂ ਵੱਲੋਂ ਦਿਖਾਏ ਮਾਰਗ ਤੇ ਚੱਲਣ ਅਤੇ ਆਪਣੇ ਜੀਵਨ ਨੂੰ ਅਧਿਆਤਮਿਕ ਕਦਰਾਂ-ਕੀਮਤਾਂ ਨਾਲ ਜੋੜ ਕੇ ਸਾਰਥਕ ਬਣਾਉਣ ਦਾ ਸੰਦੇਸ਼ ਦਿੱਤਾ। ਪ੍ਰੋਗਰਾਮ ਦੇ ਅੰਤ ਵਿੱਚ ਸਾਰੇ ਸ਼ਰਧਾਲੂਆਂ ਨੂੰ ਪ੍ਰਸਾਦ ਵੰਡਿਆ ਗਿਆ। ਸੰਸਥਾਨ ਦੇ ਸੇਵਾਦਾਰਾਂ ਵੱਲੋਂ ਪ੍ਰੋਗਰਾਮ ਦੇ ਪ੍ਰਬੰਧ ਸੁਚੱਜੇ ਢੰਗ ਨਾਲ ਸੰਭਾਲੇ ਗਏ। ਇਸ ਸ਼ਾਨਦਾਰ ਆਯੋਜਨ ਨੂੰ ਸਫਲ ਬਣਾਉਣ ਵਿੱਚ ਸਤਪਾਲ ਸੇਠੀ, ਮੋਹਿੰਦਰ ਸੇਠੀ, ਅਸ਼ੋਕ ਸੇਠੀ, ਕਰਨ ਸੇਠੀ, ਆਲੋਕ ਸੇਠੀ, ਕੁਨਾਲ ਸੇਠੀ, ਸੇਠੀ ਪਰਿਵਾਰ ਤੇ ਫਾਈਨ ਸਵਿੱਚਸ ਪਰਿਵਾਰ ਦੀ ਵਿਸ਼ੇਸ਼ ਭੂਮਿਕਾ ਰਹੀ। ਪ੍ਰੋਗਰਾਮ ਵਿੱਚ ਪਹੁੰਚੇ ਹਰ ਵਰਗ ਦੇ ਲੋਕਾਂ ਨੇ ਇਸ ਆਯੋਜਨ ਦੀ ਭਰਪੂਰ ਸ਼ਲਾਘਾ ਕੀਤੀ।