ਵਿਦਿਆਰਥਣਾਂ ਨੂੰ ਪੋਕਸੋ ਐਕਟ ਸਬੰਧੀ ਕੀਤਾ ਜਾਗਰੂਕ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਕੂਲੀ ਵਿਿਦਆਰਥਣਾਂ ਨੂੰ ਪੋਕਸੋ ਐਕਟ ਸਬੰਧੀ ਕੀਤਾ ਜਾਗਰੂਕ
Publish Date: Fri, 30 Oct 2026 07:56 PM (IST)
Updated Date: Fri, 30 Oct 2026 07:58 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਸਕੂਲੀ ਵਿਦਿਆਰਥਣਾਂ ਨੂੰ ਉਨ੍ਹਾਂ ਦੇ ਕਾਨੂੰਨੀ ਅਧਿਕਾਰਾਂ, ਸਮਾਜਿਕ ਸੁਰੱਖਿਆ ਤੇ ਸਰੀਰਿਕ ਸੁਰੱਖਿਆ ਨਾਲ ਸਬੰਧਤ ਕਾਨੂੰਨਾਂ ਬਾਰੇ ਜਾਗਰੂਕ ਕਰਨ ਦੇ ਉਦੇਸ਼ ਨਾਲ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਪੀਐੱਮ ਸ੍ਰੀ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਵਿਖੇ ਇੱਕ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ। ਸਿਵਲ ਜੱਜ (ਸੀਨੀਅਰ ਡਿਵੀਜ਼ਨ ਫਗਵਾੜਾ) ਫਗਵਾੜਾ ਸੁਪ੍ਰੀਤ ਕੌਰ ਤੇ ਐਡਵੋਕੇਟ ਵਰੁਣ ਕੁਮਾਰ ਵਧਾਵਨ ਦੀ ਅਗਵਾਈ ਹੇਠ ਕਰਵਾਏ ਸੈਮੀਨਾਰ ਦੌਰਾਨ ਵਿਦਿਆਰਥਣਾਂ ਨੂੰ ਕਾਨੂਨੀ ਅਧਿਕਾਰਾਂ ਦੀ ਪੂਰੀ ਜਾਣਕਾਰੀ ਦਿੱਤੀ। ਇਸ ਮੌਕੇ ਸੁਪ੍ਰੀਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਨੂੰ ਆਪਣੇ ਕਾਨੂੰਨੀ ਅਧਿਕਾਰਾਂ ਪ੍ਰਤੀ ਸੁਚੇਤ ਰਹਿਣ ਤੇ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਵਾਪਰਨ ਦੀ ਸੂਰਤ ਵਿੱਚ ਬਿਨਾਂ ਕਿਸੇ ਡਰ ਜਾਂ ਝਿਜਕ ਦੇ ਸਬੰਧਤ ਅਧਿਕਾਰੀਆਂ ਤੱਕ ਆਪਣੀ ਗੱਲ ਪਹੁੰਚਾਉਣ ਲਈ ਪ੍ਰੇਰਿਤ ਕੀਤਾ। ਸੈਮੀਨਾਰ ਦੌਰਾਨ ਐਡਵੋਕੇਟ ਵਰੁਣ ਕੁਮਾਰ ਵਧਾਵਨ ਨੇ ਵਿਦਿਆਰਥਣਾਂ ਨੂੰ ਪੋਕਸੋ ਐਕਟ (ਬੱਚਿਆਂ ਨੂੰ ਜਿਨਸੀ ਅਪਰਾਧਾਂ ਤੋਂ ਸੁਰੱਖਿਆ ਪ੍ਰਦਾਨ ਕਰਨ ਸਬੰਧੀ ਕਾਨੂੰਨ) ਸਾਇਬਰ ਅਪਰਾਧ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਉਨ੍ਹਾਂ ਨੇ ਬੱਚਿਆਂ ਦੀ ਸੁਰੱਖਿਆ, ਸਮਾਜਿਕ ਸੁਰੱਖਿਆ ਦੇ ਨਿਯਮਾਂ ਤੇ ਆਪਣੇ ਅਧਿਕਾਰਾਂ ਦੀ ਪਛਾਣ ਕਰਨ ਸਬੰਧੀ ਅਹਿਮ ਨੁਕਤੇ ਸਾਂਝੇ ਕੀਤੇ। ਇਸ ਮੌਕੇ ਉਨ੍ਹਾਂ ਨੇ ਵਿਦਿਆਰਥਣਾਂ ਨੂੰ ਆਪਣਾ ਮੋਬਾਇਲ ਫੋਨ ਤੇ ਸ਼ੋਸਲ ਮੀਡੀਆਂ ਦਾ ਇਸਤੇਮਾਲ ਸੂਝਬੂਝ ਨਾਲ ਕਰਨ ਲਈ ਪ੍ਰੇਰਿਤ ਕੀਤਾ। ਅੰਤ ਵਿੱਚ ਸਕੂਲ ਦੀ ਪ੍ਰਿੰਸੀਪਲ ਮੀਨੂ ਗੁਪਤਾ ਵੱਲੋਂ ਮੁੱਖ ਮਹਿਮਾਨ ਸੁਪ੍ਰੀਤ ਕੌਰ ਤੇ ਐਡਵੋਕੇਟ ਵਰੁਣ ਕੁਮਾਰ ਵਧਾਵਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ।