ਆਰਸੀਐੱਫ ਵਰਕਰ ਕਲੱਬ ’ਚ ਅਸਲ ਸੱਚਾਈ 'ਤੇ ਹੋਈ ਵਿਚਾਰ ਚਰਚਾ ਆਰ.ਸੀ.ਐੱਫ. ਵਰਕਰ ਕਲੱਬ ਵਿਖੇ ਮਜ਼ਦੂਰ ਅੰਦੋਲਨ, ਸਰਕਾਰ, ਮੀਡੀਆ ਦਾ ਬਿਰਤਾਂਤ (ਨੈਰੇਟਿਵ) ਅਤੇ ਅਸਲ ਸੱਚਾਈ ਵਿਸ਼ੇ 'ਤੇ ਵਿਚਾਰ ਚਰਚਾ
Publish Date: Thu, 23 Jul 2026 09:05 PM (IST)
Updated Date: Thu, 23 Jul 2026 09:07 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਬੀਤੇ ਕੱਲ੍ਹ 22 ਜੁਲਾਈ 2026 ਦੀ ਸ਼ਾਮ 7:00 ਵਜੇ ਆਰਸੀਐੱਫ ਵਰਕਰ ਕਲੱਬ ਕਪੂਰਥਲਾ ਵਿਖੇ ਆਰਸੀਐੱਫ ਇੰਪਲਾਈਜ਼ ਯੂਨੀਅਨ, ਆਈਆਰਈਐੱਫ ਤੇ ਏਆਈਸੀਸੀਟੀਯੂ ਦੇ ਸਾਂਝੇ ਉਪਰਾਲੇ ਤਹਿਤ ਮਜ਼ਦੂਰ ਅੰਦੋਲਨ, ਸਰਕਾਰ, ਮੀਡੀਆ ਦਾ ਬਿਰਤਾਂਤ ਤੇ ਅਸਲ ਸੱਚਾਈ ਵਿਸ਼ੇ ਤੇ ਇੱਕ ਬਹੁਤ ਹੀ ਮਹੱਤਵਪੂਰਨ ਵਿਚਾਰ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਆਰਸੀਐੱਫ ਦੇ ਕਰਮਚਾਰੀਆਂ, ਮਾਵਾਂ-ਭੈਣਾਂ, ਨੌਜਵਾਨਾਂ ਤੇ ਵੱਖ-ਵੱਖ ਜਨਤਕ ਜਥੇਬੰਦੀਆਂ ਦੇ ਪ੍ਰਤੀਨਿਧਾਂ ਨੇ ਵੱਡੀ ਗਿਣਤੀ ਵਿੱਚ ਸ਼ਾਮਲ ਹੋ ਕੇ ਦੇਸ਼ ਦੇ ਮੌਜੂਦਾ ਹਾਲਾਤਾਂ ਤੇ ਮਜ਼ਦੂਰ ਵਰਗ ਦੇ ਸੰਘਰਸ਼ਾਂ ਤੇ ਡੂੰਘਾਈ ਨਾਲ ਮੰਥਨ ਕੀਤਾ। ਪ੍ਰੋਗਰਾਮ ਦੀ ਸ਼ੁਰੂਆਤ ਇਨਕਲਾਬੀ ਗੀਤਾਂ ਤੇ ਕਵਿਤਾਵਾਂ ਨਾਲ ਹੋਈ, ਜਿਸ ਨੇ ਹਾਜ਼ਰ ਲੋਕਾਂ ਵਿੱਚ ਇੱਕ ਨਵਾਂ ਜੋਸ਼ ਭਰ ਦਿੱਤਾ। ਪ੍ਰੋਗਰਾਮ ਦੇ ਮੁੱਖ ਬੁਲਾਰੇ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਦੇ ਉੱਘੇ ਅਰਥ ਸ਼ਾਸਤਰੀ ਤੇ ਪ੍ਰੋਫੈਸਰ ਡਾ. ਅਤੁਲ ਸੂਦ ਨੇ ਆਪਣੇ ਸੰਬੋਧਨ ਵਿੱਚ ਦੇਸ਼ ਤੇ ਦਿੱਲੀ-ਐੱਨਸੀਆਰ ਖੇਤਰ ਸਹਿਤ ਵੱਖ-ਵੱਖ ਉਦਯੋਗਿਕ ਖੇਤਰਾਂ ਵਿੱਚ ਚੱਲ ਰਹੇ ਮਜ਼ਦੂਰ ਅੰਦੋਲਨਾਂ ਦੀ ਜ਼ਮੀਨੀ ਹਕੀਕਤ ਨੂੰ ਵਿਸਥਾਰ ਨਾਲ ਰੇਖਾਂਕਿਤ ਕੀਤਾ। ਉਨ੍ਹਾਂ ਨੇ ਪਾਣੀਪਤ, ਸਿੰਗਰੋਲੀ, ਬਰੌਨੀ, ਅਲਟ੍ਰਾਟੈੱਕ, ਹਰਿਆਣਾ, ਉੱਤਰ ਪ੍ਰਦੇਸ਼, ਦੇਹਰਾਦੂਨ ਤੇ ਬਠਿੰਡਾ ਦੇ ਮਜ਼ਦੂਰ ਅੰਦੋਲਨਾਂ ਦਾ ਵਿਸ਼ੇਸ਼ ਜ਼ਿਕਰ ਕਰਦਿਆਂ ਦੱਸਿਆ ਕਿ ਅੱਜ ਕਾਰਪੋਰੇਟ ਜਗਤ ਦਾ ਮੁਨਾਫ਼ਾ ਤਾਂ ਤੇਜ਼ੀ ਨਾਲ ਵਧ ਰਿਹਾ ਹੈ, ਪਰ ਮੈਨੂਫੈਕਚਰਿੰਗ ਸੈਕਟਰ ਵਿੱਚ ਰੁਜ਼ਗਾਰ ਦੇ ਮੌਕੇ ਲਗਾਤਾਰ ਘਟ ਰਹੇ ਹਨ। ਦੇਸ਼ ਵਿੱਚ ਬੇਰੁਜ਼ਗਾਰੀ ਦੀ ਦਰ ਚਿੰਤਾਜਨਕ ਰੂਪ ਵਿੱਚ ਵਧ ਰਹੀ ਹੈ। ਲਗਭਗ 61.5 ਕਰੋੜ (615 ਮਿਲੀਅਨ) ਕੁੱਲ ਮਜ਼ਦੂਰ ਬਲ ਵਿੱਚੋਂ ਕਰੀਬ 34 ਕਰੋੜ (340 ਮਿਲੀਅਨ) ਲੋਕ ਸਵੈ-ਰੁਜ਼ਗਾਰ ਨਾਲ ਜੁੜੇ ਹੋਏ ਹਨ, ਜਿਨ੍ਹਾਂ ਦੀ ਮਾਸਿਕ ਆਮਦਨ ਸਿਰਫ਼ 8,000 ਤੋਂ 15,000 ਰੁਪਏ ਦੇ ਵਿਚਕਾਰ ਸਿਮਟ ਕੇ ਰਹਿ ਗਈ ਹੈ। ਪ੍ਰੋਗਰਾਮ ਦੌਰਾਨ ਪ੍ਰੋਫ਼ੈਸਰ ਸੂਦ ਨੇ ਕਿਰਤ ਬਾਜ਼ਾਰ (ਲੈਬਰ ਮਾਰਕੀਟ) ਦੇ ਢਾਂਚਾਗਤ ਸੰਕਟ ਨੂੰ ਉਜਾਗਰ ਕਰਦਿਆਂ ਦੱਸਿਆ ਕਿ ਸੰਗਠਿਤ ਖੇਤਰ ਵਿੱਚ ਕੰਮ ਕਰਨ ਵਾਲੇ ਕੁੱਲ ਕਰਮਚਾਰੀਆਂ ਵਿੱਚੋਂ ਕਰੀਬ 53.6 ਫੀਸਦੀ ਲੋਕ ਅਸਲ ਵਿੱਚ ਅਸੰਗਠਿਤ ਸ਼੍ਰੇਣੀ ਦੀਆਂ ਅਣਮਨੁੱਖੀ ਹਾਲਤਾਂ ਵਿੱਚ ਕੰਮ ਕਰਨ ਲਈ ਮਜਬੂਰ ਹਨ। ਅਮੇਜ਼ਨ ਵਰਗੀਆਂ ਕੰਪਨੀਆਂ ਵਿੱਚ ਵੀ ਮਜ਼ਦੂਰਾਂ ਨੂੰ 15,000 ਰੁਪਏ ਦੀ ਬਹੁਤ ਘੱਟ ਤਨਖਾਹ ਤੇ ਰੱਖਿਆ ਜਾ ਰਿਹਾ ਹੈ। ਉਦਯੋਗਿਕ ਇਕਾਈਆਂ ਵਿੱਚ ਮਜ਼ਦੂਰਾਂ ਤੋਂ ਬਿਨਾਂ ਕਿਸੇ ਉਚਿਤ ਓਵਰਟਾਈਮ ਦੇ 14 ਤੋਂ 16 ਘੰਟੇ ਤੱਕ ਸਖ਼ਤ ਸਰੀਰਕ ਮਿਹਨਤ ਕਰਵਾਈ ਜਾਂਦੀ ਹੈ, ਜਿਸ ਬਦਲੇ ਉਨ੍ਹਾਂ ਨੂੰ ਮਹਿਜ਼ 18,000 ਤੋਂ 19,000 ਰੁਪਏ ਫੜਾਏ ਜਾਂਦੇ ਹਨ। ਕੰਮ ਵਾਲੀਆਂ ਥਾਵਾਂ ਤੇ ਹਾਲਾਤ ਇੰਨੇ ਮਾੜੇ ਹਨ ਕਿ 14 ਤੋਂ 16 ਘੰਟੇ ਦੀ ਸ਼ਿਫ਼ਟ ਦੌਰਾਨ ਮਜ਼ਦੂਰਾਂ ਨੂੰ ਆਪਣੇ ਕੋਲ ਮੋਬਾਈਲ ਫ਼ੋਨ ਤੱਕ ਰੱਖਣ ਦੀ ਇਜਾਜ਼ਤ ਨਹੀਂ ਹੁੰਦੀ ਤੇ ਗੱਲ-ਗੱਲ ਤੇ ਬੇਇੱਜ਼ਤੀ ਤੇ ਅਪਮਾਨ ਝੱਲਣਾ ਪੈਂਦਾ ਹੈ। ਸਾਲ ਭਰ ਜਾਨ ਤੋੜ ਮਿਹਨਤ ਕਰਨ ਤੋਂ ਬਾਅਦ ਕਰਮਚਾਰੀਆਂ ਨੂੰ ਸਾਲਾਨਾ ਤਨਖਾਹ ਵਾਧੇ ਦੇ ਨਾਮ ਤੇ ਸਿਰਫ਼ 31 ਤੋਂ 32 ਰੁਪਏ ਦਾ ਵਾਧਾ ਦਿੱਤਾ ਜਾਂਦਾ ਹੈ। ਉੱਤਰ ਪ੍ਰਦੇਸ਼ ਵਰਗੇ ਰਾਜਾਂ ਵਿੱਚ 2014 ਤੋਂ ਬਾਅਦ ਮਹਿੰਗਾਈ ਭੱਤੇ ਤੇ ਘੱਟੋ-ਘੱਟ ਤਨਖਾਹ ਵਿੱਚ ਕੋਈ ਵੀ ਜਾਇਜ਼ ਵਾਧਾ ਨਹੀਂ ਕੀਤਾ ਗਿਆ ਹੈ। ਡਾ. ਸੂਦ ਨੇ ਨੋਇਡਾ ਤੇ ਮਾਨੇਸਰ ਦੇ ਇਤਿਹਾਸਕ ਅੰਦੋਲਨਾਂ ਦਾ ਜ਼ਿਕਰ ਕਰਦਿਆਂ ਦੱਸਿਆ ਕਿ ਕਿਵੇਂ ਸੈਕਟਰ 80 ਤੇ 78 ਵਿੱਚ ਲਗਭਗ 40,000 ਮਜ਼ਦੂਰਾਂ ਦੇ ਸ਼ਾਂਤਮਈ ਅੰਦੋਲਨ ਨੂੰ ਦਬਾਉਣ ਲਈ ਪੁਲਿਸ ਪ੍ਰਸ਼ਾਸਨ ਵੱਲੋਂ ਦਮਨਕਾਰੀ ਰਵੱਈਆ ਅਪਣਾਇਆ ਗਿਆ ਤੇ ਬੇਕਸੂਰ ਮਜ਼ਦੂਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਨੇ ਮੁੱਖ ਧਾਰਾ ਦੇ ਮੀਡੀਆ ਤੇ ਸਰਕਾਰੀ ਤੰਤਰ ਵੱਲੋਂ ਘੜੇ ਜਾ ਰਹੇ ਉਸ ਝੂਠੇ ਬਿਰਤਾਂਤ ਦੀ ਵੀ ਪੋਲ ਖੋਲ੍ਹੀ, ਜਿਸ ਵਿੱਚ ਜਨਹਿਤ ਦੇ ਅੰਦੋਲਨਾਂ ਨੂੰ ਦਬਾਉਣ ਜਾਂ ਉਨ੍ਹਾਂ ਦਾ ਸਰੂਪ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪ੍ਰੋਗਰਾਮ ਦੌਰਾਨ 20 ਜੁਲਾਈ ਨੂੰ ਦਿੱਲੀ ਦੇ ਜੰਤਰ-ਮੰਤਰ ਤੇ ਸ਼ਾਂਤਮਈ ਢੰਗ ਨਾਲ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ-ਨੌਜਵਾਨਾਂ ਤੇ ਅੰਦੋਲਨਕਾਰੀਆਂ ਤੇ ਪੁਲਿਸ ਵੱਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਲੋਕਤੰਤਰੀ ਦੇਸ਼ ਵਿੱਚ ਆਪਣੀ ਆਵਾਜ਼ ਉਠਾਉਣਾ ਅਤੇ ਇਨਸਾਫ਼ ਮੰਗਣਾ ਕੋਈ ਅਪਰਾਧ ਨਹੀਂ ਹੈ, ਪਰ ਮੌਜੂਦਾ ਸਰਕਾਰ ਤਾਨਾਸ਼ਾਹੀ ਰਵੱਈਆ ਅਪਨਾਉਂਦਿਆਂ ਹਰ ਜਨ-ਅੰਦੋਲਨ ਨੂੰ ਲਾਠੀ ਤੇ ਗੋਲੀ ਦੇ ਜ਼ੋਰ ਤੇ ਕੁਚਲਣਾ ਚਾਹੁੰਦੀ ਹੈ, ਜਿਸ ਨੂੰ ਦੇਸ਼ ਦਾ ਮਿਹਨਤਕਸ਼ ਸਮਾਂ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ। ਇਸ ਵਿਚਾਰ ਚਰਚਾ ਵਿੱਚ ਸੱਭਿਆਚਾਰਕ ਭਾਗੀਦਾਰੀ ਨਿਭਾਉਂਦਿਆਂ ਸ਼ਹੀਦ ਭਗਤ ਸਿੰਘ ਵਿਚਾਰ ਮੰਚ ਦੇ ਸਰਪ੍ਰਸਤ ਸਕੱਤਰ ਗੁਰਜਿੰਦਰ ਸਿੰਘ, ਰਾਜਕੁਮਾਰ ਪ੍ਰਜਾਪਤੀ ਤੇ ਛੋਟੀ ਬੇਟੀ ਕਾਨੂੰ ਪ੍ਰਿਆ ਨੇ ਆਪਣੀਆਂ ਜੋਸ਼ੀਲੀਆਂ ਕਵਿਤਾਵਾਂ ਤੇ ਇਨਕਲਾਬੀ ਗੀਤਾਂ ਰਾਹੀਂ ਸਰੋਤਿਆਂ ਨੂੰ ਕੀਲ ਲਿਆ। ਪ੍ਰੋਗਰਾਮ ਦਾ ਸ਼ਾਨਦਾਰ ਅਤੇ ਊਰਜਾਵਾਨ ਮੰਚ ਸੰਚਾਲਨ ਸਾਹਿਬਜ਼ਾਦਾ ਅਜੀਤ ਸਿੰਘ ਸੰਸਥਾਨ ਦੇ ਖਜ਼ਾਨਚੀ ਅਵਤਾਰ ਸਿੰਘ ਨੇ ਬਾਖ਼ੂਬੀ ਨਿਭਾਇਆ। ਪ੍ਰੋਗਰਾਮ ਦੇ ਅੰਤ ਵਿੱਚ ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ ਨੇ ਦੂਰ-ਦਰਾਡੇ ਤੋਂ ਆਏ ਸਮੂਹ ਮਜ਼ਦੂਰਾਂ, ਔਰਤਾਂ, ਨੌਜਵਾਨਾਂ, ਕਰਮਚਾਰੀਆਂ ਤੇ ਓਬੀਸੀ, ਐੱਸਸੀ, ਐੱਸਟੀ ਤੇ ਆਈਆਰਟੀਐੱਸਏ ਜਥੇਬੰਦੀਆਂ ਦੇ ਪ੍ਰਤੀਨਿਧਾਂ ਦਾ ਧੰਨਵਾਦ ਕੀਤਾ। ਉੱਥੇ ਹੀ, ਆਰਸੀਐੱਫ ਇੰਪਲਾਈਜ਼ ਯੂਨੀਅਨ ਦੇ ਆਰਗੇਨਾਈਜ਼ਿੰਗ ਸੈਕਟਰੀ ਭਰਤ ਰਾਜ ਨੇ ਆਉਣ ਵਾਲੇ ਦਿਨਾਂ ਵਿੱਚ ਹੋਰ ਵੀ ਤਿੱਖੇ ਸੰਘਰਸ਼ਾਂ ਦੀ ਰੂਪ-ਰੇਖਾ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ।