ਢਾਡੀ ਜੰਡਿਆਲਾ ਦਾ ਜਥਾ ਪੰਜਾਬ ਪਰਤਿਆ ਢਾਡੀ ਰਣਜੀਤ ਸਿੰਘ ਜੰਡਿਆਲਾ ਦਾ ਜਥਾ ਵਿਦੇਸ਼ੀ ਧਾਰਮਿਕ ਦੌਰੇ ਤੋਂ ਪੰਜਾਬ ਪਰਤਿਆ
Publish Date: Mon, 31 Aug 2026 10:30 PM (IST)
Updated Date: Mon, 31 Aug 2026 10:31 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਥਕ ਪ੍ਰਸਿੱਧ ਢਾਡੀ ਰਣਜੀਤ ਸਿੰਘ ਜੰਡਿਆਲਾ ਦਾ ਜਥਾ ਆਪਣੇ ਵਿਦੇਸ਼ੀ ਧਾਰਮਿਕ ਦੌਰੇ ਫਿਲਪੀਨਜ਼ ਤੋਂ ਵਾਪਸ ਪੰਜਾਬ ਪਰਤ ਆਇਆ ਹੈ। ਢਾਡੀ ਰਣਜੀਤ ਸਿੰਘ ਜੰਡਿਆਲਾ ਦੇ ਜਥੇ ਵੱਲੋਂ ਫਿਲਪੀਨਜ਼ ਦੇ ਗੁਰੂ ਘਰਾਂ ਵਿੱਚ ਹਾਜ਼ਰੀ ਭਰੀ ਜਿਵੇਂ ਕਿ ਸੀਬੋ ਸਿਟੀ, ਸੰਨ ਪਾਬਲੋ ਸਿਟੀ, ਐਂਜਲਿਸ ਸਿਟੀ, ਮਨੀਲਾ, ਸੰਨ ਫਰਨਾਂਦੋ ਸਿਟੀ ਆਦਿ ਦੇ ਵੱਖ-ਵੱਖ ਸ਼ਹਿਰਾਂ ਦੇ ਗੁਰਦੁਆਰਾ ਸਾਹਿਬਾਨ ਵਿੱਚ ਗੁਰਮਤਿ ਸਮਾਗਮਾਂ ਦੌਰਾਨ ਸਿੱਖੀ ਤੇ ਗੁਰੂ ਸਾਹਿਬਾਨ ਦੀ ਮਹਾਨ ਵਿਰਾਸਤ ਦਾ ਪ੍ਰਭਾਵਸ਼ਾਲੀ ਪ੍ਰਚਾਰ ਕਰਨ ਉਪਰੰਤ ਵਾਪਸ ਪੰਜਾਬ ਪਰਤ ਆਏ ਹਨ। ਆਪਣੀ ਵਿਲੱਖਣ ਢਾਡੀ ਸ਼ੈਲੀ ਰਾਹੀਂ ਜਥੇ ਨੇ ਵਿਦੇਸ਼ਾਂ ਵਿੱਚ ਵੱਸਦੀਆਂ ਸੰਗਤਾਂ ਨੂੰ ਗੁਰਬਾਣੀ, ਸਿੱਖ ਇਤਿਹਾਸ, ਸ਼ਹੀਦੀ ਪਰੰਪਰਾ ਤੇ ਪੰਥਕ ਵਿਚਾਰਧਾਰਾ ਨਾਲ ਜੋੜਨ ਦਾ ਮਹੱਤਵਪੂਰਨ ਉਪਰਾਲਾ ਕੀਤਾ। ਵੱਖ-ਵੱਖ ਗੁਰਦੁਆਰਾ ਸਾਹਿਬਾਨ ਵਿੱਚ ਹੋਏ ਧਾਰਮਿਕ ਸਮਾਗਮਾਂ ਦੌਰਾਨ ਸੰਗਤਾਂ ਨੇ ਜਥੇ ਨੂੰ ਭਰਪੂਰ ਪਿਆਰ, ਸਤਿਕਾਰ ਤੇ ਸਨਮਾਨ ਬਖ਼ਸ਼ਿਆ। ਇਹ ਜਥਾ ਕਈ ਸਾਲਾਂ ਤੋਂ ਢਾਡੀਆਂ ਦੀ ਅਮੀਰ ਪਰੰਪਰਾ ਨੂੰ ਜੀਵੰਤ ਰੱਖਦਿਆਂ ਨੌਜਵਾਨ ਪੀੜ੍ਹੀ ਤੱਕ ਗੁਰੂ ਘਰ ਦਾ ਸੰਦੇਸ਼ ਤੇ ਪੰਥਕ ਸੋਚ ਪਹੁੰਚਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਿਹਾ ਹੈ। ਦੇਸ਼ ਤੇ ਵਿਦੇਸ਼ ਦੀਆਂ ਸੰਗਤਾਂ ਵਿੱਚ ਇਸ ਪੰਥਕ ਪ੍ਰਸਿੱਧ ਢਾਡੀ ਜਥੇ ਨੂੰ ਵਿਸ਼ੇਸ਼ ਸਤਿਕਾਰ ਨਾਲ ਦੇਖਿਆ ਜਾਂਦਾ ਹੈ। ਢਾਡੀ ਜਥੇ ਦੇ ਇੱਕ ਮਹੀਨੇ ਦੇ ਟੂਰ ਉਪਰੰਤ ਪੰਜਾਬ ਪਰਤਣ ਤੇ ਉਨ੍ਹਾਂ ਦੇ ਸ਼ਰਧਾਲੂਆਂ ਤੇ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਹੈ।