90 ਫ਼ੀਸਦੀ ਗਣਨਾ ਫਾਰਮਾਂ ਦਾ ਡਿਜੀਟਾਈਜੇਸ਼ਨ ਮੁਕੰਮਲ 90 ਫੀਸਦੀ ਗਣਨਾ ਫਾਰਮਾਂ ਦਾ ਡਿਜੀਟਾਈਜੇਸ਼ਨ ਮੁਕੰਮਲ
Publish Date: Tue, 21 Jul 2026 08:50 PM (IST)
Updated Date: Tue, 21 Jul 2026 08:52 PM (IST)
ਐੱਸਆਈਆਰ-2026 : 100 ਫੀਸਦੀ ਡਿਜੀਟਾਈਜੇਸ਼ਨ ਵਾਲੇ ਪੋਲਿੰਗ ਸਟੇਸ਼ਨਾਂ ਦੀ ਏਐੱਸਡੀਡੀ ਲਿਸਟ ਜ਼ਿਲ੍ਹੇ ਦੀ ਵੈੱਬਸਾਈਟ ’ਤੇ ਅਪਲੋਡ ਪ੍ਰਭਾਵਿਤ ਵੋਟਰ 3 ਅਗਸਤ ਤੋਂ ਪਹਿਲਾਂ ਇਤਰਾਜ਼ ਜਾਂ ਸੂਚਨਾ ਦਰਜ ਕਰਵਾਉਣ: ਜ਼ਿਲ੍ਹਾ ਚੋਣ ਅਫ਼ਸਰ ਅਕਾਸ਼ ਬਾਂਸਲ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਵੋਟਰ ਸੂਚੀਆਂ ਦੀ ਵਿਸ਼ੇਸ਼ ਗਹਿਰੀ ਸੁਧਾਈ (ਐੱਸਆਈਆਰ) ਸਬੰਧੀ ਜ਼ਿਲ੍ਹਾ ਕਪੂਰਥਲਾ ਵਿੱਚ ਵੋਟਰ ਗਣਨਾ ਫਾਰਮਾਂ ਦੀ ਡਿਜੀਟਾਈਜੇਸ਼ਨ ਦਾ ਕੰਮ ਤੇਜ਼ੀ ਨਾਲ ਚੱਲ ਰਿਹਾ ਹੈ ਅਤੇ ਹੁਣ ਤੱਕ ਜ਼ਿਲ੍ਹੇ ਵਿੱਚ 90 ਫ਼ੀਸਦੀ ਫਾਰਮ ਡਿਜੀਟਾਈਜ਼ ਕੀਤੇ ਜਾ ਚੁੱਕੇ ਹਨ। ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਦੱਸਿਆ ਕਿ ਜ਼ਿਲ੍ਹੇ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਬੂਥ ਲੈਵਲ ਅਫ਼ਸਰਾਂ ਵੱਲੋਂ ਸ਼ਲਾਘਾਯੋਗ ਕਾਰਗੁਜ਼ਾਰੀ ਦਿਖਾਉਂਦੇ ਹੋਏ ਕਈ ਪੋਲਿੰਗ ਸਟੇਸ਼ਨਾਂ ’ਤੇ 100 ਫੀਸਦੀ ਡਿਜੀਟਾਈਜੇਸ਼ਨ ਦਾ ਕੰਮ ਪੂਰਾ ਕਰ ਲਿਆ ਗਿਆ ਹੈ। ਜ਼ਿਲ੍ਹਾ ਚੋਣ ਅਫ਼ਸਰ ਨੇ ਵੇਰਵੇ ਸਾਂਝੇ ਕਰਦਿਆਂ ਦੱਸਿਆ ਕਿ ਵਿਧਾਨ ਸਭਾ ਚੋਣ ਹਲਕਾ 26-ਭੁਲੱਥ ਦੇ 29, 27-ਕਪੂਰਥਲਾ ਦੇ 55, 28-ਸੁਲਤਾਨਪੁਰ ਲੋਧੀ ਦੇ 118 ਅਤੇ 29-ਫਗਵਾੜਾ ਦੇ 33 ਪੋਲਿੰਗ ਸਟੇਸ਼ਨਾਂ ਦੇ ਬੂਥ ਲੈਵਲ ਅਫ਼ਸਰਾਂ ਨੇ ਆਪਣੇ ਪੋਲਿੰਗ ਸਟੇਸ਼ਨਾਂ ਨਾਲ ਸਬੰਧਤ ਵੋਟਰਾਂ ਦੇ 100 ਫੀਸਦੀ ਗਣਨਾ ਫਾਰਮਾਂ ਨੂੰ ਡਿਜੀਟਾਈਜ਼ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ 21 ਜੁਲਾਈ ਤੱਕ 100 ਫੀਸਦੀ ਡਿਜੀਟਾਈਜੇਸ਼ਨ ਮੁਕੰਮਲ ਕਰ ਚੁੱਕੇ ਪੋਲਿੰਗ ਸਟੇਸ਼ਨਾਂ ਦੀ ਏਐੱਸਡੀਡੀ ਲਿਸਟ ਜਿਨ੍ਹਾਂ ਵਿਚ ਗੈਰ-ਹਾਜ਼ਰ, ਰਿਹਾਇਸ਼ ਬਦਲ ਚੁੱਕੇ, ਮ੍ਰਿਤਕ ਜਾਂ ਡੁਪਲੀਕੇਟ ਵੋਟਰ ਸ਼ਾਮਲ ਹੁੰਦੇ ਹਨ, ਜ਼ਿਲ੍ਹਾ ਕਪੂਰਥਲਾ ਦੀ ਸਰਕਾਰੀ ਵੈੱਬਸਾਈਟ kapurthala.gov.in ’ਤੇ ਅਪਲੋਡ ਕਰ ਦਿੱਤੀ ਗਈ ਹੈ। ਉਨ੍ਹਾਂ ਸਮੂਹ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਵੈੱਬਸਾਈਟ ’ਤੇ ਜਾ ਕੇ ਵੋਟਰਾਂ ਦੀ ਲਿਸਟ ਦੀ ਜਾਂਚ ਲਾਜ਼ਮੀ ਕਰਨ। ਜੇਕਰ ਕਿਸੇ ਯੋਗ ਵੋਟਰ ਦਾ ਨਾਮ ਇਸ ਲਿਸਟ ਵਿੱਚ ਦਰਜ ਹੋ ਗਿਆ ਹੈ ਅਤੇ ਉਹ ਸਹੀ ਪਾਇਆ ਜਾਂਦਾ ਹੈ ਤਾਂ ਇਸ ਸਬੰਧੀ ਆਪਣੇ ਸਬੰਧਤ ਪੋਲਿੰਗ ਸਟੇਸ਼ਨ ਦੇ ਬੀ.ਐੱਲ.ਓ. ਜਾਂ ਸਬੰਧਤ ਚੋਣਕਾਰ ਰਜਿਸਟ੍ਰੇਸ਼ਨ ਅਫ਼ਸਰ ਨੂੰ ਮਿਤੀ 3 ਅਗਸਤ 2026 ਤੋਂ ਪਹਿਲਾਂ-ਪਹਿਲਾਂ ਤੁਰੰਤ ਸੂਚਿਤ ਕੀਤਾ ਜਾਵੇ। ਜ਼ਿਲ੍ਹਾ ਚੋਣ ਅਫ਼ਸਰ ਨੇ ਅੱਗੇ ਕਿਹਾ ਕਿ ਜਿਨ੍ਹਾਂ ਵੋਟਰਾਂ ਨੇ ਅਜੇ ਤੱਕ ਆਪਣਾ ਵੋਟਰ ਗਣਨਾ ਫਾਰਮ ਆਪਣੇ ਬੀ.ਐੱਲ.ਓ. ਕੋਲ ਜਮ੍ਹਾਂ ਨਹੀਂ ਕਰਵਾਇਆ ਹੈ, ਉਹ ਬਿਨਾਂ ਕਿਸੇ ਦੇਰੀ ਦੇ ਤੁਰੰਤ ਆਪਣੇ ਬੀ.ਐੱਲ.ਓ. ਨਾਲ ਤਾਲਮੇਲ ਕਰਨ ਅਤੇ ਆਪਣਾ ਗਣਨਾ ਫਾਰਮ ਜਮ੍ਹਾਂ ਕਰਵਾਉਣ, ਤਾਂ ਜੋ ਵੋਟਰ ਸੂਚੀ ਦੀ ਸੁਧਾਈ ਦਾ ਕੰਮ ਸਮੇਂ ਸਿਰ ਅਤੇ ਨਿਰਵਿਘਨ ਮੁਕੰਮਲ ਕੀਤਾ ਜਾ ਸਕੇ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਵੋਟਰ ਹੈਲਪਲਾਈਨ ਟੋਲ-ਫ੍ਰੀ ਨੰਬਰ 1950 ਜਾਂ ਜ਼ਿਲ੍ਹਾ ਪ੍ਰਸ਼ਾਸਨ ਦੇ ਹੈਲਪਲਾਈਨ ਨੰਬਰ 01822-233777 ’ਤੇ ਸੰਪਰਕ ਕੀਤਾ ਜਾ ਸਕਦਾ ਹੈ।