ਸਬਸਿਡੀ ਵਾਲੇ ਸਰਟੀਫਾਈਡ ਬੀਜ ਦੇ 1,000 ਥੈਲੇ ਵੰਡੇ ਬਲਾਕ ਕਪੂਰਥਲਾ ਵਿੱਚ ਸਬਸਿਡੀ ਵਾਲੇ ਕਣਕ ਦੇ ਬੀਜ ਦੇ 1000 ਥੈਲਿਆਂ ਦੀ ਵੰਡ ਮੁਕੰਮਲ
Publish Date: Mon, 02 Nov 2026 07:05 PM (IST)
Updated Date: Mon, 02 Nov 2026 07:08 PM (IST)
ਜ਼ਿਲ੍ਹਾ ਕਪੂਰਥਲਾ ’ਚ ਹੁਣ ਤੱਕ 1,500 ਕਿਸਾਨਾਂ ਨੂੰ 3,000 ਥੈਲੇ ਕੀਤੇ ਜਾ ਚੁੱਕੇ ਹਨ ਮੁਹੱਈਆ ਸੁਖਪਾਲ ਸਿੰਘ ਹੁੰਦਲ, ਪੰਜਾਬੀ ਜਾਗਰਣ ਕਪੂਰਥਲਾ : ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਕਿਸਾਨਾਂ ਨੂੰ ਹਾੜ੍ਹੀ ਰੁੱਤ ਦੌਰਾਨ ਕਣਕ ਦੀ ਬਿਜਾਈ ਲਈ ਸਬਸਿਡੀ ਤੇ ਸਰਟੀਫਾਈਡ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਹੁਣ ਤੱਕ ਲਗਭਗ 1,500 ਕਿਸਾਨਾਂ ਨੂੰ ਕਣਕ ਦੇ ਬੀਜ ਦੇ ਕੁੱਲ 3,000 ਥੈਲੇ ਮੁਹੱਈਆ ਕਰਵਾਏ ਜਾ ਚੁੱਕੇ ਹਨ। 2 ਨਵੰਬਰ ਤੱਕ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੇ ਸਰਟੀਫਾਈਡ ਬੀਜ ਦੀਆਂ ਕਿਸਮਾਂ ਪੀਬੀਡਬਲਯੂ-826, 872 ਤੇ ਡੀਬੀਡਬਲਯੂ-327 ਵੰਡੀਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਕਿਸਾਨਾਂ ਨੂੰ 2,000 ਰੁਪਏ ਪ੍ਰਤੀ ਕੁਇੰਟਲ ਸਬਸਿਡੀ ਦੇਣ ਉਪਰੰਤ ਸਿਰਫ਼ 2250 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਕਿਸਾਨਾਂ ਦੀ ਸਹੂਲਤ ਲਈ ਬੀਜ ਦੀਆਂ ਵੱਖ-ਵੱਖ ਕਿਸਮਾਂ ਦੀ ਉਪਲਬਧਤਾ ਸਬੰਧੀ ਜਾਣਕਾਰੀ ਸਮੇਂ-ਸਮੇਂ ਤੇ ਸਾਂਝੀ ਕੀਤੀ ਜਾ ਰਹੀ ਹੈ। ਸਬਸਿਡੀ ਦਾ ਲਾਭ ਲੈਣ ਲਈ ਕਿਸਾਨ ਖੇਤੀਬਾੜੀ ਵਿਭਾਗ ਦੇ ਪੋਰਟਲ Agrimachinerypb.com ਤੇ ਖੁਦ ਆਨਲਾਈਨ ਫਾਰਮ ਭਰ ਸਕਦੇ ਹਨ। ਫਾਰਮ ਦਾ ਪ੍ਰਿੰਟ ਲੈਣ ਉਪਰੰਤ ਇਸ ਨੂੰ ਸਬੰਧਤ ਨੰਬਰਦਾਰ ਜਾਂ ਮੌਜੂਦਾ ਸਰਪੰਚ ਤੋਂ ਤਸਦੀਕ ਕਰਵਾਉਣਾ ਲਾਜ਼ਮੀ ਹੈ। ਇੱਕ ਫਾਰਮ ਰਾਹੀਂ ਵੱਧ ਤੋਂ ਵੱਧ ਦੋ ਥੈਲੇ ਬੀਜ ਪ੍ਰਾਪਤ ਕੀਤੇ ਜਾ ਸਕਦੇ ਹਨ। ਇਸ ਸਬੰਧੀ ਬਲਾਕ ਖੇਤੀਬਾੜੀ ਅਫ਼ਸਰ ਕਪੂਰਥਲਾ ਗੁਰਵਿੰਦਰ ਸਿੰਘ ਸੰਧੂ ਨੇ ਦੱਸਿਆ ਕਿ ਬਲਾਕ ਕਪੂਰਥਲਾ ਵਿੱਚ ਹੁਣ ਤੱਕ ਤਕਰੀਬਨ 5,00 ਕਿਸਾਨਾਂ ਨੂੰ ਕਣਕ ਦੇ ਬੀਜ ਦੇ ਕੁੱਲ 1,000 ਥੈਲੇ ਸਬਸਿਡੀ ਤੇ ਵੰਡੇ ਜਾ ਚੁੱਕੇ ਹਨ। ਹਰੇਕ ਥੈਲੇ ਵਿੱਚ 40 ਕਿਲੋਗ੍ਰਾਮ ਬੀਜ ਮੁਹੱਈਆ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਇਸ ਹਫ਼ਤੇ ਛੁੱਟੀ ਵਾਲੇ ਦਿਨ ਵੀ ਬੀਜ ਦੀ ਵੰਡ ਜਾਰੀ ਰੱਖੀ ਗਈ ਤੇ ਕਿਸਾਨਾਂ ਨੂੰ ਸਬਸਿਡੀ ਵਾਲਾ ਬੀਜ ਮੁਹੱਈਆ ਕਰਵਾਇਆ ਗਿਆ। ਵਿਭਾਗ ਵੱਲੋਂ ਆਉਣ ਵਾਲੇ ਦਿਨਾਂ ਵਿੱਚ ਵੀ ਬੀਜ ਦੀ ਉਪਲਬਧਤਾ ਸਬੰਧੀ ਜਾਣਕਾਰੀ ਵੱਖ-ਵੱਖ ਮਾਧਿਅਮਾਂ ਰਾਹੀਂ ਕਿਸਾਨਾਂ ਨਾਲ ਸਾਂਝੀ ਕੀਤੀ ਜਾਂਦੀ ਰਹੇਗੀ ਤੇ ਉਪਲਬਧ ਸਟਾਕ ਦੇ ਆਧਾਰ ਤੇ ਬੀਜ ਦੀ ਵੰਡ ਨਿਰੰਤਰ ਜਾਰੀ ਰਹੇਗੀ। ਅੰਤ ਵਿੱਚ ਮੁੱਖ ਖੇਤੀਬਾੜੀ ਅਫ਼ਸਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਪੰਜਾਬ ਸਰਕਾਰ ਦੀ ਇਸ ਕਿਸਾਨ-ਹਿਤੈਸ਼ੀ ਯੋਜਨਾ ਦਾ ਵੱਧ ਤੋਂ ਵੱਧ ਲਾਭ ਉਠਾਉਣ ਤੇ ਸਬਸਿਡੀ ਵਾਲਾ ਸਰਟੀਫਾਈਡ ਕਣਕ ਦਾ ਬੀਜ ਪ੍ਰਾਪਤ ਕਰਨ। ਉਨ੍ਹਾਂ ਕਿਹਾ ਕਿ ਖੇਤੀਬਾੜੀ ਵਿਭਾਗ ਕਿਸਾਨਾਂ ਨੂੰ ਮਿਆਰੀ ਬੀਜ ਮੁਹੱਈਆ ਕਰਵਾਉਣ ਤੇ ਖੇਤੀਬਾੜੀ ਉਤਪਾਦਨ ਵਿੱਚ ਵਾਧਾ ਕਰਨ ਲਈ ਵਚਨਬੱਧ ਹੈ।