ਵਰਤੀਆਂ ਨੇ ਲਾਈ ਪਹਿਲੇ ਅਰਘ ’ਤੇ ਆਸਥਾ ਦੀ ਡੁਬਕੀ ਵਰਤੀਆਂ ਨੇ ਲਾਈ ਪਹਿਲੇ ਅਰਘ ਤੇ ਆਸਥਾ ਦੀ ਡੁਬਕੀ
Publish Date: Sun, 15 Nov 2026 09:19 PM (IST)
Updated Date: Sun, 15 Nov 2026 09:21 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਹਿੰਦੂ ਧਰਮ ਦਾ ਪਰਮ ਪਵਿਤਰ ਤਿਉਹਾਰ ਛੱਠ ਪੂਜਾ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਛੱਠ ਵਰਤੀਆਂ ਨੇ ਫਗਵਾੜਾ ਚਾਚੋਕੀ ਨਹਿਰ ਵਿੱਚ ਪਹਿਲੇ ਦਿਨ ਦੇ ਅਰਘ ਤੇ ਆਸਥਾ ਦੀ ਡੁਬਕੀ ਲਗਾਈ। ਚਾਚੋਕੀ ਨਹਿਰ ’ਤੇ ਹਜ਼ਾਰਾਂ ਸ਼ਰਧਾਲੂਆਂ ਦਾ ਇਕੱਠ ਦੇਖਣ ਨੂੰ ਮਿਲਿਆ, ਜਿਥੇ ਸਮੂਹ ਛੱਠ ਵਰਤੀਆਂ ਨੇ ਮਿਲਕੇ ਆਸਥਾ ਦੀ ਡੁਬਕੀ ਲਗਾਈ ਤੇ ਸੂਰਜ ਭਗਵਾਨ ਤੇ ਛਠੀ ਮਈਆ ਦੀ ਪੂਜਾ ਕੀਤੀ। ਇਸ ਮੌਕੇ ਯੂਥ ਹਿੰਦੂ ਵੈੱਲਫੇਅਰ ਐਸੋਸੀਏਸ਼ਨ ਦੇ ਚੇਅਰਮੈਨ ਰਵਿੰਦਰ ਗੁਪਤਾ ਤੇ ਸਮਰ ਗੁਪਤਾ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਐੱਮਪੀ ਡਾ. ਰਾਜ ਕੁਮਾਰ ਚੱਬੇਵਾਲ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ ਕੈਂਥ, ਅਨੀਤਾ ਸੋਮਪ੍ਰਕਾਸ਼ ਕੈਂਥ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਸ਼੍ਰੋਮਣੀ ਅਕਾਲੀ ਦਲ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ ਆਦਿ ਨੇ ਸ਼ਿਰਕਤ ਕੀਤੀ ਤੇ ਛੱਠ ਪਰਵ ਦੀ ਸਾਰੇ ਸ਼ਰਧਾਲੂਆਂ ਨੂੰ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਹਰ ਸਾਲ ਛੱਠ ਪੂਜਾ ਅਰਬਨ ਅਸਟੇਟ ਚਾਚੋਕੀ ਨਹਿਰ ਵਿਖੇ ਮਨਾਈ ਜਾਂਦੀ ਹੈ ਤੇ ਛੱਠ ਵਰਤੀ ਨਹਿਰ ਦੇ ਪਾਣੀ ਵਿੱਚ ਖੜ੍ਹੇ ਹੋ ਕੇ ਸੂਰਜ ਭਗਵਾਨ ਤੇ ਛਠੀ ਮਈਆ ਨੂੰ ਅਰਘ ਦੇ ਕੇ ਪੂਜਾ ਅਰਚਨਾ ਕਰਦੇ ਹਨ। ਪ੍ਰਸ਼ਾਸਨ ਵੱਲੋਂ ਵੀ ਸੁਰਖਿਆ ਦੇ ਪੁਖਤਾ ਇੰਤਜ਼ਾਮ ਕੀਤੇ ਗਏ ਸਨ। ਨਗਰ ਨਿਗਮ ਅਧਿਕਾਰੀਆਂ ਵੱਲੋਂ ਨਹਿਰ ਦੀ ਸਫਾਈ ਕਰਵਾ ਕੇ ਸਾਫ ਪਾਣੀ ਵਰਤੀਆਂ ਲਈ ਮੁਹੱਈਆ ਕਰਵਾਇਆ ਗਿਆ। ਲਗਪਗ ਪੂਰੇ ਫਗਵਾੜਾ ਹਲਕੇ ਦੇ ਪਿੰਡਾਂ ਤੇ ਸ਼ਹਿਰਾਂ ਤੋਂ ਛੱਠ ਵਰਤੀ ਚਾਚੋਕੀ ਨਹਿਰ ’ਤੇ ਪੁੱਜੇ ਤੇ ਪੂਜਾ ਅਰਚਨਾ ਕੀਤੀ। ਛੱਠ ਪੂਜਾ ਕਰਨ ਵਾਲੇ ਸ਼ਰਧਾਲੂਆਂ ਨਾਲ ਗੱਲਬਾਤ ਕਰਨ ’ਤੇ ਉਨ੍ਹਾ ਦੱਸਿਆ ਕਿ ਵਰਤ ਨਾਲ ਸ਼ੁਰੂ ਤੋਂ ਉਨ੍ਹਾਂ ਦੀ ਆਸਥਾ ਜੁੜੀ ਹੋਈ ਹੈ। ਉਹ ਛੱਠ ਪੂਜਾ ਦੌਰਾਨ ਆਪਣੀ ਮਨੋਕਮਾਨਾ ਮੰਗਦੇ ਹਨ ਤੇ ਪੂਰੀ ਹੋ ਜਾਣ ’ਤੇ ਛੱਠ ਵਰਤ ਰੱਖ ਕੇ ਸੂਰਜ ਭਗਵਾਨ ਦਾ ਸ਼ੁਕਰਾਨਾ ਕਰਦੇ ਹਨ। ਉਨ੍ਹਾਂ ਦੱਸਿਆ ਕਿ ਇਹ ਸਦੀਆਂ ਪਹਿਲਾਂ ਤੋਂ ਚੱਲੀ ਆ ਰਹੀ ਪ੍ਰਥਾ ਹੈ। ਵਰਤੀਆਂ ਨੇ ਸ਼ਾਮ ਨੂੰ ਘਾਟ ’ਤੇ ਪਾਣੀ ਵਿੱਚ ਖੜ੍ਹੇ ਹੋ ਕੇ ਸੂਰਜ ਭਗਵਾਨ ਨੂੰ ਅਰਘ ਦਿੱਤਾ ਤੇ ਵਾਪਸ ਘਰ ਆ ਕੇ ਛੱਠ ਪੂਜਾ ਕੌਸੀ ਭਰਨ ਦੀ ਪੂਜਾ ਕੀਤੀ ਤੇ ਅਗਲੇ ਦਿਨ ਸਵੇਰੇ ਦਾ ਅਰਘ ਸੂਰਜ ਭਗਵਾਨ ਨੂੰ ਦੇ ਕੇ ਛੱਠ ਵਰਤ ਦੀ ਸਮਾਪਤੀ ਕੀਤੀ ਜਾਵੇਗੀ। ਇਸ ਮੌਕੇ ਆਮ ਆਦਮੀ ਪਾਰਟੀ ਹਲਕਾ ਇੰਚਾਰਜ ਡਾਕਟਰ ਰਾਜ ਕੁਮਾਰ ਚੱਬੇਵਾਲ, ਸ਼ਹਿਰੀ ਪ੍ਰਧਾਨ ਦਲਜੀਤ ਰਾਜੂ ਦਰਵੇਸ਼, ਮਾਰਕੀਟ ਕਮੇਟੀ ਦੇ ਚੇਅਰਮੈਨ ਅਨੁਰਾਗ ਮਾਨਖੰਡ, ਸਰਪੰਚ ਵਰੁਣ ਕੁਮਾਰ, ਬਲਾਕ ਕੁਆਰਡੀਨੇਟਰ ਸਮਰ ਗੁਪਤਾ, ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਇੰਚਾਰਜ ਰਣਜੀਤ ਸਿੰਘ ਖੁਰਾਣਾ, ਸ਼ਹਿਰੀ ਪ੍ਰਧਾਨ ਹਰਵਿੰਦਰ ਸਿੰਘ ਲਵਲੀਵਾਲੀਆ, ਬੀਬੀ ਸਰਬਜੀਤ ਕੌਰ, ਸਾਬਕਾ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਆਸ਼ੂ ਸਾਪਲਾ, ਤੇਜਸਵੀ ਭਾਰਦਵਾਜ, ਬਾਲ ਬੱਦਰਸੇਨ ਦੁੱਗਲ, ਪ੍ਰਮੋਦ ਮਿਸ਼ਰਾ, ਸਾਬਕਾ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਕੈਂਥ, ਅਨੀਤਾ ਸੋਮ ਪ੍ਰਕਾਸ਼ ਕੈਂਥ,ਜ਼ਿਲ੍ਹਾ ਯੁਵਾ ਮੋਰਚਾ ਪ੍ਰਧਾਨ ਨਿਤਿਨ ਚੱਢਾ, ਸਾਬਕਾ ਮੇਅਰ ਅਰੁਣ ਖੋਸਲਾ, ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਸ਼ਰਨਜੀਤ ਸਿੰਘ, ਕੌਂਸਲਰ ਤਰਨਜੀਤ ਸਿੰਘ ਬੰਟੀ ਵਾਲੀਆ, ਨਰੇਸ਼ ਭਾਰਦਵਾਜ ਆਦਿ ਛੱਠ ਪੂਜਾ ਵਿੱਚ ਨਤਮਸਤਕ ਹੋਏ ਤੇ ਅਸ਼ੀਰਵਾਦ ਪ੍ਰਾਪਤ ਕੀਤਾ।