ਜਨਗਣਨਾ-2027 ਦੇ ਫੇਜ਼-II ਦੀਆਂ ਤਿਆਰੀਆਂ ਦਾ ਡੀਸੀ ਨੇ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਵੱਲੋਂ ਜਨਗਣਨਾ-2027 ਦੇ ਫੇਜ਼-II ਦੀਆਂ ਤਿਆਰੀਆਂ ਦਾ ਜਾਇਜ਼ਾ
Publish Date: Tue, 22 Sep 2026 08:59 PM (IST)
Updated Date: Tue, 22 Sep 2026 09:00 PM (IST)
ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਅੱਜ ਜਨਗਣਨਾ-2027 ਦੇ ਦੂਜੇ ਪੜਾਅ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਜ਼ਿਲ੍ਹੇ ਦੇ ਸਾਰੇ ਉਪ-ਮੰਡਲ ਮਜਿਸਟ੍ਰੇਟਾਂ ਤੇ ਚਾਰਜ ਅਫਸਰਾਂ ਨਾਲ ਵਰਚੁਅਲ ਮੀਟਿੰਗ ਕੀਤੀ। ਦੱਸਣਯੋਗ ਹੈ ਕਿ ਇਹ ਪੜਾਅ ਪੰਜਾਬ ਵਿੱਚ 1 ਦਸੰਬਰ 2026 ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਸਾਰੇ ਚਾਰਜ ਅਫਸਰਾਂ ਨੂੰ ਹਦਾਇਤ ਕੀਤੀ ਕਿ ਉਹ ਇਹ ਯਕੀਨੀ ਬਣਾਉਣ ਕਿ ਜਨਗਣਨਾ ਨਾਲ ਜੁੜਿਆ ਹਰ ਇੱਕ ਅਮਲਾ ਮਿੱਥੀਆਂ ਗਈਆਂ ਸਿਖਲਾਈ (ਟਰੇਨਿੰਗ) ਕਲਾਸਾਂ ਵਿੱਚ ਲਾਜ਼ਮੀ ਹਾਜ਼ਰ ਹੋਵੇ ਤੇ ਜਨਗਣਨਾ ਦੇ ਕੰਮ ਨਾਲ ਜੁੜੀਆਂ ਪ੍ਰਕਿਰਿਆਵਾਂ, ਡਿਊਟੀਆਂ ਤੇ ਜ਼ਿੰਮੇਵਾਰੀਆਂ ਤੋਂ ਪੂਰੀ ਤਰ੍ਹਾਂ ਜਾਣੂ ਹੋਵੇ। ਉਨ੍ਹਾਂ ਜਨਗਣਨਾ ਨੂੰ ਸੁਚਾਰੂ ਤੇ ਸਹੀ ਢੰਗ ਨਾਲ ਨੇਪਰੇ ਚਾੜ੍ਹਨ ਲਈ ਆਪਸੀ ਤਾਲਮੇਲ ਤੇ ਪਹਿਲਾਂ ਤੋਂ ਤਿਆਰੀ ਰੱਖਣ ਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਜ਼ਮੀਨੀ ਪੱਧਰ ਤੇ ਕੀਤੇ ਜਾ ਰਹੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਤੋਂ ਘਰ-ਘਰ ਜਾ ਕੇ ਡਾਟਾ ਇਕੱਠਾ ਕਰਨ ਵਾਲੇ ਅਮਲੇ (ਐਨੂਮਰੇਟਰਾਂ) ਦੀ ਸਿਖਲਾਈ, ਡਾਟਾ ਇਕੱਤਰੀਕਰਨ ਦੀ ਪ੍ਰਕਿਰਿਆ, ਤੈਅ ਫਾਰਮੈਟਾਂ ਅਤੇ ਹੋਰ ਕਾਰਜਸ਼ੀਲ ਪੱਖਾਂ ਬਾਰੇ ਫੀਡਬੈਕ ਲਈ। ਉਨ੍ਹਾਂ ਐੱਸਡੀਐੱਮਜ਼ ਤੇ ਚਾਰਜ ਅਫਸਰਾਂ ਨੂੰ ਹਦਾਇਤ ਕੀਤੀ ਕਿ ਫੀਲਡ ਵਿੱਚ ਕੰਮ ਸ਼ੁਰੂ ਹੋਣ ਤੋਂ ਪਹਿਲਾਂ ਸਾਰੇ ਕਰਮਚਾਰੀਆਂ ਨੂੰ ਚੰਗੀ ਤਰ੍ਹਾਂ ਸਿਖਲਾਈ ਦਿੱਤੀ ਜਾਵੇ ਤੇ ਉਹ ਜਨਗਣਨਾ ਦੇ ਨਿਯਮਾਂ ਤੋਂ ਪੂਰੀ ਤਰ੍ਹਾਂ ਜਾਣੂ ਹੋਣ। ਮੀਟਿੰਗ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਕਿ ਪੰਜਾਬ ਵਿੱਚ ਜਨਗਣਨਾ ਦਾ ਦੂਜਾ ਪੜਾਅ 1 ਦਸੰਬਰ 2026 ਤੋਂ 4 ਜਨਵਰੀ 2027 ਤੱਕ ਚੱਲੇਗਾ, ਜਦਕਿ ਸੋਧ (ਰਿਵੀਜ਼ਨ) ਪੜਾਅ 5 ਜਨਵਰੀ ਤੋਂ 9 ਜਨਵਰੀ 2027 ਤੱਕ ਹੋਵੇਗਾ। ਐਨੂਮਰੇਟਰ ਲੋੜੀਂਦਾ ਡਾਟਾ ਇਕੱਠਾ ਕਰਨ ਲਈ 1 ਦਸੰਬਰ ਤੋਂ ਘਰ-ਘਰ ਜਾਣਗੇ। ਇਸ ਤੋਂ ਇਲਾਵਾ, ਨਾਗਰਿਕ ਫੀਲਡ ਵਿੱਚ ਗਣਨਾ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ 16 ਨਵੰਬਰ ਤੋਂ 30 ਨਵੰਬਰ 2026 ਤੱਕ ਖੁੱਲ੍ਹਣ ਵਾਲੇ ਸੈਲਫ਼-ਐਨੂਮਰੇਸ਼ਨ ਪੋਰਟਲ (ਆਪਣੀ ਗਣਨਾ ਖੁਦ ਕਰਨ ਵਾਲੇ ਪੋਰਟਲ) ਰਾਹੀਂ ਆਨਲਾਈਨ ਆਪਣੀ ਜਨਗਣਨਾ ਪੂਰੀ ਕਰ ਸਕਣ।