- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੰਤਿਮ ਵੋਟਰ ਸੂਚੀ ਜਾਰੀ, ਵੋਟਰਾਂ ਦੀ ਗਿਣਤੀ ਵਿੱਚ 24,751 ਦਾ ਵਾਧਾ

-ਅੰਤਿਮ ਵੋਟਰ ਸੂਚੀ ’ਚ 4.62 ਫ਼ੀਸਦੀ ਦਾ ਵਾਧਾ ਦਰਜ ਕੀਤਾ
-ਚਾਰ ਵਿਧਾਨ ਸਭਾ ਹਲਕਿਆਂ ਵਿੱਚ ਕੁੱਲ 5,61,055 ਵੋਟਰ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅੱਜ ਐੱਸਆਈਆਰ-2026 ਦੀ ਪ੍ਰਕਿਰਿਆ ਮੁਕੰਮਲ ਹੋਣ ਉਪਰੰਤ ਅੰਤਿਮ ਵੋਟਰ ਸੂਚੀ ਜਾਰੀ ਕਰ ਦਿੱਤੀ ਗਈ ਹੈ। 13 ਅਗਸਤ ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਦੇ ਮੁਕਾਬਲੇ ਅੰਤਿਮ ਸੂਚੀ ਵਿੱਚ ਕੁੱਲ 24,751 ਵੋਟਰਾਂ ਦਾ ਵਾਧਾ ਦਰਜ ਕੀਤਾ ਗਿਆ ਹੈ। ਡਰਾਫਟ ਸੂਚੀ ਵਿੱਚ ਵੋਟਰਾਂ ਦੀ ਗਿਣਤੀ 5,36,304 ਸੀ, ਜੋ ਹੁਣ ਵਧ ਕੇ 5,61,055 ਹੋ ਗਈ ਹੈ। ਇਸ ਤਰ੍ਹਾਂ ਵੋਟਰਾਂ ਦੀ ਗਿਣਤੀ ਵਿੱਚ ਲਗਭਗ 4.62 ਫ਼ੀਸਦੀ ਦਾ ਵਾਧਾ ਹੋਇਆ ਹੈ। ਅੰਤਿਮ ਵੋਟਰ ਸੂਚੀ ਵਿੱਚ 2,89,096 ਪੁਰਸ਼ ਵੋਟਰ, 2,71,937 ਮਹਿਲਾ ਵੋਟਰ ਅਤੇ ਤੀਜੇ ਲਿੰਗ ਦੇ 22 ਵੋਟਰ ਸ਼ਾਮਲ ਹਨ। ਇਸ ਤੋਂ ਇਲਾਵਾ 18 ਤੋਂ 19 ਸਾਲ ਉਮਰ ਵਰਗ ਦੇ 8,212 ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੂੰ ਵੀ ਅੰਤਿਮ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਹੈ, ਜੋ ਲੋਕਤੰਤਰੀ ਪ੍ਰਕਿਰਿਆ ਵਿੱਚ ਨੌਜਵਾਨਾਂ ਦੀ ਭਾਗੀਦਾਰੀ ਨੂੰ ਦਰਸਾਉਂਦਾ ਹੈ। ਵੱਖ-ਵੱਖ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਨੇ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਕਪੂਰਥਲਾ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ 2026 ਦੀ ਪ੍ਰਕਿਰਿਆ ਸਫ਼ਲਤਾਪੂਰਵਕ ਤੇ ਸ਼ਾਂਤੀਪੂਰਵਕ ਨੇਪਰੇ ਚਾੜ੍ਹੀ ਗਈ ਹੈ। ਇਹ ਪ੍ਰਕਿਰਿਆ 25 ਜੂਨ, 2026 ਨੂੰ ਸ਼ੁਰੂ ਹੋਈ ਸੀ ਤੇ ਇਸ ਤਹਿਤ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਹਲਕਿਆਂ ਨੂੰ ਕਵਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਗਣਨਾ ਪੜਾਅ ਸ਼ੁਰੂ ਹੋਣ ਤੋਂ ਪਹਿਲਾਂ, 25 ਜੂਨ, 2026 ਤੱਕ ਜ਼ਿਲ੍ਹੇ ਵਿੱਚ ਕੁੱਲ 6,14,981 ਵੋਟਰ ਸਨ। ਵੋਟਰ ਸੂਚੀਆਂ ਦੀ ਤਸਦੀਕ ਤੇ ਅਪਡੇਟ ਕਰਨ ਦੀ ਸਹੂਲਤ ਲਈ ਸਾਰੇ ਵੋਟਰਾਂ ਦੇ ਗਣਨਾ ਫਾਰਮ ਤਿਆਰ ਕਰਕੇ ਬੂਥ ਲੈਵਲ ਅਫ਼ਸਰਾਂ ਰਾਹੀਂ ਵੰਡੇ ਗਏ। ਕੁੱਲ ਗਣਨਾ ਫਾਰਮਾਂ ਵਿੱਚੋਂ 5,36,304 ਫਾਰਮ ਬੂਥ ਲੈਵਲ ਅਫ਼ਸਰਾਂ ਵੱਲੋਂ ਡਿਜੀਟਾਈਜ਼ ਕੀਤੇ ਗਏ, ਜਦਕਿ 78,677 ਫਾਰਮ ਅਣਪ੍ਰਾਪਤ ਜਾਂ ਇਕੱਠੇ ਨਾ ਕੀਤੇ ਜਾ ਸਕਣ ਵਾਲੇ ਫਾਰਮਾਂ ਦੀ ਸ਼੍ਰੇਣੀ ਵਿੱਚ ਰੱਖੇ ਗਏ। ਇਨ੍ਹਾਂ ਵਿੱਚੋਂ 21,746 ਵੋਟਰ ਮ੍ਰਿਤਕ ਪਾਏ ਗਏ, 14,752 ਦਾ ਪਤਾ ਨਹੀਂ ਲੱਗ ਸਕਿਆ, 39,336 ਵੋਟਰ ਆਪਣੇ ਦਰਜ ਪਤਿਆਂ ਤੋਂ ਹੋਰ ਥਾਵਾਂ ’ਤੇ ਚਲੇ ਗਏ ਸਨ, 2,520 ਮਾਮਲੇ ਡੁਪਲੀਕੇਟ ਵੋਟਾਂ ਨਾਲ ਸਬੰਧਤ ਸਨ, ਜਦਕਿ 323 ਮਾਮਲੇ ਹੋਰ ਸ਼੍ਰੇਣੀ ਵਿੱਚ ਸ਼ਾਮਲ ਕੀਤੇ ਗਏ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 13 ਅਗਸਤ, 2026 ਨੂੰ ਪ੍ਰਕਾਸ਼ਿਤ ਡਰਾਫਟ ਵੋਟਰ ਸੂਚੀ ਵਿੱਚ 2,81,516 ਪੁਰਸ਼ ਵੋਟਰ, 2,54,765 ਮਹਿਲਾ ਵੋਟਰ ਤੇ ਹੋਰ ਸ਼੍ਰੇਣੀ ਦੇ 23 ਵੋਟਰ ਸ਼ਾਮਲ ਸਨ। ਇਸ ਤਰ੍ਹਾਂ ਡਰਾਫਟ ਸੂਚੀ ਵਿੱਚ ਕੁੱਲ ਵੋਟਰਾਂ ਦੀ ਗਿਣਤੀ 5,36,304 ਸੀ। ਨਿਰਧਾਰਤ ਸੁਧਾਈ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਅੰਤਿਮ ਵੋਟਰ ਸੂਚੀ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ ਵਿੱਚ 7,580 ਤੇ ਮਹਿਲਾ ਵੋਟਰਾਂ ਦੀ ਗਿਣਤੀ ਵਿੱਚ 17,172 ਦਾ ਵਾਧਾ ਦਰਜ ਕੀਤਾ ਗਿਆ, ਜਦਕਿ ਤੀਜੇ ਲਿੰਗ ਦੇ ਵੋਟਰਾਂ ਦੀ ਗਿਣਤੀ ਵਿੱਚ ਇੱਕ ਫ਼ੀਸਦ ਦੀ ਕਮੀ ਆਈ। ਇਸ ਤਰ੍ਹਾਂ ਕੁੱਲ ਵੋਟਰਾਂ ਦੀ ਗਿਣਤੀ 24,751 ਦੇ ਸ਼ੁੱਧ ਵਾਧੇ ਨਾਲ 5,61,055 ਹੋ ਗਈ। ਡਿਪਟੀ ਕਮਿਸ਼ਨਰ ਨੇ ਯੋਗ ਨਾਗਰਿਕਾਂ ਦੇ ਲੋਕਤੰਤਰੀ ਅਧਿਕਾਰਾਂ ਦੀ ਰਾਖੀ ਲਈ ਸਹੀ ਤੇ ਅਪਡੇਟ ਵੋਟਰ ਸੂਚੀਆਂ ਦੀ ਮਹੱਤਤਾ ’ਤੇ ਜ਼ੋਰ ਦਿੱਤਾ। ਉਨ੍ਹਾਂ ਅਜਿਹੇ ਸਾਰੇ ਯੋਗ ਨਾਗਰਿਕਾਂ ਨੂੰ ਵੋਟਰ ਸੂਚੀ ਵਿੱਚ ਆਪਣਾ ਨਾਮ ਦਰਜ ਕਰਵਾਉਣ ਦੀ ਅਪੀਲ ਕੀਤੀ, ਜਿਨ੍ਹਾਂ ਨੇ ਅਜੇ ਤੱਕ ਰਜਿਸਟ੍ਰੇਸ਼ਨ ਨਹੀਂ ਕਰਵਾਈ ਹੈ। ਉਨ੍ਹਾਂ ਦੱਸਿਆ ਕਿ ਨਵੇਂ ਤੇ ਯੋਗ ਵੋਟਰ ਆਪਣਾ ਨਾਮ ਵੋਟਰ ਸੂਚੀ ਵਿੱਚ ਸ਼ਾਮਲ ਕਰਵਾਉਣ ਲਈ ਫਾਰਮ-6 ਭਰ ਕੇ ਭਾਰਤੀ ਚੋਣ ਕਮਿਸ਼ਨ ਦੇ ਅਧਿਕਾਰਤ ਵੋਟਰ ਸੇਵਾਵਾਂ ਪੋਰਟਲ https://voters.eci.gov.in/ ਰਾਹੀਂ ਜਾਂ ਨਿਰਧਾਰਤ ਆਫ਼ਲਾਈਨ ਪ੍ਰਕਿਰਿਆ ਰਾਹੀਂ ਅਰਜ਼ੀ ਦੇ ਸਕਦੇ ਹਨ। ਚੋਣਾਂ ਨਾਲ ਸਬੰਧਤ ਜਾਣਕਾਰੀ, ਸਹਾਇਤਾ ਜਾਂ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਨਾਗਰਿਕ ਟੋਲ-ਫ੍ਰੀ ਵੋਟਰ ਹੈਲਪਲਾਈਨ ਨੰਬਰ 1950 ’ਤੇ ਸੰਪਰਕ ਕਰ ਸਕਦੇ ਹਨ। ਡਿਪਟੀ ਕਮਿਸ਼ਨਰ ਨੇ ਐੱਸਆਈਆਰ ਦੀ ਪ੍ਰਕਿਰਿਆ ਨੂੰ ਸਫ਼ਲਤਾਪੂਰਵਕ ਮੁਕੰਮਲ ਕਰਨ ਵਿੱਚ ਸਹਿਯੋਗ ਦੇਣ ਲਈ ਸਾਰੀਆਂ ਸਿਆਸੀ ਪਾਰਟੀਆਂ, ਬੂਥ ਲੈਵਲ ਅਫ਼ਸਰਾਂ, ਬੂਥ ਲੈਵਲ ਏਜੰਟਾਂ ਤੇ ਚੋਣ ਅਮਲੇ ਦਾ ਧੰਨਵਾਦ ਵੀ ਕੀਤਾ। ਇਸ ਮੌਕੇ ਆਮ ਆਦਮੀ ਪਾਰਟੀ ਤੋਂ ਪਰਵਿੰਦਰ ਸਿੰਘ ਢੋਟ, ਸ਼੍ਰੋਮਣੀ ਅਕਾਲੀ ਦਲ ਤੋਂ ਤਨਵੀਰ ਸਿੰਘ ਰੰਧਾਵਾ, ਕਾਂਗਰਸ ਤੋਂ ਪਰਮਿੰਦਰ ਸਿੰਘ, ਐਡਵੋਕੇਟ ਪਿਊਸ਼ ਮਨਚੰਦਾ, ਐਡਵੋਕੇਟ ਦਲਜੀਤ ਸਿੰਘ, ਭਾਜਪਾ ਤੋਂ ਨਿਰਮਲ ਸਿੰਘ, ਜਸਵੰਤ ਸਿੰਘ, ਰਾਕੇਸ਼ ਕੁਮਾਰ ਦਾਤਾਰਪੁਰੀ, ਬਹੁਜਨ ਸਮਾਜ ਪਾਰਟੀ ਤੋਂ ਰਾਮ ਲਾਲ ਤੇ ਸੀਪੀਆਈ ਤੋਂ ਬਲਦੇਵ ਸਿੰਘ ਤੇ ਅਮਰੀਕ ਸਿੰਘ ਸ਼ਾਮਲ ਸਨ।