ਸਕਿਓਰਿਟੀ ਸਕਿੱਲ ਕੋਰਸ ਪੂਰਾ ਕਰਨ ਵਾਲਿਆਂ ਨੂੰ ਸਰਟੀਫਿਕੇਟ ਵੰਡੇ
ਸਕਿਓਰਿਟੀ ਸਕਿੱਲ ਕੋਰਸ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟਾਂ ਦੀ ਵੰਡ
Publish Date: Tue, 24 Mar 2026 07:06 PM (IST)
Updated Date: Tue, 24 Mar 2026 07:07 PM (IST)

ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੀ-ਪਾਈਟ ਕੈਂਪ ਥੇਹ ਕਾਂਜਲਾ ਵਿਖੇ ਦੋ ਮਹੀਨੇ ਦਾ ਸਕਿਓਰਿਟੀ ਸਕਿੱਲ ਟ੍ਰੇਨਿੰਗ ਕੋਰਸ ਪੂਰਾ ਕਰਨ ਵਾਲੇ 60 ਉਮੀਦਵਾਰਾਂ ਨੂੰ ਜ਼ਿਲ੍ਹਾ ਰੋਜ਼ਗਾਰ ਬਿਊਰੋ ਅਫ਼ਸਰ ਰਾਜਨ ਸ਼ਰਮਾ ਤੇ ਕੈਂਪ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਵੱਲੋਂ ਸਰਟੀਫਿਕੇਟ ਵੰਡੇ ਗਏ। ਅੱਜ ਇਥੇ ਸੀ-ਪਾਈਟ ਕੈਂਪ ਵਿਖੇ ਕਰਵਾਏ ਗਏ ਵਿਸ਼ੇਸ਼ ਪ੍ਰੋਗਰਾਮ ਦੌਰਾਨ ਨੌਜਵਾਨਾਂ ਨੂੰ ਮੁਬਾਰਕਬਾਦ ਦਿੰਦਿਆਂ ਜ਼ਿਲ੍ਹਾ ਰੋਜ਼ਗਾਰ ਅਫ਼ਸਰ ਰਾਜਨ ਸ਼ਰਮਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਕਿੱਤਾਮੁਖੀ ਕੋਰਸ ਕਰਵਾਉਣ ਦੇ ਨਾਲ-ਨਾਲ ਰੋਜ਼ਗਾਰ ਬਿਊਰੋ ਵੱਲੋਂ ਉਮੀਦਵਾਰਾਂ ਨੂੰ ਸਰਕਾਰੀ, ਅਰਧ-ਸਰਕਾਰੀ ਤੇ ਪ੍ਰਾਈਵੇਟ ਕੰਪਨੀਆਂ ਵਿਚ ਨੌਕਰੀ ਪ੍ਰਾਪਤ ਕਰਨ ਲਈ ਵੀ ਮੁਫ਼ਤ ਟ੍ਰੇਨਿੰਗ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਕਿਹਾ ਕਿ ਮੁਕਾਬਲਾਤੀ ਪ੍ਰੀਖਿਆਵਾਂ ਦੀ ਤਿਆਰੀ ਕਰਨ ਦੇ ਇੱਛੁਕ ਨੌਜਵਾਨ ਕਿਸੇ ਵੀ ਤਰ੍ਹਾਂ ਦੀ ਮਦਦ ਲਈ ਰੋਜ਼ਗਾਰ ਬਿਊਰੋ ਦੇ ਦਫ਼ਤਰ ਵਿਚ ਸੰਪਰਕ ਕਰ ਸਕਦੇ ਹਨ। ਇਸ ਮੌਕੇ ਸਵਿਫਟ ਸਕਿਓਰਟੀ, ਜੀ-4 ਐੱਸ ਸਕਿਓਰਟੀ, ਫਤਿਹ ਸਕਿਓਰਟੀ ਤੇ ਟੀਡੀਐੱਸ ਪਲੇਸਮੈਂਟ ਵੱਲੋਂ ਮੌਕੇ ਤੇ 80 ਉਮੀਦਵਾਰਾਂ ਦੀ ਇੰਟਰਵਿਊ ਕਰਕੇ 35 ਉਮੀਦਵਾਰਾਂ ਨੂੰ ਸ਼ਾਰਟਲਿਸਟ ਕੀਤਾ ਗਿਆ। ਸੀ-ਪਾਈਟ ਕੈਂਪ ਦੇ ਅਧਿਕਾਰੀ ਕੈਪਟਨ ਅਜੀਤ ਸਿੰਘ ਨੇ ਕੋਰਸ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਦਸਿਆ ਕਿ ਪੰਜਾਬ ਸਰਕਾਰ ਵੱਲੋਂ ਸੀ-ਪਾਈਟ ਕੈਂਪ ਵਿਖੇ ਪੰਜਾਬ ਪੁਲਿਸ, ਆਰਮੀ, ਅਗਨੀਵੀਰ ਤੇ ਹੋਰਨਾਂ ਹਥਿਆਰਬੰਦ ਸੈਨਾਵਾਂ ਵਿਚ ਭਰਤੀ ਲਈ ਸਿਖਲਾਈ ਲੈ ਰਹੇ ਨੌਜਵਾਨਾਂ ਨੂੰ ਮੁਫ਼ਤ ਰਹਿਣ-ਸਹਿਣ ਤੇ ਖਾਣ-ਪੀਣ ਦੀ ਸਹੂਲਤ ਮੁਹੱਈਆ ਕਰਵਾਈ ਜਾਂਦੀ ਹੈ।