ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਕੱਲ੍ਹ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਅਤੇ ਖੇਤੀ ਪ੍ਰਦਰਸ਼ਨੀਆਂ ਵਿਰਸਾ ਵਿਹਾਰ ਵਿਖੇ 13 ਅਕਤੂਬਰ ਨੂੰ
Publish Date: Sun, 11 Oct 2026 06:59 PM (IST)
Updated Date: Sun, 11 Oct 2026 07:02 PM (IST)
ਵਿਰਸਾ ਵਿਹਾਰ ਵਿਖੇ ਖੇਤੀ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ ਗੁਰਵਿੰਦਰ ਕੌਰ, ਕੁਲਵਿੰਦਰ ਲਾਡੀ ਪੰਜਾਬੀ ਜਾਗਰਣ ਕਪੂਰਥਲਾ, ਫੱਤੂਢੀਂਗਾ : ਕਿਸਾਨਾਂ ਨੂੰ ਆਧੁਨਿਕ ਖੇਤੀ ਤਕਨੀਕਾਂ, ਨਵੀਂ ਖੇਤੀ ਮਸ਼ੀਨਰੀ ਤੇ ਖੇਤੀਬਾੜੀ ਨਾਲ ਸਬੰਧਤ ਨਵੀਨਤਮ ਜਾਣਕਾਰੀ ਮੁਹੱਈਆ ਕਰਵਾਉਣ ਦੇ ਉਦੇਸ਼ ਨਾਲ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਕਪੂਰਥਲਾ ਵੱਲੋਂ 13 ਅਕਤੂਬਰ 2026 ਦਿਨ ਮੰਗਲਵਾਰ ਨੂੰ ਵਿਰਸਾ ਵਿਹਾਰ ਕਪੂਰਥਲਾ ਵਿਖੇ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ ਤੇ ਪ੍ਰਦਰਸ਼ਨੀਆਂ ਆਯੋਜਿਤ ਕੀਤੀਆਂ ਜਾ ਰਹੀਆਂ ਹਨ। ਮੁੱਖ ਖੇਤੀਬਾੜੀ ਅਫਸਰ ਕਪੂਰਥਲਾ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਕਿਸਾਨਾਂ ਨੂੰ ਨਵੀਂ ਖੇਤੀ ਮਸ਼ੀਨਰੀ ਤੇ ਆਧੁਨਿਕ ਖੇਤੀ ਤਕਨੀਕਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਜਾਵੇਗੀ। ਖੇਤੀ ਮਾਹਿਰਾਂ ਵੱਲੋਂ ਵੱਖ-ਵੱਖ ਖੇਤੀ ਵਿਸ਼ਿਆਂ ਸਬੰਧੀ ਵਿਸ਼ੇਸ਼ ਲੈਕਚਰ ਵੀ ਕਰਵਾਏ ਜਾਣਗੇ, ਜਿਨ੍ਹਾਂ ਵਿੱਚ ਕਿਸਾਨਾਂ ਨੂੰ ਆਧੁਨਿਕ ਤੇ ਟਿਕਾਊ ਖੇਤੀ ਪ੍ਰਬੰਧਨ, ਫਸਲਾਂ ਦੀ ਰਹਿੰਦ-ਖੂੰਹਦ ਦੀ ਸੁਚੱਜੀ ਸੰਭਾਲ, ਖੇਤੀ ਮਸ਼ੀਨਰੀ ਦੀ ਵਰਤੋਂ ਤੇ ਹੋਰ ਮਹੱਤਵਪੂਰਨ ਖੇਤੀਬਾੜੀ ਮੁੱਦਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਕੈਂਪ ਵਿੱਚ ਵੱਖ-ਵੱਖ ਵਿਭਾਗਾਂ, ਖੇਤੀਬਾੜੀ ਨਾਲ ਸਬੰਧਤ ਕੰਪਨੀਆਂ ਤੇ ਸੰਸਥਾਵਾਂ, ਸੈਲਫ ਹੈਲਪ ਗਰੁੱਪਾਂ ਵੱਲੋਂ ਪ੍ਰਦਰਸ਼ਨੀਆਂ ਵੀ ਲਗਾਈਆਂ ਜਾਣਗੀਆਂ। ਇਨ੍ਹਾਂ ਪ੍ਰਦਰਸ਼ਨੀਆਂ ਰਾਹੀਂ ਕਿਸਾਨਾਂ ਨੂੰ ਨਵੀਂ ਖੇਤੀ ਮਸ਼ੀਨਰੀ, ਖੇਤੀ ਇਨਪੁਟਸ, ਤਕਨੀਕੀ ਉਤਪਾਦਾਂ ਤੇ ਹੋਰ ਖੇਤੀਬਾੜੀ ਸੇਵਾਵਾਂ ਬਾਰੇ ਮੌਕੇ ਤੇ ਜਾਣਕਾਰੀ ਪ੍ਰਾਪਤ ਹੋਵੇਗੀ। ਮੁੱਖ ਖੇਤੀਬਾੜੀ ਅਫਸਰ, ਕਪੂਰਥਲਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਜ਼ਿਲ੍ਹਾ ਪੱਧਰੀ ਖੇਤੀਬਾੜੀ ਕੈਂਪ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਲ ਹੋ ਕੇ ਖੇਤੀਬਾੜੀ ਨਾਲ ਸਬੰਧਤ ਨਵੀਆਂ ਤਕਨੀਕਾਂ ਤੇ ਮਾਹਿਰਾਂ ਪਾਸੋਂ ਜਾਣਕਾਰੀ ਪ੍ਰਾਪਤ ਕਰਕੇ ਲਾਭ ਉਠਾਉਣ।