- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਡਵਿੰਡੀ ਨੇੜੇ ਡੀਵਾਈਡਰ ਬਣਿਆ ਇੱਕ ਹੋਰ ਹਾਦਸੇ ਦਾ ਕਾਰਨ, ਇਕ ਹੋਰ ਵਾਹਨ ਟਕਰਾ ਕੇ ਪਲਟਿਆ

ਅਧੂਰੀ ਸੜਕ ਤੇ ਡਿਵਾਈਡਰ ’ਤੇ ਲਾਈਟ ਨਾ ਹੋਣਾ ਬਣਿਆ ਖ਼ਤਰਾ
ਸੂਚਨਾ ਦੇਣ ਦੇ ਬਾਵਜੂਦ ਨਹੀਂ ਪੁੱਜੀ ਸੜਕ ਸੁਰੱਖਿਆ ਫੋਰਸ ਤੇ ਪੁਲਿਸ
ਪਰਮਜੀਤ ਸਿੰਘ ਪੰਜਾਬੀ ਜਾਗਰਣ
ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾਂਦੀ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ’ਤੇ ਪਿੰਡ ਡਡਵਿੰਡੀ ਦੇ ਐੱਚਪੀ ਪੈਟਰੋਲ ਪੰਪ ਨੇੜੇ ਬਣਿਆ ਡਿਵਾਈਡਰ ਵਾਹਨ ਚਾਲਕਾਂ ਲਈ ਹਾਦਸਿਆਂ ਦਾ ਕਾਰਨ ਬਣਦਾ ਜਾ ਰਿਹਾ ਹੈ। ਇਸ ਸਥਾਨ ’ਤੇ ਪਹਿਲਾਂ ਵੀ ਹਾਦਸੇ ਵਾਪਰ ਚੁੱਕੇ ਹਨ ਤੇ ਖ਼ਬਰਾਂ ਪ੍ਰਕਾਸ਼ਿਤ ਹੋਣ ਤੋਂ ਬਾਅਦ ਸਬੰਧਤ ਵਿਭਾਗ ਵੱਲੋਂ ਕੁਝ ਸਮੇਂ ਲਈ ਹਰਕਤ ਵਿੱਚ ਆਉਣ ਮਗਰੋਂ ਮੁੜ ਹਾਲਾਤ ਪਹਿਲਾਂ ਵਰਗੇ ਹੋ ਜਾਂਦੇ ਹਨ।ਪਿਛਲੇ ਹਾਦਸੇ ਤੋਂ ਬਾਅਦ ਮਾਮਲਾ ਉਠਾਏ ਜਾਣ ’ਤੇ ਸੜਕ ਵਿਭਾਗ ਵੱਲੋਂ ਡੀਵਾਈਡਰ ਦੇ ਕੱਟ ਅੱਗੇ ਇੱਕ ਸਾਈਨ ਬੋਰਡ ਤਾਂ ਲਗਾਇਆ ਗਿਆ ਸੀ, ਪਰ ਡਿਵਾਈਡਰ ਨੂੰ ਰਾਤ ਸਮੇਂ ਦੂਰੋਂ ਸਪੱਸ਼ਟ ਦਿਖਾਉਣ ਲਈ ਡਿਸਪਲੇਅ ਲਾਈਟ ਨਹੀਂ ਲਗਾਈ ਗਈ ਸੀ। ਇਸ ਕਾਰਨ ਹੁਣ ਇੱਕ ਹੋਰ ਹਾਦਸਾ ਵਾਪਰ ਗਿਆ।
ਡਰਾਈਵਰ ਸੁਰਜੀਤ ਸਿੰਘ ਪੁੱਤਰ ਗੋਪਾਲ ਸਿੰਘ, ਵਾਸੀ ਮੁਹੱਲਾ ਲਕਸ਼ਮੀ ਨਗਰ, ਕਪੂਰਥਲਾ ਨੇ ਦੱਸਿਆ ਕਿ ਉਹ ਸਵੇਰੇ ਕਰੀਬ 5 ਵਜੇ ਲੋਹੀਆਂ ਤੋਂ ਕਪੂਰਥਲਾ ਵੱਲ ਗੱਡੀ ਲੈ ਕੇ ਆ ਰਿਹਾ ਸੀ। ਉਸ ਨੇ ਦੱਸਿਆ ਕਿ ਕਪੂਰਥਲਾ ਵੱਲ ਸੜਕ ਦਾ ਕੰਮ ਅਧੂਰਾ ਹੋਣ ਕਾਰਨ ਇੱਕੋ ਸੜਕ ’ਤੇ ਗ਼ਲਤ ਪਾਸੇ ਤੋਂ ਆ ਰਹੇ ਵਾਹਨ ਦੀਆਂ ਤੇਜ਼ ਐੱਚਡੀ ਲਾਈਟਾਂ ਸਿੱਧੀਆਂ ਅੱਖਾਂ ਵਿੱਚ ਪੈ ਗਈਆਂ। ਇਸ ਕਾਰਨ ਸਾਹਮਣੇ ਬਣਿਆ ਡਿਵਾਈਡਰ ਦਿਖਾਈ ਨਹੀਂ ਦਿੱਤਾ ਤੇ ਗੱਡੀ ਡਿਵਾਈਡਰ ਨਾਲ ਟਕਰਾ ਕੇ ਪਲਟ ਗਈ। ਹਾਦਸੇ ਵਿੱਚ ਡਰਾਈਵਰ ਸੁਰਜੀਤ ਸਿੰਘ ਦੇ ਮਾਮੂਲੀ ਸੱਟਾਂ ਲੱਗੀਆਂ, ਜਦਕਿ ਵੱਡੇ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ।
112 ’ਤੇ ਸੂਚਨਾ ਦੇਣ ਦੇ ਬਾਵਜੂਦ ਨਹੀਂ ਪੁੱਜੀ ਸੜਕ ਸੁਰੱਖਿਆ ਫੋਰਸ
ਡਰਾਈਵਰ ਸੁਰਜੀਤ ਸਿੰਘ ਨੇ ਰੋਸ ਜ਼ਾਹਰ ਕਰਦਿਆਂ ਦੱਸਿਆ ਕਿ ਉਨ੍ਹਾਂ ਹਾਦਸੇ ਦੀ ਸੂਚਨਾ ਤੁਰੰਤ 112 ਨੰਬਰ ’ਤੇ ਦਿੱਤੀ ਸੀ, ਪਰ ਕਾਫ਼ੀ ਸਮੇਂ ਤੱਕ ਮੌਕੇ ’ਤੇ ਕੋਈ ਨਹੀਂ ਪੁੱਜਿਆ। ਇਸ ਸਬੰਧੀ ਜਦੋਂ ਸੜਕ ਸੁਰੱਖਿਆ ਫੋਰਸ ਦੇ ਨੰਬਰ 95922-52903 ’ਤੇ ਸੰਪਰਕ ਕੀਤਾ ਗਿਆ ਤਾਂ ਉੱਥੋਂ ਦੱਸਿਆ ਗਿਆ ਕਿ ਉਨ੍ਹਾਂ ਨੂੰ 112 ਤੋਂ ਕਾਲ ਮਿਲੀ ਸੀ, ਪਰ ਸੜਕ ਸੁਰੱਖਿਆ ਫੋਰਸ ਦੀ ਗੱਡੀ ਮੇਨਟੇਨੈਂਸ ਲਈ ਲੱਗੀ ਹੋਣ ਕਾਰਨ ਉਹ ਮੌਕੇ ’ਤੇ ਨਹੀਂ ਆ ਸਕੇ।
ਇਸ ਸਬੰਧੀ ਚੌਕੀ ਇੰਚਾਰਜ ਮੋਠਾਂਵਾਲਾ ਐੱਸਆਈ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੇ ਕਿਸੇ ਮਾਮਲੇ ਸਬੰਧੀ ਬਾਹਰ ਜਾਣ ਦੀ ਜਾਣਕਾਰੀ ਮਿਲੀ।