ਸਿਆਸੀ ਪਾਰਟੀਆਂ ਨਾਲ ਡੀਸੀ ਨੇ ਕੀਤੀ ਮੀਟਿੰਗ ਡਿਪਟੀ ਕਮਿਸ਼ਨਰ ਵੱਲੋਂ ਸਿਆਸੀ ਪਾਰਟੀਆਂ ਨਾਲ ਐਸ.ਆਈ.ਆਰ. ਦੀ ਪ੍ਰਗਤੀ ਦਾ ਜਾਇਜ਼ਾ
Publish Date: Tue, 22 Sep 2026 09:01 PM (IST)
Updated Date: Tue, 22 Sep 2026 09:03 PM (IST)
--ਨੋਟਿਸ ਸੁਣਵਾਈ ਲਈ ਹਾਜ਼ਰ ਨਾ ਹੋਣ ਵਾਲੇ ਵੋਟਰਾਂ ਦੀਆਂ ਸੂਚੀਆਂ ਨੁਮਾਇੰਦਿਆਂ ਨੂੰ ਸੌਂਪੀਆਂ --ਜ਼ਿਲ੍ਹੇ ਦੀ ਵੈੱਬਸਾਈਟ ਤੇ ਕੀਤੀਆਂ ਅਪਲੋਡ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਪਾਲਣਾ ਕਰਦਿਆਂ, ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਅੱਜ ਜ਼ਿਲ੍ਹੇ ਵਿੱਚ ਵੋਟਰ ਸੂਚੀਆਂ ਦੀ ਚੱਲ ਰਹੀ ਸਪੈਸ਼ਲ ਇੰਟੈਂਸਿਵ ਰਿਵੀਜ਼ਨ ਦਾ ਜਾਇਜ਼ਾ ਲੈਣ ਲਈ ਸਾਰੀਆਂ ਮਾਨਤਾ ਪ੍ਰਾਪਤ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ, ਡਿਪਟੀ ਕਮਿਸ਼ਨਰ ਨੇ ਨੁਮਾਇੰਦਿਆਂ ਨੂੰ ਐਸ.ਆਈ.ਆਰ. ਪ੍ਰਕਿਰਿਆ ਦੌਰਾਨ ਪ੍ਰਾਪਤ ਹੋਏ ਦਾਅਵਿਆਂ ਅਤੇ ਇਤਰਾਜ਼ਾਂ ਬਾਰੇ ਜਾਣੂ ਕਰਵਾਇਆ ਤੇ 13 ਅਗਸਤ ਤੋਂ 8 ਅਕਤੂਬਰ 2026 ਤੱਕ ਨੋਟਿਸ ਪੜਾਅ ਦੌਰਾਨ ਅਨਮੈਪਡ ਵੋਟਰਾਂ ਤੇ ਤਰਕਸੰਗਤ ਖਾਮੀਆਂ ਵਾਲੇ ਵੋਟਰਾਂ ਨਾਲ ਸਬੰਧਤ ਕਾਰਵਾਈਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਉਨ੍ਹਾਂ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਉਨ੍ਹਾਂ ਵੋਟਰਾਂ ਦੀਆਂ ਸੂਚੀਆਂ ਵੀ ਸੌਂਪੀਆਂ ਜੋ ਆਪਣੀ ਨੋਟਿਸ ਸੁਣਵਾਈ ਲਈ ਹਾਜ਼ਰ ਨਹੀਂ ਹੋਏ ਸਨ। ਸਬੰਧਤ ਲੋਕਾਂ ਦੀ ਜਾਣਕਾਰੀ ਲਈ ਇਹ ਸੂਚੀਆਂ ਜ਼ਿਲ੍ਹਾ ਪ੍ਰਸ਼ਾਸਨ ਦੀ ਅਧਿਕਾਰਤ ਵੈੱਬਸਾਈਟ kapurthala.gov.in ਤੇ ਵੀ ਅਪਲੋਡ ਕਰ ਦਿੱਤੀਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਪਾਰਟੀ ਵਰਕਰਾਂ ਤੇ ਬੂਥ ਲੈਵਲ ਏਜੰਟਾਂ (ਬੀਐੱਲਏ) ਰਾਹੀਂ, ਅਨਮੈਪਡ ਤੇ ਤਰਕਸੰਗਤ ਖਾਮੀਆਂ ਵਾਲੀ ਸ਼੍ਰੇਣੀ ਵਿੱਚ ਆਉਂਦੇ ਉਨ੍ਹਾਂ ਵੋਟਰਾਂ ਵੱਲੋਂ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾਉਣ ਵਿੱਚ ਪੂਰਾ ਸਹਿਯੋਗ ਦੇਣ। ਉਨ੍ਹਾਂ ਸਿਆਸੀ ਪਾਰਟੀਆਂ ਨੂੰ ਅਜਿਹੇ ਵੋਟਰਾਂ ਦੀ ਹਰ ਸੰਭਵ ਮਦਦ ਕਰਨ ਤੇ ਇਹ ਯਕੀਨੀ ਬਣਾਉਣ ਲਈ ਕਿਹਾ ਕਿ ਲੋੜੀਂਦੇ ਦਸਤਾਵੇਜ਼ 30 ਸਤੰਬਰ, 2026 ਤੱਕ ਜਮ੍ਹਾਂ ਕਰਵਾਏ ਜਾਣ, ਤਾਂ ਜੋ ਦਾਅਵਿਆਂ ਤੇ ਇਤਰਾਜ਼ਾਂ ਦਾ ਨਿਰਧਾਰਤ ਸਮੇਂ ਦੇ ਅੰਦਰ ਨਿਪਟਾਰਾ ਕੀਤਾ ਜਾ ਸਕੇ। ਇਸ ਮੌਕੇ ਆਪ ਵੱਲੋਂ ਪਰਵਿੰਦਰ ਸਿੰਘ ਢੋਟ, ਇੰਦਰਜੀਤ ਸਿੰਘ ਜੁਗਨੂੰ, ਸ਼੍ਰੋਮਣੀ ਅਕਾਲੀ ਦਲ ਵੱਲੋਂ ਦਲਵਿੰਦਰ ਸਿੰਘ, ਕਾਂਗਰਸ ਵੱਲੋਂ ਬਲਜੀਤ ਸਿੰਘ, ਬਸਪਾ ਵੱਲੋਂ ਜਸਵੰਤ ਸਿੰਘ, ਬਲਦੇਵ ਸਿੰਘ, ਰਾਕੇਸ਼ ਕੁਮਾਰ, ਸੀਪੀਆਈ (ਐੱਮ) ਵੱਲੋਂ ਬਲਦੇਵ ਸਿੰਘ ਤੇ ਸੀਪੀਆਈ ਵੱਲੋਂ ਕੇਐੱਲ ਕੌਸ਼ਲ ਸ਼ਾਮਲ ਸਨ।