ਕਪੂਰਥਲਾ ’ਚ ਜਨਗਣਨਾ 2027 ਪੜਾਅ-II ਦੀਆਂ ਤਿਆਰੀਆਂ ਦੀ ਕੀਤੀ ਸਮੀਖਿਆ ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਵੱਲੋਂ ਕਪੂਰਥਲਾ ’ਚ ਜਨਗਣਨਾ 2027 ਪੜਾਅ-II ਦੀਆਂ ਤਿਆਰੀਆਂ ਦੀ ਸਮੀਖਿਆ
Publish Date: Mon, 31 Aug 2026 07:37 PM (IST)
Updated Date: Mon, 31 Aug 2026 07:40 PM (IST)
--ਜ਼ਿਲ੍ਹੇ ਭਰ ’ਚ ਜਨਗਣਨਾ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮੇਂ ਦੇ ਅੰਦਰ ਪੂਰੀਆਂ ਕੀਤੀਆਂ ਜਾਣਗੀਆਂ : ਡੀਸੀ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਾਇਰੈਕਟਰ ਜਨਗਣਨਾ ਸੰਚਾਲਨ ਪੰਜਾਬ ਡਾ. ਨਵਜੋਤ ਖੋਸਾ ਵੱਲੋਂ ਜ਼ਿਲ੍ਹਾ ਕਪੂਰਥਲਾ ਵਿੱਚ ਜਨਗਣਨਾ 2027: ਪੜਾਅ-II-ਜਨਸੰਖਿਆ ਗਣਨਾ ਲਈ ਤਿਆਰੀਆਂ ਦਾ ਮੁਲਾਂਕਣ ਕਰਨ ਲਈ ਇੱਕ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਦੇ ਨਾਲ ਪ੍ਰਿੰਸੀਪਲ ਜਨਗਣਨਾ ਅਫਸਰ-ਕਮ-ਨਗਰ ਨਿਗਮ ਕਮਿਸ਼ਨਰ, ਕਪੂਰਥਲਾ ਅਨੁਪਮ ਕਲੇਰ ਤੇ ਕਮਿਸ਼ਨਰ ਨਗਰ ਨਿਗਮ, ਫਗਵਾੜਾ ਰਣਦੀਪ ਸਿੰਘ ਹੀਰ ਤੋਂ ਇਲਾਵਾ ਮੀਟਿੰਗ ਦੌਰਾਨ ਸਮੂਹ ਐੱਸਡੀਐੱਮ, ਤਹਿਸੀਲਦਾਰ, ਚਾਰਜ ਅਫਸਰ ਤੇ ਹੋਰ ਅਧਿਕਾਰੀ ਮੌਕੇ ’ਤੇ ਤੇ ਵਰਚੁਅਲੀ ਮੌਜੂਦ ਸਨ। ਮੀਟਿੰਗ ਨੂੰ ਸੰਬੋਧਨ ਕਰਦਿਆਂ, ਡਾਇਰੈਕਟਰ, ਜਨਗਣਨਾ ਸੰਚਾਲਨ ਨੇ ਜ਼ਿਲ੍ਹੇ ਵਿੱਚ ਫੇਜ਼-1 ਹਾਊਸ ਲਿਸਟਿੰਗ ਤੇ ਹਾਊਸਿੰਗ ਜਨਗਣਨਾ (ਐੱਚਐੱਲਓ) ਕਾਰਜਾਂ ਨੂੰ ਸਫਲਤਾਪੂਰਵਕ ਤੇ ਸਮੇਂ ਸਿਰ ਪੂਰਾ ਕਰਨ ਲਈ ਚਾਰਜ ਅਫਸਰਾਂ ਤੇ ਫੀਲਡ ਕਾਰਜਕਰਤਾਵਾਂ ਦੀ ਲਗਨ ਤੇ ਵਚਨਬੱਧਤਾ ਦੀ ਸ਼ਲਾਘਾ ਕੀਤੀ। ਸੁਚੱਜੀ ਯੋਜਨਾਬੰਦੀ ਦੀ ਮਹੱਤਤਾ ਤੇ ਜ਼ੋਰ ਦਿੰਦਿਆਂ ਉਨ੍ਹਾਂ ਸਾਰੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਨਿਰਧਾਰਤ ਸਮਾਂ-ਸੀਮਾਵਾਂ ਦੇ ਅੰਦਰ ਬਾਕੀ ਜਨਗਣਨਾ ਗਤੀਵਿਧੀਆਂ ਨੂੰ ਪੂਰਾ ਕਰਨ ਨੂੰ ਯਕੀਨੀ ਬਣਾਉਣ। ਉਨ੍ਹਾਂ ਨਿਰਧਾਰਤ ਟੀਚਿਆਂ ਨੂੰ ਪ੍ਰਾਪਤ ਕਰਨ ਲਈ ਸਾਰੇ ਭਾਗੀਦਾਰਾਂ ਵਿੱਚ ਵਿਸ਼ੇਸ਼ ਯੋਜਨਾਬੰਦੀ ਤੇ ਸਹਿਜ ਤਾਲਮੇਲ ਦੀ ਜ਼ਰੂਰਤ ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਜ਼ਿਲ੍ਹੇ ਦੇ ਉੱਚ-ਪ੍ਰਾਥਮਿਕਤਾ ਵਾਲੇ ਚਾਰਜਾਂ ਅਤੇ ਨਗਰ ਨਿਗਮ ਫਗਵਾੜਾ ਅਤੇ ਨਗਰ ਨਿਗਮ ਕਪੂਰਥਲਾ ਦੇ ਅਧੀਨ ਖੇਤਰਾਂ ਵਿੱਚ ਕੀਤੇ ਗਏ ਐੱਚਐੱਲਓ ਕੰਮ ਦੀ ਵਿਸ਼ੇਸ਼ ਤੌਰ ਤੇ ਸ਼ਲਾਘਾ ਕੀਤੀ। ਉਨ੍ਹਾਂ ਜ਼ਿਲ੍ਹਾ ਪ੍ਰਸ਼ਾਸਨ ਤੇ ਜਨਗਣਨਾ ਕਾਰਜਕਰਤਾਵਾਂ ਦੀ ਉਨ੍ਹਾਂ ਦੇ ਨਿਰੰਤਰ ਯਤਨਾਂ ਲਈ ਸ਼ਲਾਘਾ ਕਰਦਿਆਂ ਆਸ ਪ੍ਰਗਟਾਈ ਕਿ ਜ਼ਿਲ੍ਹਾ ਕਪੂਰਥਲਾ ਜਨਗਣਨਾ 2027 ਦੇ ਪੜਾਅ-2 ਨਾਲ ਸਬੰਧਤ ਸਾਰੇ ਕਾਰਜਾਂ ਨੂੰ ਸਫਲਤਾਪੂਰਵਕ ਮੁਕੰਮਲ ਕਰ ਲਿਆ ਜਾਵੇਗਾ। ਮੀਟਿੰਗ ਦੌਰਾਨ, ਜਨਗਣਨਾ 2027 ਦੇ ਜਨਸੰਖਿਆ ਗਣਨਾ ਪੜਾਅ-2 ਦੇ ਸਮੇਂ ਸਿਰ ਤੇ ਸੁਚਾਰੂ ਸੰਚਾਲਨ ਲਈ ਇੱਕ ਵਿਆਪਕ ਰੋਡਮੈਪ ਤੇ ਵਿਸਥਾਰ ਵਿੱਚ ਚਰਚਾ ਕੀਤੀ ਗਈ। ਜ਼ਿਲ੍ਹਾ ਜਨਗਣਨਾ ਹੈਂਡਬੁੱਕ (ਡੀਸੀਐੱਚਬੀ) ਦੀ ਪ੍ਰਗਤੀ ਦੀ ਸਮੀਖਿਆ ਕਰਦਿਆਂ, ਡਾਇਰੈਕਟਰ ਨੇ ਨਿਰਦੇਸ਼ ਦਿੱਤੇ ਕਿ ਸਾਰੇ ਚਾਰਜ ਅਫਸਰਾਂ ਨੂੰ ਪਿੰਡ ਤੇ ਕਸਬੇ ਦੇ ਡਾਇਰੈਕਟਰੀ ਡੇਟਾ ਦੀ ਸਮੇਂ ਸਿਰ ਜਾਂਚ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਮੁੱਖ ਜਨਗਣਨਾ ਅਧਿਕਾਰੀਆਂ ਤੇ ਜਨਗਣਨਾ ਅਧਿਕਾਰੀਆਂ ਨੂੰ ਸਾਰੇ ਲੋੜੀਂਦੇ ਪ੍ਰਬੰਧ ਕਰਨ ਤੇ ਜਨਗਣਨਾ ਦੇ ਸੁਚਾਰੂ ਤੇ ਪ੍ਰਭਾਵਸ਼ਾਲੀ ਸੰਚਾਲਨ ਲਈ ਪੂਰੀ ਤਰ੍ਹਾਂ ਤਿਆਰ ਰਹਿਣ ਦੇ ਨਿਰਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਆਕਾਸ਼ ਬਾਂਸਲ ਨੇ ਭਰੋਸਾ ਦਿੱਤਾ ਕਿ ਜ਼ਿਲ੍ਹੇ ਵਿੱਚ ਜਨਗਣਨਾ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ਨਿਰਧਾਰਤ ਸਮਾਂ ਸੀਮਾ ਦੇ ਅੰਦਰ ਪੂਰੀਆਂ ਕੀਤੀਆਂ ਜਾਣਗੀਆਂ।