ਟ੍ਰੈਕਟਰ ਟਰਾਲੀਆਂ ਸਮੇਤ 8 ਨੂੰ ਦਿੱਤਾ ਜਾਵੇਗਾ ਧਰਨਾ : ਬੀਕੇਯੂ ਏਕਤਾ ਡਕੌਂਦਾ ਟ੍ਰੈਕਟਰ ਟਰਾਲੀਆਂ ਸਮੇਤ 8 ਸਤੰਬਰ ਨੂੰ ਦਿੱਤਾ ਜਾਵੇਗਾ ਧਰਨਾ : ਬੀਕੇਯੂ ਏਕਤਾ ਡਕੌਂਦਾ
Publish Date: Thu, 03 Sep 2026 09:44 PM (IST)
Updated Date: Thu, 03 Sep 2026 09:46 PM (IST)
ਗੁਰਵਿੰਦਰ ਕੌਰ ਪੰਜਾਬੀ ਜਾਗਰਣ ਕਪੂਰਥਲਾ : ਬਿਜਲੀ ਦੀ ਮਾੜੀ ਸਪਲਾਈ ਨੂੰ ਲੈ ਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਹਰਜਿੰਦਰ ਸਿੰਘ ਰਾਣਾ ਸੈਦੋਵਾਲ ਦੀ ਅਗਵਾਈ ਵਿੱਚ ਸਹਾਇਕ ਇੰਜੀਨੀਅਰ ਸੁਰਿੰਦਰਪਾਲ ਸੌਧੀ ਨੂੰ ਮਿਲਿਆ। ਆਗੂਆਂ ਨੇ ਕਿਹਾ ਕਿ ਮੋਟਰਾਂ ਦੀ ਸਪਲਾਈ ਜੋ ਕਿ ਪੰਜਾਬ ਸਰਕਾਰ ਵੱਲੋਂ 8 ਘੰਟੇ ਦੇਣ ਦਾ ਵਾਅਦਾ ਕੀਤਾ ਗਿਆ ਸੀ, ਗੱਪਾਂ ਦਾ ਪਹਾੜ ਨਿਕਲਿਆ ਜਦ ਕਿ ਮੋਟਰਾਂ ਦੀ ਸਪਲਾਈ 2.30-3 ਘੰਟੇ ਤੱਕ ਸੀਮਤ ਹੋ ਕੇ ਰਹਿ ਗਈ ਹੈ। ਕਿਸਾਨ ਦੀ ਝੋਨੇ ਦੀ ਫ਼ਸਲ ਜੋ ਦਾਣੇ ’ਤੇ ਆਈ ਹੈ, ਨੂੰ ਪਾਣੀ ਦੀ ਜ਼ਰੂਰਤ ਹੈ ਤੇ ਬਿਜਲੀ ਨਾ ਆਉਣ ਕਰਕੇ ਫਸਲ ਬਰਬਾਦ ਹੋਣ ਕਿਨਾਰੇ ਹੈ। ਪਹਿਲੀ ਵਾਰ ਹੋਇਆ ਕਿ ਇਸ ਸਮੇਂ ਬਿਜਲੀ ਪਾਵਰ ਕੱਟਾਂ ਕਰਕੇ ਨਿਸਾਰੇ ’ਤੇ ਆਈ ਫਸਲ ਬਰਬਾਦ ਹੋ ਰਹੀ। ਜੇ ਸਰਕਾਰ ਕੋਲ ਪਹਿਲਾਂ ਹੀ ਅਨਾਜ ਵਾਧੂ ਹੈ ਤਾਂ ਝੋਨੇ ਦੀ ਬਿਜਾਈ ’ਤੇ ਪਾਬੰਦੀ ਲਾ ਦੇਣੀ ਚਾਹੀਦੀ ਸੀ। ਹੁਣ ਕਿਸਾਨ ਨੇ ਸਾਰਾ ਖਰਚ ਕਰਕੇ ਫ਼ਸਲ ਤਿਆਰ ਕੀਤੀ ਹੋਈ ਤੇ ਇਹ ਕਿਸੇ ਸਾਜ਼ਿਸ਼ ਅਧੀਨ ਬਰਬਾਦ ਕੀਤੀ ਜਾ ਰਹੀ ਹੈ। ਆਗੂਆਂ ਨੇ ਆਖਿਆ ਕਿ ਦਿੱਲੀ ਦੇ ਲਾਲੇ ਦੇ ਇਸ਼ਾਰਿਆਂ ’ਤੇ ਚੱਲਣ ਵਾਲੀ ਭਗਵੰਤ ਮਾਨ ਸਰਕਾਰ ਕਨਵੀਨਰ ਨੂੰ ਸਮਝਾ ਨਹੀਂ ਸਕੀ ਕਿ ਪੰਜਾਬ ਖੇਤੀਬਾੜੀ ਸੂਬਾ ਹੈ ਤੇ ਖੇਤੀ ਹੀ ਆਰਥਿਕਤਾ ਦੀ ਰੀੜ ਦੀ ਹੱਡੀ ਹੈ। ਇਸ ਨੂੰ ਜਿਊਂਦੇ ਰੱਖਣ ਨਾਲ ਹੀ ਦੇਸ਼ ਦੇ ਲੋਕਾਂ ਦਾ ਚੁੱਲ੍ਹਾ ਚੱਲਣਾ ਹੈ । ਉਨ੍ਹਾਂ ਕਿਹਾ ਕਿ ਖੇਤੀਬਾੜੀ ਦੀ ਸਮੱਸਿਆ ਤੋਂ ਅਣਜਾਣ ਵਿਅਕਤੀ ਸੂਬੇ ਨੂੰ ਬਰਬਾਦੀ ਵੱਲ ਧੱਕ ਰਹੇ ਹਨ ਕਿਸਾਨ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚ ਗੁਜ਼ਰ ਰਿਹਾ ਹੈ ਤੇ ਉਸ ਨੂੰ ਸੜਕਾਂ ’ਤੇ ਉਤਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਸਹਾਇਕ ਇੰਜੀਨੀਅਰ ਸੁਰਿੰਦਰਪਾਲ ਸੌਧੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਤੇ ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਦੋ ਦਿਨ ਤੱਕ ਸਪਲਾਈ ਠੀਕ ਕਰ ਦਿੱਤੀ ਜਾਵੇਗੀ ਤੇ ਅੱਗੇ ਤੋਂ ਕੋਈ ਸਪਲਾਈ ਸਬੰਧੀ ਪ੍ਰੇਸ਼ਾਨੀ ਨਹੀਂ ਆਵੇਗੀ। ਆਗੂਆਂ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਅਸੀਂ ਦੋ ਦੀ ਬਜਾਏ 4 ਦਿਨ ਸਬਰ ਕਰਾਂਗੇ ਨਹੀਂ ਤਾਂ ਮੰਗਲਵਾਰ 8 ਸਤੰਬਰ ਨੂੰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੀ ਅਗਵਾਈ ਵਿੱਚ ਇਲਾਕੇ ਦੇ ਕਿਸਾਨ ਕਪੂਰਥਲਾ ਬਾਈ ਪਾਸ ਵਾਲੀ ਸੜਕ ’ਤੇ ਆਪਣੇ ਟ੍ਰੈਕਟਰ ਟਰਾਲੀਆਂ ਸਮੇਤ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। ਇਸ ਮੌਕੇ ਬਿੰਦੂ ਸੁੰਨੜ, ਸੁਰਜੀਤ ਸਿੰਘ ਨੱਥੂਚਾਹਲ, ਅਮਰਜੀਤ ਸਿੰਘ, ਮਨਜਿੰਦਰ ਕਮਲ, ਰਾਜਵੀਰ ਚਮਿਆਰਾ, ਚਰਨਜੀਤ ਸਿੰਘ, ਜਗਜੀਤ ਸਿੰਘ ਭਗਤਪੁਰ, ਦਲਜੀਤ ਸਿੰਘ ਸੈਦੋਵਾਲ, ਸੁਰਜੀਤ ਸਿੰਘ ਕੋਟ, ਅਮਰੀਕ ਸਿੰਘ, ਰਣਜੀਤ ਸਿੰਘ ਸਾਬਕਾ ਸਰਪੰਚ ਸੈਦੋਵਾਲ, ਹਰਦੀਪ ਸਿੰਘ, ਅਮਰੀਕ ਸਰਪੰਚ ਕਾਹਲਵਾਂ, ਲਖਵੀਰ ਸਿੰਘ ਆਦਿ ਹਾਜ਼ਰ ਸਨ।