‘ਆਪ’ ਦੀ ਮੋਗਾ ਰੈਲੀ ਫਲਾਪ ਸ਼ੋਅ ਸਾਬਤ ਹੋਈ : ਖੋਸਲਾ ਸਰਕਾਰੀ ਮਸ਼ੀਨਰੀ ਤੇ ਬੱਸਾਂ ਲਗਾਉਣ ਦੇ ਬਾਵਜੂਦ ‘ਆਪ’ ਦੀ ਮੋਗਾ ਰੈਲੀ ਫਲਾਪ ਸ਼ੋਅ ਸਾਬਤ ਹੋਈ : ਅਰੁਣ ਖੋਸਲਾ
Publish Date: Fri, 27 Nov 2026 08:17 PM (IST)
Updated Date: Fri, 27 Nov 2026 08:19 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਭਾਜਪਾ ਦੇ ਸੀਨੀਅਰ ਆਗੂ ਤੇ ਫਗਵਾੜਾ ਦੇ ਸਾਬਕਾ ਮੇਅਰ ਅਰੁਣ ਖੋਸਲਾ ਨੇ ਆਮ ਆਦਮੀ ਪਾਰਟੀ ਦੀ ਬੀਤੇ ਦਿਨੀਂ ਮੋਗਾ ਵਿਖੇ ਹੋਈ ਰੈਲੀ ਨੂੰ ਫਲਾਪ ਸ਼ੋਅ ਕਰਾਰ ਦਿੰਦਿਆਂ ਕਿਹਾ ਕਿ ਇਹ ਰੈਲੀ ਇਸ ਗੱਲ ਦਾ ਸਬੂਤ ਹੈ ਕਿ ਪੰਜਾਬ ਦੀ ਜਨਤਾ ਦਾ ਭਰੋਸਾ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਪੂਰੀ ਤਰ੍ਹਾਂ ਉੱਠ ਚੁੱਕਾ ਹੈ। ਅਰੁਣ ਖੋਸਲਾ ਨੇ ਦੋਸ਼ ਲਗਾਇਆ ਕਿ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਦਿਆਂ ਸਰਕਾਰੀ ਬੱਸਾਂ ਰਾਹੀਂ ਲੋਕਾਂ ਨੂੰ ਰੈਲੀ ਵਿੱਚ ਲਿਜਾਇਆ ਗਿਆ ਤੇ ਸਰਕਾਰੀ ਖਜ਼ਾਨੇ ’ਤੇ ਭਾਰੀ ਬੋਝ ਪਾਉਣ ਦੇ ਬਾਵਜੂਦ ਆਮ ਆਦਮੀ ਪਾਰਟੀ ਅਜਿਹਾ ਇਕੱਠ ਕਰਨ ਵਿੱਚ ਸਫਲ ਨਹੀਂ ਹੋ ਸਕੀ, ਜਿਸ ਦਾ ਕੋਈ ਸਿਆਸੀ ਪ੍ਰਭਾਵ ਦਿਖਾਈ ਦੇਵੇ। ਉਨ੍ਹਾਂ ਕਿਹਾ ਕਿ ਪੂਰਾ ਜ਼ੋਰ ਲਗਾਉਣ ਤੇ ਸਰਕਾਰੀ ਸਾਧਨਾਂ ਦੀ ਵਰਤੋਂ ਕਰਨ ਦੇ ਬਾਵਜੂਦ ਰੈਲੀ ਉਮੀਦ ਅਨੁਸਾਰ ਪ੍ਰਭਾਵ ਛੱਡਣ ਵਿੱਚ ਅਸਫਲ ਰਹੀ। ਉਨ੍ਹਾਂ ਕਿਹਾ ਕਿ ਇਸ ਦੀ ਮੁੱਖ ਵਜਾ ਪੰਜਾਬ ਦੇ ਮੌਜੂਦਾ ਹਾਲਾਤ, ਸਰਕਾਰ ਦੀਆਂ ਨੀਤੀਆਂ, ਲੋਕਾਂ ਨਾਲ ਕੀਤੇ ਅਧੂਰੇ ਵਾਅਦੇ ਤੇ ਅਰਵਿੰਦ ਕੇਜਰੀਵਾਲ ਦੀਆਂ ਝੂਠੀਆਂ ਗਾਰੰਟੀਆਂ ਹਨ। ਪੰਜਾਬ ਦੀ ਜਨਤਾ ਹੁਣ ਸਰਕਾਰ ਦੇ ਐਲਾਨਾਂ ਤੇ ਅਸਲੀਅਤ ਵਿਚਲੇ ਫ਼ਰਕ ਨੂੰ ਸਮਝ ਚੁੱਕੀ ਹੈ ਤੇ ਲੋਕਾਂ ਦੀ ਇਹ ਨਾਰਾਜ਼ਗੀ ਰੈਲੀਆਂ ਵਿੱਚ ਵੀ ਦਿਖਾਈ ਦੇਣ ਲੱਗੀ ਹੈ। ਅਰੁਣ ਖੋਸਲਾ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਹੋਣ ਜਾ ਰਹੀ ਅਕਾਲੀ-ਭਾਜਪਾ ਗੱਠਜੋੜ ਦੀ ਰੈਲੀ ਆਮ ਆਦਮੀ ਪਾਰਟੀ ਦੀ ਮੋਗਾ ਰੈਲੀ ਦੇ ਮੁਕਾਬਲੇ ਪੰਜਾਬ ਦੀ ਜਨਤਾ ਦੇ ਅਸਲ ਸਮਰਥਨ ਨੂੰ ਸਾਹਮਣੇ ਲਿਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ਗਠਜੋੜ ਦੀ ਇਹ ਰੈਲੀ ਇਤਿਹਾਸਕ ਹੋਵੇਗੀ ਤੇ ਇਹ ਸਾਬਤ ਕਰੇਗੀ ਕਿ ਪੰਜਾਬ ਵਿੱਚ ਅਗਲੀ ਸਰਕਾਰ ਅਕਾਲੀ-ਭਾਜਪਾ ਗੱਠਜੋੜ ਦੀ ਬਣਨ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਫਗਵਾੜਾ ਤੋਂ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਤੇ ਸਮਰਥਕ ਇਸ ਰੈਲੀ ਵਿੱਚ ਸ਼ਾਮਲ ਹੋਣਗੇ ਤੇ ਪੂਰੇ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਦੇ ਹੱਕ ਵਿੱਚ ਮਾਹੌਲ ਦਿਖਾਈ ਦੇਵੇਗਾ।