13 ਤੋਂ ਸ਼ੁਰੂ ਹੋ ਰਹੇ ਮੇਲਿਆਂ ਨੂੰ ਲੈ ਕੇ ਭਗਤਾਂ ’ਚ ਖੁਸ਼ੀ ਦੀ ਲਹਿਰ ਮਾਂ ਚਿੰਤਪੁਰਨੀ ਮੰਦਿਰ ’ਚ 13 ਅਗਸਤ ਤੋਂ ਸ਼ੁਰੂ ਹੋ ਰਹੇ ਮੇਲਿਆਂ ਨੂੰ ਲੈ ਕੇ ਭਗਤਾਂ ’ਚ ਖੁਸ਼ੀ ਦੀ ਲਹਿਰ
Publish Date: Sat, 08 Aug 2026 08:10 PM (IST)
Updated Date: Sat, 08 Aug 2026 08:11 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਦੇਵ ਭੂਮੀ ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਪ੍ਰਸਿੱਧ ਧਾਰਮਿਕ ਅਸਥਾਨਾਂ ’ਤੇ 13 ਅਗਸਤ ਤੋਂ ਸ਼ੁਰੂ ਹੋ ਰਹੇ ਮੇਲਿਆਂ ਨੂੰ ਲੈ ਕੇ ਪੰਜਾਬ ਸਮੇਤ ਦੇਸ਼-ਵਿਦੇਸ਼ ਦੀਆਂ ਸੰਗਤਾਂ ਵਿੱਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਖ਼ਾਸ ਕਰਕੇ ਮਾਂ ਚਿੰਤਪੁਰਨੀ ਦੇ ਦਰਬਾਰ ਵਿੱਚ ਮੱਥਾ ਟੇਕਣ ਲਈ ਹਰ ਸਾਲ ਵੱਡੀ ਗਿਣਤੀ ਵਿੱਚ ਪੰਜਾਬ ਅਤੇ ਆਸ-ਪਾਸ ਦੇ ਸੂਬਿਆਂ ਤੋਂ ਸ਼ਰਧਾਲੂ ਪਹੁੰਚਦੇ ਹਨ। ਇਸ ਵਾਰ ਵੀ ਭਗਤਾਂ ਵਿੱਚ ਮਾਤਾ ਦੇ ਦਰਸ਼ਨਾਂ ਨੂੰ ਲੈ ਕੇ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਇਨ੍ਹਾਂ ਵਿਚਾਰਾ ਦਾ ਪ੍ਰਗਟਾਵਾ ਕਰਦਿਆਂ ਪੰਡਿਤ ਰਾਹੁਲ ਸ਼ਾਸਤਰੀ ਤੇ ਸਮਾਜ ਸੇਵਕ ਹਰਜਿੰਦਰ ਗੋਗਨਾ ਨੇ ਕਿਹਾ ਕਿ ਮੇਲਿਆਂ ਦੇ ਮੱਦੇਨਜ਼ਰ ਹਿਮਾਚਲ ਦੇ ਵੱਖ-ਵੱਖ ਮੰਦਿਰਾਂ ਤੇ ਉਨ੍ਹਾਂ ਨੂੰ ਜਾਂਦੇ ਰਸਤਿਆਂ ’ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਮੰਦਿਰਾਂ ਦੇ ਆਲੇ-ਦੁਆਲੇ ਸਫ਼ਾਈ, ਸਜਾਵਟ ਤੇ ਸ਼ਰਧਾਲੂਆਂ ਦੀ ਸਹੂਲਤ ਨਾਲ ਸਬੰਧਤ ਪ੍ਰਬੰਧਾਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਧਾਰਮਿਕ ਅਸਥਾਨਾਂ ’ਤੇ ਪਹੁੰਚਣ ਵਾਲੀਆਂ ਸੰਗਤਾਂ ਦੀ ਵੱਡੀ ਗਿਣਤੀ ਨੂੰ ਦੇਖਦਿਆਂ ਪ੍ਰਬੰਧਕਾਂ ਵੱਲੋਂ ਵੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਲੰਗਰ ਕਮੇਟੀਆਂ ਨੇ ਵੀ ਵਿੱਢੀਆਂ ਤਿਆਰੀਆਂ ਮੇਲੇ ਦੌਰਾਨ ਮਾਤਾ ਦੇ ਭਗਤਾਂ ਦੀ ਸੇਵਾ ਲਈ ਪੰਜਾਬ ਤੇ ਹਿਮਾਚਲ ਸਮੇਤ ਵੱਖ-ਵੱਖ ਥਾਵਾਂ ਤੋਂ ਲੰਗਰ ਕਮੇਟੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਈ ਕਮੇਟੀਆਂ ਵੱਲੋਂ ਸ਼ਰਧਾਲੂਆਂ ਲਈ ਲੰਗਰ, ਚਾਹ-ਪਾਣੀ ਤੇ ਹੋਰ ਸੇਵਾਵਾਂ ਦੇ ਪ੍ਰਬੰਧ ਕਰਨ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਸੇਵਾਦਾਰਾਂ ਵਿੱਚ ਵੀ ਇਸ ਧਾਰਮਿਕ ਸੇਵਾ ਨੂੰ ਲੈ ਕੇ ਉਤਸ਼ਾਹ ਪਾਇਆ ਜਾ ਰਿਹਾ ਹੈ। ਪੰਜਾਬ ਤੋਂ ਵੱਡੀ ਗਿਣਤੀ ’ਚ ਪਹੁੰਚਦੇ ਹਨ ਸ਼ਰਧਾਲੂ ਮਾਂ ਚਿੰਤਪੁਰਨੀ ਸਮੇਤ ਹਿਮਾਚਲ ਦੇ ਪ੍ਰਮੁੱਖ ਧਾਰਮਿਕ ਅਸਥਾਨ ਪੰਜਾਬ ਦੇ ਲੋਕਾਂ ਦੀ ਆਸਥਾ ਨਾਲ ਵੀ ਡੂੰਘੇ ਤੌਰ ’ਤੇ ਜੁੜੇ ਹੋਏ ਹਨ। ਹਰ ਸਾਲ ਮੇਲੇ ਦੇ ਦਿਨਾਂ ਦੌਰਾਨ ਫਗਵਾੜਾ, ਜਲੰਧਰ, ਕਪੂਰਥਲਾ, ਲੁਧਿਆਣਾ, ਹੁਸ਼ਿਆਰਪੁਰ ਤੇ ਪੰਜਾਬ ਦੇ ਹੋਰ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਸ਼ਰਧਾਲੂ ਮਾਤਾ ਦੇ ਦਰਸ਼ਨਾਂ ਲਈ ਹਿਮਾਚਲ ਵੱਲ ਰੁਖ ਕਰਦੇ ਹਨ। ਇਸ ਵਾਰ ਵੀ ਕਈ ਪਰਿਵਾਰਾਂ ਅਤੇ ਧਾਰਮਿਕ ਜਥਿਆਂ ਵੱਲੋਂ ਮੇਲੇ ਵਿੱਚ ਸ਼ਾਮਲ ਹੋਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਭਗਤਾਂ ਦਾ ਕਹਿਣਾ ਹੈ ਕਿ ਮਾਂ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਪਰਿਵਾਰ ਦੀ ਖੁਸ਼ਹਾਲੀ, ਸੁੱਖ-ਸ਼ਾਂਤੀ ਤੇ ਚੜ੍ਹਦੀ ਕਲਾ ਲਈ ਅਰਦਾਸ ਕਰਨਾ ਉਨ੍ਹਾਂ ਲਈ ਵੱਡੀ ਆਸਥਾ ਦਾ ਵਿਸ਼ਾ ਹੈ। ਮੇਲੇ ਦੌਰਾਨ ਵੱਡੀ ਗਿਣਤੀ ਵਿੱਚ ਸੰਗਤ ਦੇ ਪਹੁੰਚਣ ਦੀ ਉਮੀਦ ਹੈ, ਜਿਸ ਕਾਰਨ ਧਾਰਮਿਕ ਅਸਥਾਨਾਂ ਦੇ ਆਲੇ-ਦੁਆਲੇ ਰੌਣਕ ਵਧਣ ਦੇ ਨਾਲ-ਨਾਲ ਸੇਵਾ ਕਾਰਜਾਂ ਵਿੱਚ ਵੀ ਤੇਜ਼ੀ ਆਉਣ ਦੀ ਸੰਭਾਵਨਾ ਹੈ। ਸ਼ਰਧਾਲੂਆਂ ਨੂੰ ਉਮੀਦ ਹੈ ਕਿ ਇਸ ਵਾਰ ਵੀ ਮਾਂ ਦੇ ਦਰਬਾਰ ਵਿੱਚ ਉਨ੍ਹਾਂ ਨੂੰ ਸ਼ਰਧਾ, ਭਗਤੀ ਤੇ ਸੇਵਾ ਨਾਲ ਭਰਪੂਰ ਮਾਹੌਲ ਦੇਖਣ ਨੂੰ ਮਿਲੇਗਾ।