ਬਿਜਲੀ ਦਫ਼ਤਰ ਵਿਖੇ ਹੋਇਆ ਪੰਜਾਬੀ ਬੋਲੀ ਦਾ ਨਿਰਾਦਰ ਹੁਸ਼ਿਆਰਪੁਰ ਰੋਡ ਬਿਜਲੀ ਦਫ਼ਤਰ ਵਿਖੇ ਹੋਇਆ ਪੰਜਾਬੀ ਮਾਂ ਬੋਲੀ ਦਾ ਨਿਰਾਦਰ
Publish Date: Sun, 25 Oct 2026 06:53 PM (IST)
Updated Date: Sun, 25 Oct 2026 06:55 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਪੰਜਾਬੀ ਮਾਂ ਬੋਲੀ ਦੇ ਸਤਿਕਾਰ ਤੇ ਸਰਕਾਰੀ ਦਫ਼ਤਰਾਂ ਵਿੱਚ ਇਸ ਦੀ ਸਹੀ ਵਰਤੋਂ ਦੇ ਦਾਅਵਿਆਂ ਵਿਚਕਾਰ ਹੁਸ਼ਿਆਰਪੁਰ ਰੋਡ ਸਥਿਤ ਬਿਜਲੀ ਦਫ਼ਤਰ ਦੀਆਂ ਟਾਇਲਾਂ ’ਤੇ ਲੱਗੇ ਪੰਜਾਬੀ ਪੋਸਟਰ ਦਾ ਮਾਮਲਾ ਸਾਹਮਣੇ ਆਇਆ ਹੈ। ਆਰਟੀਆਈ ਐਕਟੀਵਿਸਟ ਗੁਰਮੀਤ ਸਿੰਘ ਸਾਥੀ ਨੇ ਦਾਅਵਾ ਕੀਤਾ ਹੈ ਕਿ ਕਰੋਨਾ ਮਹਾਂਮਾਰੀ ਦੇ ਸਮੇਂ ਤੋਂ ਧਰਤੀ ’ਤੇ ਲੱਗਿਆ ਇਹ ਪੋਸਟਰ ਉਨ੍ਹਾਂ ਵੱਲੋਂ ਸ਼ਿਕਾਇਤ ਕਰਨ ’ਤੇ ਹਟਾਇਆ ਗਿਆ, ਜੋ ਪੰਜਾਬੀ ਮਾਂ ਬੋਲੀ ਦੇ ਸਤਿਕਾਰ ਪ੍ਰਤੀ ਸਬੰਧਤ ਅਧਿਕਾਰੀਆਂ ਦੀ ਅਣਗਹਿਲੀ ਨੂੰ ਦਰਸਾਉਂਦਾ ਹੈ। ਗੁਰਮੀਤ ਸਿੰਘ ਸਾਥੀ ਨੇ ਦੱਸਿਆ ਕਿ ਬੀਤੇ ਦਿਨੀਂ ਉਹ ਕਿਸੇ ਜ਼ਰੂਰੀ ਕੰਮ ਲਈ ਹੁਸ਼ਿਆਰਪੁਰ ਰੋਡ ਸਥਿਤ ਬਿਜਲੀ ਦਫ਼ਤਰ ਗਏ ਸਨ। ਇਸ ਦੌਰਾਨ ਉਨ੍ਹਾਂ ਦੀ ਨਜ਼ਰ ਧਰਤੀ ’ਤੇ ਲੱਗੇ ਪੰਜਾਬੀ ਵਿੱਚ ਲਿਖੇ ਪੋਸਟਰ ’ਤੇ ਪਈ। ਉਨ੍ਹਾਂ ਕਿਹਾ ਕਿ ਕਰੋਨਾ ਮਹਾਂਮਾਰੀ ਦੇ ਸਮੇਂ ਲਗਾਇਆ ਗਿਆ ਇਹ ਪੋਸਟਰ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਉੱਥੇ ਮੌਜੂਦ ਸੀ ਤੇ ਲੋਕਾਂ ਦੇ ਪੈਰਾਂ ਹੇਠਾਂ ਆ ਰਿਹਾ ਸੀ। ਉਨ੍ਹਾਂ ਸਵਾਲ ਉਠਾਇਆ ਕਿ ਜਦੋਂ ਕਰੋਨਾ ਮਹਾਂਮਾਰੀ ਦਾ ਦੌਰ ਖ਼ਤਮ ਹੋ ਗਿਆ ਸੀ ਤਾਂ ਇਸ ਪੋਸਟਰ ਨੂੰ ਸਮੇਂ ਸਿਰ ਕਿਉਂ ਨਹੀਂ ਹਟਾਇਆ ਗਿਆ? ਕੀ ਸਬੰਧਤ ਅਧਿਕਾਰੀਆਂ ਨੇ ਇਸ ਪਾਸੇ ਕਦੇ ਧਿਆਨ ਦੇਣ ਦੀ ਲੋੜ ਹੀ ਨਹੀਂ ਸਮਝੀ? ਉਨ੍ਹਾਂ ਕਿਹਾ ਕਿ ਪੰਜਾਬੀ ਸਿਰਫ਼ ਇੱਕ ਭਾਸ਼ਾ ਨਹੀਂ, ਸਗੋਂ ਪੰਜਾਬੀਆਂ ਦੀ ਪਛਾਣ, ਸੱਭਿਆਚਾਰ ਤੇ ਵਿਰਸੇ ਦਾ ਅਹਿਮ ਹਿੱਸਾ ਹੈ। ਇਸ ਲਈ ਪੰਜਾਬੀ ਵਿੱਚ ਲਿਖੇ ਸ਼ਬਦਾਂ ਨੂੰ ਧਰਤੀ ’ਤੇ ਇਸ ਤਰ੍ਹਾਂ ਛੱਡ ਦੇਣਾ ਬੇਹੱਦ ਅਫ਼ਸੋਸਨਾਕ ਹੈ ਜਦੋ ਉਨ੍ਹਾਂ ਨੇ ਸ਼ਿਕਾਇਤ ਕੀਤੀ ਤਾ ਹੀ ਸੰਬਧਤ ਅਧਿਕਾਰੀਆਂ ਵੱਲੋਂ ਇਸ ਪੋਸਟਰ ਨੂੰ ਹਟਾਇਆ ਗਿਆ। ਆਰਟੀਆਈ ਐਕਟੀਵਿਸਟ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਮਾਮਲੇ ਦੀ ਜਾਂਚ ਕਰਵਾਉਣ ਅਤੇ ਪੋਸਟਰ ਸਬੰਧੀ ਜਾਣਕਾਰੀ ਹਾਸਲ ਕਰਨ ਲਈ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕੀਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾਵੇ, ਜ਼ਿੰਮੇਵਾਰੀ ਤੈਅ ਕੀਤੀ ਜਾਵੇ ਅਤੇ ਅਤੇ ਬਣਦੀ ਕਾਰਵਾੲ ਿਕੀਤੀ ਜਾਵੇ। ਗੁਰਮੀਤ ਸਿੰਘ ਸਾਥੀ ਨੇ ਸਪੱਸ਼ਟ ਕਿਹਾ ਕਿ ਪੰਜਾਬ ਵਿੱਚ ਰਹਿੰਦਿਆਂ ਆਪਣੀ ਮਾਂ ਬੋਲੀ ਦਾ ਸਤਿਕਾਰ ਕਰਨਾ ਹਰੇਕ ਦੀ ਜ਼ਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਮਾਂ ਬੋਲੀ ਦੇ ਅਪਮਾਨ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।