ਨਹਿਰ ਕਿਨਾਰੇ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਪੀਲਾ ਪੰਜਾ ਹੁਸ਼ਿਆਰਪੁਰ ਰੋਡ 'ਤੇ ਬਾਈਪਾਸ ਨੇੜੇ ਨਹਿਰ ਕਿਨਾਰੇ ਨਾਜਾਇਜ਼ ਕਬਜ਼ਿਆਂ 'ਤੇ ਚੱਲਿਆ ਪੀਲਾ ਪੰਜਾ
Publish Date: Mon, 23 Nov 2026 07:16 PM (IST)
Updated Date: Mon, 23 Nov 2026 07:19 PM (IST)
ਆਸ਼ੀਸ਼ ਸ਼ਰਮਾ ਪੰਜਾਬੀ ਜਾਗਰਣ ਫਗਵਾੜਾ : ਸ਼ਹਿਰ ਵਿੱਚ ਸਰਕਾਰੀ ਜ਼ਮੀਨਾਂ ਤੇ ਨਹਿਰ ਕਿਨਾਰੇ ਕੀਤੇ ਗਏ ਨਾਜਾਇਜ਼ ਕਬਜ਼ਿਆਂ ਖ਼ਿਲਾਫ਼ ਸਮਾਜ ਸੇਵੀ ਮਨਦੀਪ ਸਿੰਘ ਦੋਸਾਂਝ ਵੱਲੋਂ ਵਿੱਢੀ ਗਈ ਮੁਹਿੰਮ ਤੋਂ ਬਾਅਦ ਪ੍ਰਸ਼ਾਸਨ ਨੇ ਸਖ਼ਤ ਰੁਖ਼ ਅਖ਼ਤਿਆਰ ਕਰਦਿਆਂ ਵੱਡੀ ਕਾਰਵਾਈ ਕੀਤੀ ਹੈ। ਹੁਸ਼ਿਆਰਪੁਰ ਰੋਡ ਤੇ ਬਾਈਪਾਸ ਦੇ ਨਜ਼ਦੀਕ ਨਹਿਰ ਦੀ ਜ਼ਮੀਨ ਤੇ ਪਿਛਲੇ ਕਰੀਬ 10 ਤੋਂ 12 ਸਾਲਾਂ ਤੋਂ ਬਣਾਏ ਗਏ ਨਾਜਾਇਜ਼ ਥੜ੍ਹਿਆਂ ਤੇ ਝੁੱਗੀਆਂ ਨੂੰ ਜੇਸੀਬੀ ਮਸ਼ੀਨਾਂ ਦੀ ਮਦਦ ਨਾਲ ਢਾਹ ਦਿੱਤਾ ਗਿਆ। ਇਸ ਮੌਕੇ ਨਹਿਰੀ ਵਿਭਾਗ (ਇਰੀਗੇਸ਼ਨ), ਨਗਰ ਨਿਗਮ ਤੇ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੀਆਂ ਸਾਂਝੀਆਂ ਟੀਮਾਂ ਪੁਲਿਸ ਫੋਰਸ ਸਮੇਤ ਮੌਕੇ ਤੇ ਮੌਜੂਦ ਰਹੀਆਂ। ਨਹਿਰ ਦੇ ਪਾਣੀ ਚ ਡਿੱਗ ਰਹੀ ਸੀ ਗੰਦਗੀ, ਬਿਮਾਰੀਆਂ ਫੈਲਣ ਦਾ ਸੀ ਖ਼ਤਰਾ ਮੌਕੇ ਤੇ ਮੌਜੂਦ ਸਮਾਜ ਸੇਵੀ ਮਨਦੀਪ ਸਿੰਘ ਦੋਸਾਂਝ ਨੇ ਇਸ ਗੰਭੀਰ ਮਸਲੇ ਨੂੰ ਉਭਾਰਦਿਆਂ ਦੱਸਿਆ ਕਿ ਕਬਜ਼ਾਧਾਰਕਾਂ ਵੱਲੋਂ ਨਹਿਰ ਦੇ ਬਿਲਕੁਲ ਉੱਪਰ ਨਾਜਾਇਜ਼ ਤੌਰ ਤੇ ਲੈਟਰੀਨ-ਬਾਥਰੂਮ ਬਣਾਏ ਹੋਏ ਸਨ। ਇਨ੍ਹਾਂ ਪਖਾਨਿਆਂ ਦੀ ਸਾਰੀ ਗੰਦਗੀ ਤੇ ਮਲ-ਮੂਤਰ ਸਿੱਧਾ ਨਹਿਰ ਦੇ ਪਾਣੀ ਵਿੱਚ ਜਾ ਰਿਹਾ ਸੀ, ਜਿਸ ਕਾਰਨ ਨਾ ਸਿਰਫ਼ ਪਾਣੀ ਦੂਸ਼ਿਤ ਹੋ ਰਿਹਾ ਸੀ, ਸਗੋਂ ਇਲਾਕੇ ਵਿੱਚ ਭਿਆਨਕ ਬਿਮਾਰੀਆਂ ਫੈਲਣ ਦਾ ਖ਼ਤਰਾ ਵੀ ਬਣਿਆ ਹੋਇਆ ਸੀ। ਉਨ੍ਹਾਂ ਕਿਹਾ ਕਿ ਹੁਣ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਜਨਤਕ ਸਿਹਤ ਤੇ ਸਰਕਾਰੀ ਜਾਇਦਾਦ ਨਾਲ ਖਿਲਵਾੜ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਮਨਦੀਪ ਸਿੰਘ ਦੋਸਾਂਝ ਨੇ ਸਪੱਸ਼ਟ ਕੀਤਾ ਕਿ ਜਲੰਧਰ ਵਾਂਗ ਫਗਵਾੜਾ ਵਿੱਚ ਵੀ ਇਹ ਕਾਰਵਾਈ ਪੂਰੀ ਕਾਨੂੰਨੀ ਪ੍ਰਕਿਰਿਆ ਤੇ ਪੇਪਰ ਵਰਕ ਮੁਕੰਮਲ ਕਰਨ ਤੋਂ ਬਾਅਦ ਹੀ ਅਮਲ ਵਿੱਚ ਲਿਆਂਦੀ ਗਈ ਹੈ। ਉਨ੍ਹਾਂ ਨਾਜਾਇਜ਼ ਕਬਜ਼ਾਧਾਰਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਕਿ ਉਹ ਖ਼ੁਦ ਹੀ ਸਰਕਾਰੀ ਜ਼ਮੀਨਾਂ ਖ਼ਾਲੀ ਕਰ ਦੇਣ, ਨਹੀਂ ਤਾਂ ਪ੍ਰਸ਼ਾਸਨ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ, ਮੁੱਖ ਮੰਤਰੀ ਭਗਵੰਤ ਮਾਨ ਤੇ ਹਲਕਾ ਇੰਚਾਰਜ ਦਾ ਧੰਨਵਾਦ ਕਰਦਿਆਂ ਐਲਾਨ ਕੀਤਾ ਕਿ ਅਗਲੇ ਪੜਾਅ ਵਿੱਚ ਸ਼ਹਿਰ ਦੇ ਹੋਰ ਹਿੱਸਿਆਂ ਵਿੱਚ ਰੱਖੇ ਨਾਜਾਇਜ਼ ਖੋਖੇ ਵੀ ਹਟਾਏ ਜਾਣਗੇ। ਨੋਟਿਸ ਦੇਣ ਦੇ ਬਾਵਜੂਦ ਨਹੀਂ ਹਟਾਏ ਸਨ ਕਬਜ਼ੇ ਸਿੰਚਾਈ ਵਿਭਾਗ ਦੇ ਜੇਈ ਸ਼ਿਵਮ ਨੇ ਦੱਸਿਆ ਕਿ ਵਿਭਾਗ ਨੂੰ ਹੁਸ਼ਿਆਰਪੁਰ ਰੋਡ ਤੇ ਬਾਈਪਾਸ ਦੇ ਨਜ਼ਦੀਕ ਨਹਿਰ ਦੀ ਜ਼ਮੀਨ ਤੇ ਨਾਜਾਇਜ਼ ਕਬਜ਼ੇ ਹੋਣ ਦੀਆਂ ਸ਼ਿਕਾਇਤਾਂ ਮਿਲੀਆਂ ਸਨ। ਵਿਭਾਗ ਵੱਲੋਂ ਕਬਜ਼ਾਧਾਰਕਾਂ ਨੂੰ ਲਿਖਤੀ ਨੋਟਿਸ ਜਾਰੀ ਕਰਕੇ ਸੱਤ ਦਿਨਾਂ ਦੇ ਅੰਦਰ ਆਪਣੇ-ਆਪ ਕਬਜ਼ੇ ਹਟਾਉਣ ਦਾ ਸਮਾਂ ਦਿੱਤਾ ਗਿਆ ਸੀ। ਸਮਾਂ ਸੀਮਾ ਖ਼ਤਮ ਹੋਣ ਦੇ ਬਾਵਜੂਦ ਜਦੋਂ ਕਬਜ਼ੇ ਨਾ ਹਟਾਏ ਗਏ ਤਾਂ ਇਨ੍ਹਾਂ ਨੂੰ ਸਾਫ਼ ਕਰਵਾਇਆ ਗਿਆ। ਫਿਲਹਾਲ ਕਿਸੇ ਨੂੰ ਕੋਈ ਜੁਰਮਾਨਾ ਨਹੀਂ ਲਗਾਇਆ ਗਿਆ।