ਜ਼ਿਲ੍ਹਾ ਪੱਧਰੀ ਮੁਕਾਬਲਿਆਂ ਲਈ ਵਿਦਿਅਕ ਸੰਸਥਾਵਾਂ ਤੋਂ ਅਰਜ਼ੀਆਂ ਮੰਗੀਆਂ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਅਤੇ ਕਾਵਿ ਗਾਇਨ ਮੁਕਾਬਲੇ ਪੰਜਾਬੀ ਅਤੇ ਹਿੰਦੀ ਭਾਸ਼ਾ ਲਈ ਵਿੱਦਿਅਕ ਸੰਸਥਾਵਾਂ ਪਾਸੋਂ ਵਿਦਿਆਰਥੀਆਂ ਦੇ ਨਾਵਾਂ ਦੀ ਮੰਗ
Publish Date: Tue, 08 Sep 2026 09:08 PM (IST)
Updated Date: Tue, 08 Sep 2026 09:10 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਜ਼ਿਲ੍ਹਾ ਭਾਸ਼ਾ ਅਫ਼ਸਰ, ਕਪੂਰਥਲਾ ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਤੇ ਹਿੰਦੀ ਦੋਵਾਂ ਭਾਸ਼ਾਵਾਂ ਵਿੱਚ ਹੋਣ ਵਾਲੇ ਜ਼ਿਲ੍ਹਾ ਪੱਧਰੀ ਸਾਹਿਤ ਸਿਰਜਣ ਤੇ ਕਾਵਿ ਗਾਇਨ ਮੁਕਾਬਲਿਆਂ ਲਈ ਵਿੱਦਿਅਕ ਸੰਸਥਾਵਾਂ ਪਾਸੋਂ ਵਿਦਿਆਰਥੀਆਂ ਦੇ ਨਾਵਾਂ ਦੀ ਮੰਗ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਭਾਸ਼ਾ ਅਫ਼ਸਰ ਜਸਪ੍ਰੀਤ ਕੌਰ ਨੇ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਛੇਵੀਂ ਤੋਂ ਬਾਰਵੀਂ ਜਮਾਤ ਤੱਕ ਦੇ ਵਿਦਿਆਰਥੀ ਹੀ ਭਾਗ ਲੈ ਸਕਦੇ ਹਨ। ਹਰੇਕ ਸਕੂਲ ਇੱਕ ਵਿਸ਼ਾ (ਕਵਿਤਾ, ਕਹਾਣੀ, ਲੇਖ ਰਚਨਾ ਤੇ ਕਾਵਿ ਗਾਇਨ) ਵਿੱਚ ਕੇਵਲ ਦੋ-ਦੋ ਵਿਦਿਆਰਥੀ ਹੀ ਭੇਜ ਸਕਦਾ ਹੈ। ਜ਼ਿਲ੍ਹਾ ਪੱਧਰ ’ਤੇ ਪਹਿਲੇ ਸਥਾਨ ’ਤੇ ਆਉਣ ਵਾਲੇ ਵਿਦਿਆਰਥੀ ਰਾਜ ਪੱਧਰ ਦੇ ਮੁਕਾਬਲੇ ਵਿੱਚ ਹਿੱਸਾ ਲੈਣਗੇ। ਲੇਖ, ਕਵਿਤਾ ਤੇ ਕਹਾਣੀ ਰਚਨਾ ਲਈ ਮੁਕਾਬਲੇ ਵਿੱਚ ਮੌਕੇ ’ਤੇ ਦਿੱਤੇ ਵਿਸ਼ਿਆਂ ਵਿੱਚੋਂ ਕਿਸੇ ਇੱਕ ਵਿਸ਼ੇ ਉੱਤੇ 300 ਸ਼ਬਦਾਂ ਤੱਕ ਦੀ ਕਵਿਤਾ, 600 ਸ਼ਬਦਾਂ ਤੱਕ ਲੇਖ, ਕਹਾਣੀ ਰਚਨਾ ਕਰਨੀ ਹੋਵੇਗੀ। ਇਹ ਰਚਨਾ ਮੌਲਿਕ ਹੋਣੀ ਚਾਹੀਦੀ ਹੈ ਕਿਤੇ ਪ੍ਰਕਾਸ਼ਿਤ ਨਾ ਹੋਵੇ। ਕਵਿਤਾ ਗਾਇਨ ਵਿੱਚ ਕਵਿਤਾ ਜੋ ਕਿਸੇ ਪੁਸਤਕ, ਰਸਾਲੇ, ਅਖ਼ਬਾਰ ਆਦਿ ਵਿੱਚ ਛਪੀ ਹੋਵੇ, ਨੂੰ ਹੀ ਗਾਉਣ ਦੀ ਆਗਿਆ ਦਿੱਤੀ ਜਾਵੇਗੀ। ਇਸ ਕਾਵਿ ਰਚਨਾ ਦਾ ਸਰੋਤ ਦੱਸਣਾ ਲਾਜ਼ਮੀ ਹੋਵੇਗਾ। ਇਹ ਰਚਨਾ ਗਾ ਕੇ ਹੀ ਪੇਸ਼ ਕੀਤੀ ਜਾਣੀ ਹੋਵੇਗੀ। ਇਹ ਮੁਕਾਬਲਾ ਵਿਅਕਤੀਗਤ ਹੋਵੇਗਾ, ਸਮੂਹ ਗਾਇਨ ਵਰਜਿਤ ਹੈ। ਕਵਿਤਾ ਗਾਇਨ ਕਰਨ ਸਮੇਂ ਸੁਵਿਧਾ ਅਨੁਸਾਰ ਸਾਜ਼ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਗਾਇਨ ਲਈ ਘੱਟੋ-ਘੱਟ ਤਿੰਨ ਮਿੰਟ ਤੇ ਵੱਧ ਤੋਂ ਵੱਧ ਪੰਜ ਮਿੰਟ ਦਾ ਸਮਾਂ ਦਿੱਤਾ ਜਾਵੇਗਾ। ਇਸ ਮੁਕਾਬਲੇ ਦੀ ਥਾਂ ਬਾਰੇ ਪ੍ਰਤਿਭਾਗੀਆਂ ਤੇ ਸੰਸਥਾਵਾਂ ਨੂੰ ਨਿਸ਼ਚਿਤ ਮਿਤੀ ਤੋਂ ਪਹਿਲਾਂ ਜਾਣਕਾਰੀ ਦੇ ਦਿੱਤੀ ਜਾਵੇਗੀ। ਜੇਤੂ ਵਿਦਿਆਰਥੀਆਂ ਨੂੰ ਪਹਿਲਾ ਇਨਾਮ 1000/-, ਦੂਜਾ ਇਨਾਮ 750/-, ਤੀਜਾ ਇਨਾਮ 500/- ਜਾਂ ਇੰਨੇ ਮੁੱਲ ਦੀਆਂ ਭਾਸ਼ਾ ਵਿਭਾਗ, ਪੰਜਾਬ ਦੁਆਰਾ ਛਪੀਆਂ ਪੁਸਤਕਾਂ ਦੇ ਰੂਪ ਵਿੱਚ ਦਿੱਤਾ ਜਾਵੇਗਾ। ਇਸ ਦੇ ਨਾਲ ਜੇਤੂ ਵਿਦਿਆਰਥੀਆਂ ਨੂੰ ਜ਼ਿਲ੍ਹਾ ਭਾਸ਼ਾ ਅਫ਼ਸਰ ਪਾਸੋਂ ਪ੍ਰਮਾਣ ਪੱਤਰ ਵੀ ਪ੍ਰਾਪਤ ਹੋਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ (ਪੰਜਾਬੀ ਤੇ ਹਿੰਦੀ ਭਾਸ਼ਾ ਮੁਕਾਬਲੇ ਲਈ ਵੱਖ-ਵੱਖ) ਫ਼ਾਰਮ ਭਰ ਕੇ ਇਸ ਦਫ਼ਤਰ ਦੀ ਈਮੇਲ dlokpt.pblanguages@gmail.com ’ਤੇ ਮਿਤੀ 14-09-2026 ਤੱਕ ਭੇਜੇ ਜਾਣ। ਇਸ ਫ਼ਾਰਮ ਵਿੱਚ ਬਿਨੈਕਾਰ ਦੇ ਹਸਤਾਖ਼ਰ, ਸੰਸਥਾ ਦੇ ਮੁੱਖੀ ਦੇ ਹਸਤਾਖ਼ਰ ਸਮੇਤ ਮੋਹਰ ਤੇ ਫ਼ੋਨ ਨੰਬਰ ਜਰੂਰ ਦਰਜ ਕੀਤੇ ਜਾਣ। ਇਸ ਮੁਕਾਬਲੇ ਦੇ ਨਿਯਮਾਂ ਦੀ ਜਾਣਕਾਰੀ, ਫ਼ਾਰਮ ਲੈਣ ਤੇ ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਦਫ਼ਤਰ ਦੇ ਪਤੇ ਕਮਰਾ ਨੰਬਰ 404, ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਕਪੂਰਥਲਾ ਵਿਖੇ ਜਾਂ ਮੋਬਾਇਲ ਨੰਬਰ 62840-61290 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਵੱਲੋਂ ਜ਼ਿਲ੍ਹੇ ਦੀਆਂ ਸਮੂਹ ਵਿੱਦਿਅਕ ਸੰਸਥਾਵਾਂ ਤੇ ਵਿਦਿਆਰਥੀਆਂ ਨੂੰ ਦੋਵਾਂ ਭਾਸ਼ਾਵਾਂ ਵਿੱਚ ਹੋਣ ਵਾਲੇ ਇਨ੍ਹਾਂ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਅਪੀਲ ਕੀਤੀ ਹੈ।