ਢਾਡੀ ਗੋਰੀ ਨੇ ਖਾਲਸਾ ਯੂਨੀਵਰਸਿਟੀ ਦੇ ਵੀਸੀ ਨਾਲ ਕੀਤੀ ਮੁਲਾਕਾਤ ਢਾਡੀ ਗੁਰਜੀਤ ਸਿੰਘ ਗੋਰੀ ਨੇ ਖਾਲਸਾ ਕਾਲਜ ਦੇ ਪ੍ਰਿੰਸੀਪਲ ਨਾਲ ਕੀਤੀ ਮੁਲਾਕਾਤ
Publish Date: Fri, 28 Aug 2026 09:08 PM (IST)
Updated Date: Fri, 28 Aug 2026 09:10 PM (IST)
ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਬੀਤੇ ਦਿਨੀਂ ਯੂਰਪ ਦੌਰੇ ਤੋਂ ਵਾਪਸ ਪਰਤੇ ਇੰਟਰਨੈਸ਼ਨਲ ਸ਼੍ਰੋਮਣੀ ਪੰਥਕ ਢਾਡੀ ਗੁਰਜੀਤ ਸਿੰਘ ਗੋਰੀ ਜਾਂਗਲਾ ਵੱਲੋਂ ਖਾਲਸਾ ਕਾਲਜ ਅੰਮ੍ਰਿਤਸਰ ਦੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਤੇ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮਹਿਲ ਸਿੰਘ ਨਾਲ ਵਿਸ਼ੇਸ਼ ਤੌਰ ’ਤੇ ਮੁਲਾਕਾਤ ਕੀਤੀ। ਇਸ ਵਿਸ਼ੇਸ਼ ਮੁਲਾਕਾਤ ਦੌਰਾਨ ਜਿੱਥੇ ਗੁਰਜੀਤ ਸਿੰਘ ਜਾਂਗਲਾ ਨੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਤੇ ਡਾਕਟਰ ਮਹਿਲ ਸਿੰਘ ਨਾਲ ਮੈਨੇਜਮੈਂਟ ਵੱਲੋਂ ਹਰ ਸਾਲ ਮਨਾਏ ਜਾਂਦੇ ਸਲਾਨਾ ਸਾਹਿਤ ਉਤਸਵ ਮੇਲੇ ਸਬੰਧੀ ਕਈ ਜ਼ਰੂਰੀ ਵਿਚਾਰਾਂ ਕੀਤੀਆਂ, ਉੱਥੇ ਹੀ ਪੰਜਾਬ, ਪੰਜਾਬੀਅਤ, ਸਿੱਖ ਸਿਧਾਂਤ, ਸਿੱਖ ਫਿਲਾਸਫੀ ਤੇ ਪੰਜਾਬੀ ਵਿਰਸੇ ਦੀ ਸੰਭਾਲ ਵਿੱਚ ਵੱਡਾ ਯੋਗਦਾਨ ਪਾ ਰਹੇ ਸਮੁੱਚੇ ਖਾਲਸਾ ਸੰਸਥਾ ਦੇ ਪ੍ਰਬੰਧਕੀ ਢਾਂਚੇ ਦੀ ਭਰਪੂਰ ਸ਼ਲਾਘਾ ਕੀਤੀ ਗਈ। ਢਾਡੀ ਗੁਰਜੀਤ ਸਿੰਘ ਗੋਰੀ ਜਾਂਗਲਾ ਨੇ ਸੰਗੀਤਕ ਖੇਤਰ ਵਿੱਚ ਹਰ ਤਰ੍ਹਾਂ ਦਾ ਯੋਗਦਾਨ ਦੇਣ ਦੀ ਗੱਲ ਆਖੀ। ਇਸ ਮੁਲਾਕਾਤ ਦੌਰਾਨ ਮਾਸਟਰ ਕੁਲਦੀਪ ਸਿੰਘ ਬੂੜੇਵਾਲ ਤੇ ਪ੍ਰਭਗੁਣਪ੍ਰੀਤ ਸਿੰਘ, ਜਪਲੀਨ ਕੌਰ ਜਾਂਗਲਾ ਵੀ ਨਾਲ ਪਹੁੰਚੇ ਤੇ ਆਪਣੇ ਵਿਚਾਰ ਸਾਂਝੇ ਕੀਤੇ। ਅਖੀਰ ਵਿੱਚ ਖਾਲਸਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਮਹਿਲ ਸਿੰਘ ਤੇ ਪ੍ਰਿੰਸੀਪਲ ਡਾਕਟਰ ਆਤਮ ਸਿੰਘ ਰੰਧਾਵਾ ਵੱਲੋਂ ਗੁਰਜੀਤ ਸਿੰਘ ਗੋਰੀ ਜਾਂਗਲਾ ਨੂੰ ਯਾਦਗਾਰੀ ਚਿੰਨ੍ਹ ਭੇਟ ਕੀਤਾ ਗਿਆ।