ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਜ਼ਿਲ੍ਹਾ ਅਤੇ ਸੈਸ਼ਨ ਜੱਜ ਹਰਪਾਲ ਸਿੰਘ ਨੂੰ ਸੇਵਾਮੁਕਤੀ ਮੌਕੇ ਨਿੱਘੀ ਵਿਦਾਇਗੀ
Publish Date: Mon, 03 Aug 2026 08:19 PM (IST)
Updated Date: Mon, 03 Aug 2026 08:22 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਵੱਲੋਂ ਜ਼ਿਲ੍ਹਾ ਤੇ ਸੈਸ਼ਨ ਜੱਜ ਹਰਪਾਲ ਸਿੰਘ ਨੂੰ ਨਿਆਇਕ ਸੇਵਾ ਤੋਂ ਸੇਵਾਮੁਕਤ ਹੋਣ ਮੌਕੇ ਨਿੱਘੀ ਵਿਦਾਇਗੀ ਦਿੱਤੀ ਗਈ। ਇਸ ਮੌਕੇ ਨਿਆਇਕ ਅਧਿਕਾਰੀਆਂ, ਬਾਰ ਦੇ ਮੈਂਬਰਾਂ ਤੇ ਹੋਰ ਪਤਵੰਤੇ ਸੱਜਣਾਂ ਨੇ ਸ਼ਿਰਕਤ ਕਰਦਿਆਂ ਉਨ੍ਹਾਂ ਦੀ ਸ਼ਾਨਦਾਰ ਸੇਵਾ ਨੂੰ ਯਾਦ ਕੀਤਾ ਤੇ ਉਨ੍ਹਾਂ ਦੇ ਸੇਵਾਮੁਕਤ ਜੀਵਨ ਲਈ ਚੰਗੀ ਸਿਹਤ, ਖੁਸ਼ਹਾਲੀ ਤੇ ਸੁਖ-ਸ਼ਾਂਤੀ ਦੀ ਕਾਮਨਾ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐੱਸਐੱਸ ਮੱਲੀ ਨੇ ਹਰਪਾਲ ਸਿੰਘ ਨੂੰ ਇੱਕ ਨਿਮਰ, ਮਿਲਣਸਾਰ, ਪਹੁੰਚਯੋਗ ਤੇ ਨਿਰਪੱਖ ਅਧਿਕਾਰੀ ਦੱਸਿਆ, ਜਿਨ੍ਹਾਂ ਨੇ ਹਮੇਸ਼ਾ ਬਾਰ ਨਾਲ ਸੁਹਿਰਦ ਤੇ ਸਨਮਾਨਜਨਕ ਸਬੰਧ ਬਣਾਈ ਰੱਖੇ। ਉਨ੍ਹਾਂ ਯਾਦ ਕਰਵਾਇਆ ਕਿ ਹਰਪਾਲ ਸਿੰਘ ਪਹਿਲਾਂ ਵੀ ਕਪੂਰਥਲਾ ਵਿਖੇ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਵਜੋਂ ਸੇਵਾਵਾਂ ਨਿਭਾ ਚੁੱਕੇ ਹਨ, ਜਿੱਥੇ ਉਨ੍ਹਾਂ ਨੇ ਆਪਣੀ ਪੇਸ਼ੇਵਰ ਯੋਗਤਾ, ਨਿਮਰਤਾ ਤੇ ਨਿਆਂ ਪ੍ਰਤੀ ਵਚਨਬੱਧਤਾ ਸਦਕਾ ਕਾਨੂੰਨੀ ਭਾਈਚਾਰੇ ਦਾ ਵਿਸ਼ਵਾਸ ਤੇ ਸਤਿਕਾਰ ਹਾਸਲ ਕੀਤਾ। ਐਡਵੋਕੇਟ ਮੱਲੀ ਨੇ ਕਿਹਾ ਕਿ ਜ਼ਿਲ੍ਹਾ ਤੇ ਸੈਸ਼ਨ ਜੱਜ ਵਜੋਂ ਆਪਣੇ ਕਾਰਜਕਾਲ ਦੌਰਾਨ ਹਰਪਾਲ ਸਿੰਘ ਨੇ ਨਿਆਂਪਾਲਿਕਾ ਦੀ ਮਰਯਾਦਾ ਨੂੰ ਕਾਇਮ ਰੱਖਿਆ ਤੇ ਬੈਂਚ ਤੇ ਬਾਰ ਵਿਚਕਾਰ ਸਿਹਤਮੰਦ, ਸੁਹਿਰਦ ਤੇ ਸਹਿਯੋਗੀ ਸਬੰਧਾਂ ਨੂੰ ਮਜ਼ਬੂਤ ਕੀਤਾ। ਇਸ ਨਾਲ ਨਿਆਂ ਦੀ ਪ੍ਰਕਿਰਿਆ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਿੱਚ ਮਹੱਤਵਪੂਰਨ ਯੋਗਦਾਨ ਮਿਲਿਆ। ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਐਡਵੋਕੇਟ ਮੱਲੀ ਨੇ ਹਰਪਾਲ ਸਿੰਘ ਦੀਆਂ ਸਮਰਪਿਤ ਸੇਵਾਵਾਂ ਲਈ ਉਨ੍ਹਾਂ ਦਾ ਧੰਨਵਾਦ ਕੀਤਾ। ਵਿਦਾਇਗੀ ਸਮਾਰੋਹ ਦੌਰਾਨ ਹਰਪਾਲ ਸਿੰਘ ਨੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਵੱਲੋਂ ਆਪਣੇ ਕਾਰਜਕਾਲ ਦੌਰਾਨ ਮਿਲੇ ਪਿਆਰ, ਸਤਿਕਾਰ ਤੇ ਸਹਿਯੋਗ ਲਈ ਧੰਨਵਾਦ ਪ੍ਰਗਟ ਕੀਤਾ। ਉਨ੍ਹਾਂ ਕਪੂਰਥਲਾ ਬਾਰ ਦੇ ਵਕੀਲਾਂ ਦੀ ਪੇਸ਼ੇਵਰ ਯੋਗਤਾ, ਅਨੁਸ਼ਾਸਨ ਤੇ ਸਮਰਪਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬੈਂਚ ਤੇ ਬਾਰ ਵਿਚਕਾਰ ਸੁਹਿਰਦ ਤੇ ਸਹਿਯੋਗੀ ਸਬੰਧ ਨਿਆਂ ਦੇ ਪ੍ਰਭਾਵਸ਼ਾਲੀ ਅਤੇ ਸੁਚਾਰੂ ਪ੍ਰਬੰਧ ਲਈ ਬਹੁਤ ਮਹੱਤਵਪੂਰਨ ਹਨ। ਉਨ੍ਹਾਂ ਕਿਹਾ ਕਿ ਕਪੂਰਥਲਾ ਬਾਰ ਨਾਲ ਬਿਤਾਇਆ ਸਮਾਂ ਤੇ ਇੱਥੋਂ ਦੇ ਵਕੀਲਾਂ ਨਾਲ ਬਣੀ ਸਾਂਝ ਨੂੰ ਉਹ ਹਮੇਸ਼ਾ ਯਾਦ ਰੱਖਣਗੇ। ਉਨ੍ਹਾਂ ਬਾਰ ਦੇ ਸਾਰੇ ਮੈਂਬਰਾਂ ਨੂੰ ਭਵਿੱਖ ਲਈ ਸਫਲਤਾ ਤੇ ਖੁਸ਼ਹਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ। ਇਸ ਵਿਦਾਇਗੀ ਸਮਾਰੋਹ ਵਿੱਚ ਗੁਰਮੀਤ ਸਿੰਘ ਟਿਵਾਣਾ, ਰਸ਼ਮੀ ਕਪਿਲਾ, ਐਡੀਸ਼ਨਲ ਜ਼ਿਲ੍ਹਾ ਜੱਜ ਪੀਐੱਸ ਵਾਲੀਆ, ਐਡੀਸ਼ਨਲ ਸਿਵਲ ਜੱਜ ਨਵਜੀਤ ਕੌਰ, ਹਿਰਦੇਜੀਤ ਸਿੰਘ (ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ), ਸੁਰੇਸ਼ ਕੁਮਾਰ ਤੇ ਅਮਰਜੀਤ ਸਿੰਘ (ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ) ਸਮੇਤ ਹੋਰ ਨਿਆਂਇਕ ਅਧਿਕਾਰੀ ਮੌਜੂਦ ਸਨ । ਬਾਰ ਵੱਲੋਂ ਹਾਜ਼ਰ ਵਕੀਲਾਂ ਵਿਚ ਜੇਐੱਸ ਅਰੋੜਾ, ਰਾਜੀਵ ਪੁਰੀ, ਰਾਕੇਸ਼ ਸ਼ਰਮਾ, ਕੇਐੱਸ ਥਿੰਦ, ਕੇਐੱਸ ਬਾਵਾ, ਏਐੱਸ ਬਾਵਾ (ਜਨਰਲ ਸਕੱਤਰ), ਅਨੁਜ ਆਨੰਦ, ਟੇਕ ਸ਼ਰਨ ਸ਼ਰਮਾ, ਡੇਵਿਡ ਜੌਨ, ਸੁਰੇਸ਼ ਕਾਲੀਆ, ਵਰੁਣ ਸ਼ਰਮਾ, ਕਰਨ ਪਾਲ ਸਿੰਘ ਚੱਢਾ, ਪਿਊਸ਼ ਮਨਚੰਦਾ ਤੇ ਵਿਕਾਸ ਉਪਲ ਤੋਂ ਇਲਾਵਾ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ। ਸਮਾਰੋਹ ਦੇ ਅੰਤ ਵਿੱਚ ਜ਼ਿਲ੍ਹਾ ਬਾਰ ਐਸੋਸੀਏਸ਼ਨ ਵੱਲੋਂ ਸ੍ਰੀ ਹਰਪਾਲ ਸਿੰਘ ਨੂੰ ਉਨ੍ਹਾਂ ਦੀ ਸ਼ਾਨਦਾਰ ਤੇ ਸਮਰਪਿਤ ਨਿਆਇਕ ਸੇਵਾ ਦੇ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ (ਮੋਮੈਂਟੋ) ਭੇਟ ਕੀਤਾ ਗਿਆ।