- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਜ਼ਿਸ੍ਹਾ ਪ੍ਰਸ਼ਾਸਨ ਨੇ ਡੇਂਗੂ ਵਿਰੋਧੀ ਮੁਹਿੰਮ ਕੀਤੀ ਤੇਜ਼

-ਡਿਪਟੀ ਕਮਿਸ਼ਨਰ ਨੇ ਜੰਗੀ ਪੱਧਰ ’ਤੇ ਨਿਗਰਾਨੀ ਤੇ ਘਰ-ਘਰ ਜਾਂਚ ਦੇ ਦਿੱਤੇ ਨਿਰਦੇਸ਼
-ਜ਼ਿਲ੍ਹੇ ’ਚ ਡੇਂਗੂ ਦੇ 16 ਮਾਮਲੇ ਸਾਹਮਣੇ ਆਉਣ ਤੋਂ ਬਾਅਦ ਡੇਂਗੂ ਵਿਰੋਧੀ ਮੁਹਿੰਮ ਕੀਤੀ ਤੇਜ਼
ਮੱਲ੍ਹੀ\ਸ਼ਰਮਾ, ਪੰਜਾਬੀ ਜਾਗਰਣ
ਕਪੂਰਥਲਾ : ਜ਼ਿਲ੍ਹੇ ਵਿੱਚ ਡੇਂਗੂ ਦੇ 16 ਮਾਮਲੇ ਸਾਹਮਣੇ ਆਉਣ ‘ਤੇ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਡੇਂਗੂ ਵਿਰੋਧੀ ਮੁਹਿੰਮ ਤੇਜ਼ ਕਰਨ, ਘਰ-ਘਰ ਲਾਰਵੇ ਦੀ ਜਾਂਚ ਤੇ ਨਿਗਰਾਨੀ ਜੰਗੀ ਪੱਧਰ 'ਤੇ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਕਿਹਾ ਕਿ ਇਸ ਵਿਆਪਕ ਯੋਜਨਾਬੰਧੀ ਦੇ ਤਹਿਤ ਡੇਂਗੂ ਲਾਰਵੇ ਦੇ ਪਛਾਣੇ ਗਏ ਹੌਟਸਪੌਟ ਖੇਤਰਾਂ ਵਿੱਚ ਘਰ-ਘਰ ਜਾ ਕੇ ਜਾਂਚ ਕਰਨ, ਬੁਖਾਰ ਦੀ ਨਿਗਰਾਨੀ ਤੇ ਜਨਤਕ ਜਾਗਰੂਕਤਾ ਗਤੀਵਿਧੀਆਂ ਲਈ ਕਈ ਐਂਟੀ-ਲਾਰਵਾ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ ਤੇ ਫੋਗਿੰਗ ਮੁਹਿੰਮ ਨੂੰ ਵੀ ਤੇਜ਼ ਕਰ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਇਸ ਮੁਹਿੰਮ ਦਾ ਮੁੱਖ ਮਕਸਦ ਆਪਸੀ ਤਾਲਮੇਲ ਨਾਲ ਨਿਗਰਾਨੀ, ਮੱਛਰਾਂ ਦੇ ਪੈਦਾ ਹੋਣ ਵਾਲੇ ਥਾਂ ਦੀ ਪਛਾਣ ਕਰਨ, ਉਸ ਨੂੰ ਨਸ਼ਟ ਕਰਨਾ ਤੇ ਲੋਕਾਂ ਦੀ ਭਾਗੀਦਾਰੀ ਰਾਹੀਂ ਇਸ ਵੈਕਟਰ-ਬੋਰਨ ਬਿਮਾਰੀ ਦੇ ਫੈਲਾਅ ਨੂੰ ਰੋਕਣਾ ਹੈ। ਇਸ ਤੋਂ ਇਲਾਵਾ, ਕਪੂਰਥਲਾ ਅਤੇ ਫਗਵਾੜਾ ਦੀਆਂ ਨਗਰ ਨਿਗਮਾਂ ਨੂੰ ਵੀ ਸਾਰੇ ਇਲਾਕਿਆਂ ਵਿੱਚ ਫੋਗਿੰਗ ਦਾ ਕੰਮ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਡਿਪਟੀ ਕਮਿਸ਼ਨਰ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਇਹ ਯਕੀਨੀ ਬਣਾਉਣ ਕਿ ਪਾਣੀ ਸਟੋਰ ਕਰਨ ਵਾਲੇ ਸਾਰੇ ਬਰਤਨ ਢੱਕ ਕੇ ਰੱਖੇ ਜਾਣ ਤੇ ਉਨ੍ਹਾਂ ਦੀ ਨਿਯਮਤ ਸਫਾਈ ਕੀਤੀ ਜਾਵੇ। ਉਨ੍ਹਾਂ ਲੋਕਾਂ ਨੂੰ ਪੁਰਾਣੇ ਟਾਇਰ, ਟੁੱਟੇ ਗਮਲੇ, ਬੇਕਾਰ ਬਰਤਨ, ਫਾਲਤੂ ਡੱਬੇ/ਕੰਟੇਨਰ ਅਤੇ ਹੋਰ ਅਜਿਹੀਆਂ ਵਸਤੂਆਂ ਹਟਾਉਣ ਦੀ ਸਲਾਹ ਦਿੱਤੀ ਜਿਨ੍ਹਾਂ ਵਿੱਚ ਮੀਂਹ ਦਾ ਪਾਣੀ ਇਕੱਠਾ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਮੱਛਰਾਂ ਦੇ ਪ੍ਰਜਨਨ ਨੂੰ ਰੋਕਣ ਲਈ ਕੂਲਰਾਂ, ਗਮਲਿਆਂ ਅਤੇ ਪਾਣੀ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਸਾਫ਼ ਕਰਕੇ ਸੁਕਾਇਆ ਜਾਵੇ। ਡਿਪਟੀ ਕਮਿਸ਼ਨਰ ਨੇ ਕਿਹਾ, "ਡੇਂਗੂ ਤੋਂ ਬਚਾਅ ਸਿਰਫ਼ ਸਰਕਾਰੀ ਵਿਭਾਗਾਂ ਦੀ ਹੀ ਜ਼ਿੰਮੇਵਾਰੀ ਨਹੀਂ ਹੈ, ਸਗੋ ਇਹ ਇੱਕ ਸਾਂਝੀ ਸਮਾਜਿਕ ਜ਼ਿੰਮੇਵਾਰੀ ਹੈ।
ਢਿਲਵਾਂ ਬਲਾਕ ’ਚ ਸਭ ਤੋਂ ਵੱਧ ਮਾਮਲੇ : ਡਾ. ਪਰਾਸ਼ਰ
ਸਿਵਲ ਸਰਜਨ ਡਾ. ਰਾਜੀਵ ਪਰਾਸ਼ਰ ਨੇ ਦੱਸਿਆ ਕਿ ਢਿਲਵਾਂ ਬਲਾਕ ਸਭ ਤੋਂ ਵੱਧ ਪ੍ਰਭਾਵਿਤ ਖੇਤਰ ਵਜੋਂ ਸਾਹਮਣੇ ਆਇਆ ਹੈ, ਜਿੱਥੇ ਹੁਣ ਤੱਕ ਡੇਂਗੂ ਦੇ ਛੇ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਕਾਲਾ ਸੰਘਿਆ ਤੇ ਅਰਬਨ ਕਪੂਰਥਲਾ ਬਲਾਕਾਂ ਵਿੱਚ ਚਾਰ-ਚਾਰ ਮਾਮਲੇ ਦਰਜ ਕੀਤੇ ਗਏ ਹਨ, ਜਦੋਂ ਕਿ ਅਰਬਨ ਫਗਵਾੜਾ ਤੇ ਪੰਚਹੱਟ ਬਲਾਕਾਂ ਵਿੱਚ ਇੱਕ-ਇੱਕ ਮਾਮਲਾ ਸਾਹਮਣੇ ਆਇਆ ਹੈ। ਉਨ੍ਹਾਂ ਦੱਸਿਆ ਕਿ ਮੌਜੂਦਾ ਸਥਿਤੀ ਦੇ ਨਾਲ-ਨਾਲ ਪਿਛਲੇ ਸਾਲਾਂ ਦੌਰਾਨ ਡੇਂਗੂ ਦੇ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੇ ਇਤਿਹਾਸ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਸਾਰੇ ਇਲਾਕੇ ਨਜ਼ਦੀਕੀ ਨਿਗਰਾਨੀ ਹੇਠ ਹਨ।