- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਡਿਪਟੀ ਕਮਿਸ਼ਨਰ ਵੱਲੋਂ ਫੂਡ ਸੇਫਟੀ ਵਿੰਗ ਨੂੰ ਚੈਕਿੰਗ ਤੇਜ਼ ਕਰਨ ਅਤੇ ਸੈਂਪਲਿੰਗ ਵਧਾਉਣ ਦੇ ਨਿਰਦੇਸ਼

-ਫੂਡ ਸੇਫਟੀ ਵਿੰਗ ਚੈਕਿੰਗ ਤੇ ਸੈਂਪਲਿੰਗ ਤੇਜ਼ ਕਰੇ : ਡੀਸੀ
-ਡੀਸੀ ਵੱਲੋਂ ਮਿਡ-ਡੇ-ਮੀਲ ਦੀ ਨਿਯਮਤ ਜਾਂਚ ਦੇ ਹੁਕਮ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਪੰਜਾਬ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਦੀ ਲੋਕਾਂ ਦੀ ਸਿਹਤ ਦੀ ਰਾਖੀ ਕਰਨ ਤੇ ਮਿਆਰੀ ਤੇ ਸੁਰੱਖਿਅਤ ਖਾਧ ਪਦਾਰਥਾਂ ਦੀ ਉਪਲਬਧਤਾ ਯਕੀਨੀ ਬਣਾਉਣ ਦੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਵੱਲੋਂ ਅੱਜ ਜ਼ਿਲ੍ਹਾ ਪੱਧਰੀ ਐਡਵਾਈਜ਼ਰੀ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ ਗਈ। ਮੀਟਿੰਗ ਵਿੱਚ ਸਿਹਤ ਵਿਭਾਗ ਦੇ ਫੂਡ ਸੇਫਟੀ ਵਿੰਗ ਦੇ ਕੰਮਕਾਜ, ਖਾਧ ਪਦਾਰਥਾਂ ਦੀ ਸੈਂਪਲਿੰਗ, ਜਾਗਰੂਕਤਾ ਗਤੀਵਿਧੀਆਂ ਤੇ ਜ਼ਿਲ੍ਹੇ ਵਿੱਚ ਚੱਲ ਰਹੀਆਂ ਫੂਡ ਸੇਫਟੀ ਪਹਿਲਕਦਮੀਆਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ ਗਿਆ। ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਫੂਡ ਸੇਫਟੀ ਵਿੰਗ ਨੂੰ ਖਾਣ-ਪੀਣ ਦੀਆਂ ਦੁਕਾਨਾਂ/ਸੰਸਥਾਵਾਂ ਦੀ ਚੈਕਿੰਗ ਤੇਜ਼ ਕਰਨ ਤੇ ਸੈਂਪਲਿੰਗ ਵਧਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਅਧਿਕਾਰੀਆਂ ਨੂੰ ਇਹ ਵੀ ਕਿਹਾ ਕਿ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤੀ ਨਾਲ ਪਾਲਣਾ ਹੋਵੇ, ਇਸ ਲਈ ਰਾਜ ਦੇ ਹੋਰ ਹਿੱਸਿਆਂ ਤੋਂ ਜ਼ਿਲ੍ਹੇ ਵਿੱਚ ਦਾਖਲ ਹੋਣ ਵਾਲੇ ਖਾਧ ਪਦਾਰਥਾਂ ਵਾਲੇ ਵਾਹਨਾਂ ਦੀ ਨਿਯਮਤ ਚੈਕਿੰਗ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਘੱਟੋ-ਘੱਟ ਤਿੰਨ ਸਕੂਲਾਂ ਵਿੱਚ ਮਿਡ-ਡੇ-ਮੀਲ ਦੀ ਨਿਯਮਤ ਜਾਂਚ ਤੇ ਸੈਂਪਲਿੰਗ ਕਰਨ ਦੇ ਵੀ ਨਿਰਦੇਸ਼ ਦਿੱਤੇ। ਉਨ੍ਹਾਂ ਸ਼ਾਲੀਮਾਰ ਬਾਗ, ਮਾਲ ਰੋਡ ਤੇ ਫਗਵਾੜਾ ਦੇ ਹਰਗੋਬਿੰਦ ਨਗਰ ਸਮੇਤ ਜ਼ਿਲ੍ਹੇ ਦੇ ਹੋਰ ਬਾਜ਼ਾਰਾਂ ਤੇ ਭੀੜ-ਭੜੱਕੇ ਵਾਲੇ ਇਲਾਕਿਆਂ ਵਿੱਚ ਚੱਲ ਰਹੇ ਫੂਡ ਸਟਾਲਾਂ ਦੀ ਚੈਕਿੰਗ ਤੇਜ਼ ਕਰਨ ਦੇ ਹੁਕਮ ਦਿੱਤੇ। ਉਨ੍ਹਾਂ ਵੱਖ-ਵੱਖ ਖਾਧ ਪਦਾਰਥਾਂ ਨੂੰ ਤਲਣ ਲਈ ਖਾਣਾ ਪਕਾਉਣ ਵਾਲਾ ਤੇਲ ਵਰਤਣ ਵਾਲੇ ਫੂਡ ਬਿਜ਼ਨਸ ਆਪਰੇਟਰਾਂ, ਜਿਵੇਂ ਕਿ ਮਿਠਾਈ ਦੀਆਂ ਦੁਕਾਨਾਂ ਦੇ ਮਾਲਕ, ਹੋਟਲ, ਰੈਸਟੋਰੈਂਟ ਤੇ ਫਾਸਟ ਫੂਡ ਦਾ ਕਾਰੋਬਾਰ ਕਰਨ ਵਾਲਿਆਂ ਸਮੇਤ ਹੋਰ ਫੂਡ ਬਿਜ਼ਨਸ ਆਪਰੇਟਰਾਂ ਨੂੰ ਹਦਾਇਤ ਕੀਤੀ ਕਿ ਉਹ ਫੂਡ ਸੇਫਟੀ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਤੇ ਇਹ ਪੂਰੀ ਤਰ੍ਹਾਂ ਯਕੀਨੀ ਬਣਾਉਣ ਕਿ ਜਿਸ ਖਾਣਾ ਪਕਾਉਣ ਵਾਲੇ ਤੇਲ ਵਿੱਚ ਟੋਟਲ ਪੋਲਰ ਕੰਪਾਊਂਡਸ 25% ਤੋਂ ਵੱਧ ਵਿਕਸਿਤ ਹੋ ਚੁੱਕੇ ਹਨ, ਉਸ ਨੂੰ ਅਗਲੀ ਵਰਤੋਂ ਤੋਂ ਪਹਿਲਾਂ ਤਾਜ਼ੇ ਤੇਲ ਨਾਲ ਟੌਪ-ਅੱਪ ਕੀਤਾ ਜਾਵੇ ਜਾਂ ਫੂਡ ਚੇਨ ਵਿੱਚ ਅਗਲੀ ਵਰਤੋਂ ਤੋਂ ਹਟਾ ਕੇ ਰੱਦ ਕਰ ਦਿੱਤਾ ਜਾਵੇ ਤਾਂ ਜੋ ਵਧੇ ਹੋਏ ਟੋਟਲ ਪੋਲਟ ਕੰਪਾਊਂਡਸ ਦੇ ਮਨੁੱਖੀ ਦਿਲ ਤੇ ਸਰੀਰ ਦੇ ਹੋਰ ਮਹੱਤਵਪੂਰਨ ਅੰਗਾਂ 'ਤੇ ਪੈਣ ਵਾਲੇ ਮਾੜੇ ਪ੍ਰਭਾਵਾਂ ਤੋਂ ਲੋਕਾਂ ਦੀ ਸਿਹਤ ਦੀ ਰਾਖੀ ਕੀਤੀ ਜਾ ਸਕੇ।
ਉਨ੍ਹਾਂ ਸਿੱਖਿਆ ਵਿਭਾਗ ਨੂੰ ਹਦਾਇਤ ਕੀਤੀ ਕਿ ਸ਼ਹਿਰੀ ਖੇਤਰਾਂ ਵਿੱਚ ਸਕੂਲਾਂ ਦੇ 50 ਮੀਟਰ ਤੇ ਦਿਹਾਤੀ ਖੇਤਰਾਂ ਵਿੱਚ 100 ਮੀਟਰ ਦੇ ਘੇਰੇ ਵਿੱਚ ਐਨਰਜੀ ਡਰਿੰਕਸ ਦੀ ਵਿਕਰੀ 'ਤੇ ਪਾਬੰਦੀ ਲਾਗੂ ਹੋਵੇ। ਉਨ੍ਹਾਂ ਇਨ੍ਹਾਂ ਨਿਰਦੇਸ਼ਾਂ ਦੀ ਨਿਯਮਤ ਨਿਗਰਾਨੀ ਤੇ ਸਖ਼ਤੀ ਨਾਲ ਪਾਲਣਾ ਕਰਨ 'ਤੇ ਜ਼ੋਰ ਦਿੱਤਾ। ਡਿਪਟੀ ਕਮਿਸ਼ਨਰ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੇ ਸਾਰੇ ਆਂਗਣਵਾੜੀ ਸੈਂਟਰ ਫੂਡ ਸੇਫਟੀ ਐਂਡ ਸਟੈਂਡਰਡਜ਼ ਅਥਾਰਟੀ ਆਫ ਇੰਡੀਆ ਕੋਲ ਰਜਿਸਟਰਡ ਹੋਣ, ਕਿਉਂਕਿ ਬੱਚਿਆਂ ਨੂੰ ਦਿੱਤੇ ਜਾਣ ਵਾਲੇ ਭੋਜਨ ਦੀ ਗੁਣਵੱਤਾ ਤੇ ਸੁਰੱਖਿਆ ਲਈ ਰਜਿਸਟ੍ਰੇਸ਼ਨ ਤੇ ਖੁਰਾਕ ਸੁਰੱਖਿਆ ਮਾਪਦੰਡਾਂ ਦੀ ਪਾਲਣਾ ਜ਼ਰੂਰੀ ਹੈ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਦੀ ਸਿਹਤ ਤੇ ਭਲਾਈ ਦੀ ਰਾਖੀ ਲਈ ਵਚਨਬੱਧ ਹੈ ਤੇ ਪੂਰੇ ਜ਼ਿਲ੍ਹੇ ਵਿੱਚ ਫੂਡ ਸੇਫਟੀ ਮਾਪਦੰਡਾਂ ਦੀ ਸਖ਼ਤ ਨਿਗਰਾਨੀ ਤੇ ਪਾਲਣਾ ਜਾਰੀ ਰਹੇਗੀ।