ਡਿਪਟੀ ਕਮਿਸ਼ਨਰ ਨੇ ਸੁਲਤਾਨਪੁਰ ਲੋਧੀ ’ਚ ਡਰੋਨ ਸ਼ੋਅ ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ ਡਿਪਟੀ ਕਮਿਸ਼ਨਰ ਵੱਲੋਂ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿਖੇ ਡ੍ਰੋਨ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ
Publish Date: Fri, 28 Aug 2026 09:55 PM (IST)
Updated Date: Fri, 28 Aug 2026 09:58 PM (IST)
3 ਸਤੰਬਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਤੇ ਸਿੱਖਿਆਵਾਂ ਨੂੰ ਦਰਸਾਉਂਦਾ ਪ੍ਰਭਾਵਸ਼ਾਲੀ ਹਵਾਈ ਪ੍ਰਦਰਸ਼ਨ ਹੋਵੇਗਾ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਅੱਜ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਦਾ ਦੌਰਾ ਕਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਵਜੋਂ 3 ਸਤੰਬਰ ਨੂੰ ਕਰਵਾਏ ਜਾਣ ਵਾਲੇ ਸ਼ਾਨਦਾਰ ਡਰੋਨ ਸ਼ੋਅ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਨਾਲ ਐੱਸਡੀਐੱਮ ਜਸਜੀਤ ਸਿੰਘ, ਏਐੱਸਪੀ ਸੁਲਤਾਨਪੁਰ ਲੋਧੀ ਧੀਰੇਂਦਰ ਵਰਮਾ, ਐੱਸਪੀ ਮੁਕੇਸ਼ ਕੁਮਾਰ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਹ ਸ਼ਾਨਦਾਰ ਡਰੋਨ ਸ਼ੋਅ 3 ਸਤੰਬਰ ਨੂੰ ਸ਼ਾਮ 7 ਵਜੇ ਸੁਲਤਾਨਪੁਰ ਲੋਧੀ ਦੀ ਦਾਣਾ ਮੰਡੀ ਵਿਖੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਰਾਤ ਦੇ ਆਕਾਸ਼ ਵਿੱਚ ਇਹ ਪ੍ਰਭਾਵਸ਼ਾਲੀ ਡਿਜੀਟਲ ਪ੍ਰਦਰਸ਼ਨ ਇੱਕ ਆਕਰਸ਼ਕ ਹਵਾਈ ਪੇਸ਼ਕਾਰੀ ਰਾਹੀਂ ਸ੍ਰੀ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਤੇ ਸਿੱਖਿਆਵਾਂ ਨੂੰ ਦਰਸਾਏਗਾ, ਜਿਸ ਵਿੱਚ ਨਵੀਂ ਪੀੜ੍ਹੀ ਨੂੰ ਗੁਰੂ ਸਾਹਿਬ ਦੇ ਅਮਰ ਸੰਦੇਸ਼ ਨਾਲ ਜੋੜਨ ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਇਹ ਡਰੋਨ ਸ਼ੋਅ ਲਗਭਗ 25 ਤੋਂ 30 ਮਿੰਟ ਦਾ ਹੋਵੇਗਾ। ਡਿਪਟੀ ਕਮਿਸ਼ਨਰ ਨੇ ਸਾਰੇ ਸਬੰਧਤ ਵਿਭਾਗਾਂ ਨੂੰ ਨਿਰਦੇਸ਼ ਦਿੱਤੇ ਕਿ ਸ਼ਰਧਾਲੂਆਂ ਤੇ ਸੰਗਤਾਂ ਦੀ ਸਹੂਲਤ ਲਈ ਸਮੇਂ ਸਿਰ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾਣ। ਉਨ੍ਹਾਂ ਖਾਸ ਤੌਰ ਤੇ ਸਮਾਗਮ ਵਾਲੀ ਥਾਂ ਤੇ ਬੈਠਣ ਦੇ ਢੁਕਵੇਂ ਪ੍ਰਬੰਧ, ਪੀਣ ਵਾਲੇ ਸਾਫ਼ ਪਾਣੀ, ਸਫ਼ਾਈ, ਸੁਰੱਖਿਆ ਤੇ ਹੋਰ ਜ਼ਰੂਰੀ ਸਹੂਲਤਾਂ ਤੇ ਜ਼ੋਰ ਦਿੱਤਾ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਸਮਾਗਮਾਂ ਦੇ ਹਿੱਸੇ ਵਜੋਂ, ਅਜਿਹੇ ਹੀ ਡਰੋਨ ਸ਼ੋਅ 1 ਸਤੰਬਰ ਨੂੰ ਫਗਵਾੜਾ ਦੇ ਸ੍ਰੀ ਹਰਗੋਬਿੰਦ ਸਿੰਘ ਸਾਹਿਬ ਜੀ ਸਟੇਡੀਅਮ/ਬਾਬਾ ਗਦੀਆ ਗਰਾਊਂਡ, 2 ਸਤੰਬਰ ਨੂੰ ਦਾਣਾ ਮੰਡੀ ਭੁਲੱਥ ਤੇ 5 ਸਤੰਬਰ ਨੂੰ ਗੁਰੂ ਨਾਨਕ ਸਟੇਡੀਅਮ ਕਪੂਰਥਲਾ ਵਿਖੇ ਵੀ ਹੋਣਗੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਸਾਰੇ ਵਿਭਾਗਾਂ ਵਿਚਕਾਰ ਆਪਸੀ ਤਾਲਮੇਲ ਬਣਾਏ ਰੱਖਣ ਤੇ ਪ੍ਰਬੰਧਾਂ ਨੂੰ ਯੋਜਨਾਬੱਧ ਢੰਗ ਨਾਲ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਸ਼ਰਧਾਲੂ ਇਸ ਸ਼ਾਨਦਾਰ ਪੇਸ਼ਕਾਰੀ ਨੂੰ ਆਰਾਮ ਨਾਲ ਤੇ ਸੁਰੱਖਿਅਤ ਢੰਗ ਨਾਲ ਦੇਖ ਸਕਣ।