- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਸਰਕਾਰੀ ਕਾਲਜਾਂ ਦੇ ਗੈਸਟ ਪ੍ਰੋਫੈਸਰਾਂ ਦੀਆਂ ਸੇਵਾਵਾਂ ਨੂੰ ਨਿਯਮਿਤ ਕਰਨ ਦੀ ਮੰਗ

ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਸੂਬੇ ਦੇ ਸਰਕਾਰੀ ਕਾਲਜਾਂ ਵਿੱਚ ਦਹਾਕਿਆਂ ਤੋਂ ਸੇਵਾਵਾਂ ਨਿਭਾ ਰਹੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੂੰ ਪਹਿਲ ਦੇ ਆਧਾਰ 'ਤੇ ਨਿਯਮਿਤ ਕੀਤਾ ਜਾਵੇ। ਸਥਾਨਕ ਨਵਾਬ ਜੱਸਾ ਸਿੰਘ ਆਹਲੂਵਾਲੀਆ ਸਰਕਾਰੀ ਕਾਲਜ ਵਿੱਚ ਕੰਮ ਕਰਦੇ ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਾਂ ਨੇ ਲਾਮਬੰਦੀ ਇਕੱਤਰਤਾ ਕਰਨ ਉਪਰੰਤ ਇਹ ਮੰਗ ਕਰਦਿਆਂ ਕਿਹਾ ਕਿ ਉਹ ਨਿਗੂਣੀਆਂ ਤਨਖਾਹਾਂ 'ਤੇ ਸੇਵਾਵਾਂ ਨਿਭਾ ਰਹੇ ਹਨ, ਪਰ ਹਾਲੇ ਤੱਕ ਵੀ ਉਨ੍ਹਾਂ ਦੀ ਨੌਕਰੀ ਨੂੰ ਪੱਕਾ ਨਹੀਂ ਕੀਤਾ ਗਿਆ। ਗੈਸਟ ਫੈਕਲਟੀ ਸਹਾਇਕ ਪ੍ਰੋਫੈਸਰਜ਼ ਸੰਯੁਕਤ ਫਰੰਟ ਦੇ ਸੂਬਾਈ ਆਗੂ ਡਾ. ਰਾਵਿੰਦਰ ਸਿੰਘ ਮਾਨਸਾ, ਪ੍ਰੋ. ਗੁਰਸੇਵ ਸਿੰਘ ਪਟਿਆਲਾ, ਡਾ. ਪਰਮਜੀਤ ਸਿੰਘ ਸ਼੍ਰੀ ਅੰਮ੍ਰਿਤਸਰ ਸਾਹਿਬ, ਪ੍ਰੋ .ਮਹੁੰਮਦ ਤਨਵੀਰ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਮੌਕੇ 'ਆਪ' ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ ਉਨ੍ਹਾਂ ਦੀਆਂ ਸੇਵਾਵਾਂ ਨੂੰ ਸਰਕਾਰ ਬਣਨ 'ਤੇ ਨਿਯਮਤ ਕਰਕੇ ਸਰਕਾਰੀ ਖਜ਼ਾਨਾ 'ਚੋਂ ਬਣਦੀਆਂ ਤਨਖਾਹਾਂ ਦੇਣ ਦਾ ਐਲਾਨ ਕੀਤਾ ਸੀ, ਪਰ ਅਗਲੀਆਂ ਵਿਧਾਨ ਸਭਾ ਚੋਣਾਂ ਸਿਰ 'ਤੇ ਹਨ, ਪ੍ਰੰਤੂ ਇਹ ਵਾਅਦਾ ਹਾਲੇ ਤੱਕ ਵਫ਼ਾ ਨਹੀਂ ਹੋਇਆ ਹੈ।
ਕਾਲਜ ਪ੍ਰਤੀਨਿਧੀ ਪ੍ਰੋ. ਹਰਸਿਮਰਨ ਕੌਰ ਨੇ ਕਿਹਾ ਕਿ ਉਨ੍ਹਾਂ ਆਪਣੀ ਜ਼ਿੰਦਗੀ ਦਾ ਸੁਨਿਹਰੀ ਸਮਾਂ ਕਾਲਜਾਂ ਦੀ ਬੇਹਤਰੀ ਤੇ ਵਿਦਿਆਰਥੀਆਂ ਨੂੰ ਪੜ੍ਹਾਉਣ ਦੇ ਲੇਖੇ ਲਾਇਆ ਹੈ, ਪਰ ਉਨ੍ਹਾਂ ਦੀਆਂ ਨੌਕਰੀਆਂ 'ਤੇ ਤਲਵਾਰ ਹਾਲੇ ਵੀ ਲਟਕਦੀ ਹੈ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਉਚੇਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੋਂ ਮੰਗ ਕੀਤੀ ਕਿ ਉਨ੍ਹਾਂ ਦੀਆਂ ਸੇਵਾਵਾਂ ਨੂੰ ਵੇਖਦੇ ਹੋਏ ਨੌਕਰੀਆਂ ਸੁਰੱਖਿਅਤ ਕੀਤੀਆਂ ਜਾਣ। ਇਸ ਮੌਕੇ ਪ੍ਰੋਫੈਸਰ ਦਲਜੀਤ ਕਲੇਰ, ਪ੍ਰੋ. ਕੁਲਵਿੰਦਰ ਕੁਮਾਰ, ਪ੍ਰੋ. ਸੰਧਿਆ ਤੁਲੀ, ਪ੍ਰੋ. ਗੀਤਾ ਰਾਣੀ, ਪ੍ਰੋ. ਭੁਪਿੰਦਰ ਕੌਰ, ਪ੍ਰੋ. ਅਨੀਤਾ, ਪ੍ਰੋ. ਜੋਤੀ ਦੇਵੀ, ਪ੍ਰੋ. ਵਸੁੰਧਰਾ, ਪ੍ਰੋ. ਰਜਨੀ, ਪ੍ਰੋ. ਜਸਪ੍ਰੀਤ ਕੌਰ ਆਦਿ ਹਾਜ਼ਰ ਸਨ।