ਖਰਾਬ ਮੌਸਮ ਦੇ ਬਾਵਜੂਦ ਲੋਕ ਵਿਦਿਆਰਥੀਆਂ ਦੇ ਸਮਰਥਨ ’ਚ ਪਹੁੰਚੇ ਖਰਾਬ ਮੌਸਮ ਦੇ ਬਾਵਜੂਦ ਲੋਕ ਜੰਤਰ ਮੰਤਰ ਬੈਠੇ ਵਿਦਿਆਰਥੀਆਂ ਦੇ ਸਮਰਥਨ ਵਿੱਚ ਪਹੁੰਚੇ
Publish Date: Thu, 23 Jul 2026 10:37 PM (IST)
Updated Date: Thu, 23 Jul 2026 10:40 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਸਥਾਨਕ ਸ਼ਾਲੀਮਾਰ ਬਾਗ ਤੋਂ ਰੋਸ ਮਾਰਚ ਕੱਢਿਆ ਗਿਆ ਜੋ ਜਲੌਖਾਨਾ ਚੌਂਕ, ਸਦਰ ਬਜ਼ਾਰ, ਸ਼ਹੀਦ ਭਗਤ ਸਿੰਘ ਤੋਂ ਹੁੰਦਾ ਹੋਇਆ ਬੱਸ ਸਟੈਂਡ ’ਚ ਸਮਾਪਤ ਹੋਇਆ। ਇਹ ਰੋਸ ਮਾਰਚ ਜੰਤਰ ਮੰਤਰ ਦਿੱਲੀ ’ਚ ਆਪਣੀਆਂ ਹੱਕੀ ਮੰਗਾਂ ਲਈ ਧਰਨੇ ’ਤੇ ਬੈਠੇ ਵਿਦਿਆਰਥੀਆਂ ’ਤੇ ਹੋਏ ਅੰਨ੍ਹੇ ਤਸ਼ੱਦਦ ਦਾ ਵਿਰੋਧ ਕਰਨ ਲਈ ਤੇ ਵਿਦਿਆਰਥੀਆਂ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਕੱਢਿਆ ਗਿਆ। ਬਹੁਤ ਖਰਾਬ ਮੌਸਮ ਹੋਣ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਕਾਰਕੁੰਨ, ਮਾਪੇ ਤੇ ਵਿਦਿਆਰਥੀ ਇਸ ’ਚ ਸ਼ਾਮਲ ਹੋਏ ਤੇ ਕੇਂਦਰ ਸਰਕਾਰ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ। ਮਾਰਚ ਵੱਖ-ਵੱਖ ਪੜਾਵਾਂ ’ਤੇ ਰੁਕਿਆ ਤੇ ਬੁਲਾਰਿਆਂ ਨੇ ਸੰਬੋਧਨ ਕੀਤਾ। ਅਧਿਆਪਕ ਆਗੂ ਕੁਸ਼ਲ ਕੁਮਾਰ ਨੇ ਕਿਹਾ ਕਿ ਸਰਕਾਰ ਸਿੱਖਿਆ ਤੰਤਰ ਨੂੰ ਬਰਬਾਦ ਕਰ ਰਹੀ ਹੈ। ਸਿੱਖਿਆ ਸੰਸਥਾਵਾਂ ਦਾ ਕੇਂਦਰੀਕਰਨ ਕਰਕੇ ਆਰਐੱਸਐੱਸ ਦੀ ਦਖ਼ਲਅੰਦਾਜ਼ੀ ਵਧਾ ਰਹੀ ਹੈ। ਮਿਆਰੀ ਟੈਸਟਾਂ ਨੂੰ ਕਰਵਾਉਣ ਵਿੱਚ ਅਸਫਲ ਹੋ ਕੇ ਨੌਜਵਾਨਾਂ ਦਾ ਭਵਿੱਖ ਤਬਾਹ ਕੀਤਾ ਜਾ ਰਿਹਾ ਹੈ। ਕਿਰਤੀ ਕਿਸਾਨ ਯੂਨੀਅਨ ਆਗੂ ਬਲਵਿੰਦਰ ਭੁੱਲਰ, ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਕੁਲਵੰਤ ਜੋਸਨ ਭਾਰਤੀ ਕਿਸਾਨ ਯੂਨੀਅਨ ਬਾਗੀ ਦੇ ਗੁਰਦੀਪ ਭੰਡਾਲ ਨੇ ਕਿਹਾ ਕਿ ਕਿਸਾਨ ਤੇ ਮਜ਼ਦੂਰ ਧਰਨੇ ’ਤੇ ਬੈਠੇ ਵਿਦਿਆਰਥੀਆਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਡੰਡੇ ਦੇ ਜ਼ੋਰ ਨਾਲ ਲੋਕਾਂ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। ਰੇਲਵੇ ਕਰਮਚਾਰੀ ਯੂਨੀਅਨ ਦੇ ਆਗੂਆਂ ਇੰਜ. ਜੀਤ ਸਿੰਘ, ਅਰਵਿੰਦ ਪ੍ਰਸ਼ਾਦ ਨੇ ਲਾਠੀਚਾਰਜ ਦੀ ਹਰਕਤ ਨੂੰ ਸ਼ਰਮਨਾਕ ਤੇ ਲੋਕਤੰਤਰ ’ਤੇ ਧੱਬਾ ਦੱਸਿਆ। ਗੌਰਮੈਂਟ ਪੈਨਸ਼ਨਰ ਯੂਨੀਅਨ ਦੇ ਆਗੂ ਮੁਹੰਮਦ ਯੂਨਸ ਅੰਸਾਰੀ ਨੇ ਆਏ ਹੋਏ ਜਥੇਬੰਦੀਆਂ ਦੇ ਆਗੂਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਨ ਡੀਟੀਐੱਫ ਦੇ ਜਨਰਲ ਸਕੱਤਰ ਤਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਜੋਗਾ ਸਿੰਘ ਅਟਵਾਲ ਕ੍ਰਿਸ਼ਚਨ ਆਗੂ, ਸੀਨੀਅਰ ਸਿਟੀਜਨ ਵੈੱਲਫੇਅਰ ਐਸੋਸੀਏਸ਼ਨ ਵੱਲੋਂ ਕਰਨੈਲ ਸਿੰਘ, ਰਮਨਦੀਪ ਕੌਰ ਸੇਵਾ ਕੇਂਦਰ ਯੂਨੀਅਨ, ਮਨਦੀਪ ਸਿੰਘ ਤੇ ਰਣਜੀਤ ਸਿੰਘ ਪਟਵਾਰ ਯੂਨੀਅਨ ਕਪੂਰਥਲਾ, ਮਹਿੰਦਰਜੀਤ ਸਿੰਘ ਚੇਅਰਮੈਨ ਜਾਗਰੂਕ ਅੰਬੇਡਕਰ ਸੰਸਥਾ, ਅਵਤਾਰ ਸਿੰਘ ਗਿੱਲ ਰਣਜੀਤ ਸਿੰਘ ਭਾਰਤੀ ਸਮਾਜ ਨਿਰਮਾਣ ਸੰਘ, ਸੁਨਿਸ਼ਾ ਸ਼ਰਮਾ, ਜਸਵਿੰਦਰ ਪਾਲ ਐਜੂਕੇਸ਼ਨਲਿਸਟ, ਮਾਸਟਰ ਹਰਨੇਕ ਸਿੰਘ, ਸੁਖਪਾਲ ਸਿੰਘ, ਅਵਤਾਰ ਸਿੰਘ ਗਿੱਲ, ਜਸਵੀਰ ਚੰਦ, ਪੁਨਨ ਸਿੰਘ ਸਿੱਧੂ, ਸਰਵਜੀਤ ਸਿੰਘ ਰੇਲਵੇ ਇਮਪਲੋਈਜ ਐਸੋਸੀਏਸ਼ਨ, ਪ੍ਰਵੀਨ ਨਾਹਰ, ਸੌਰਵ ਨਾਹਰ, ਜੀਵਨ ਜੋਤ ਮੱਲੀ, ਅਨੀਤਾ ਕੁਮਾਰੀ, ਹਰਮਿੰਦਰ ਕੌਰ, ਆਦਿ ਸ਼ਾਮਲ ਹੋਏ।