ਡੱਲਾ ਸਾਹਿਬ ਦੇ ਮੇਲੇ ਤੋਂ ਪਹਿਲਾਂ ਪਾਸ ਹੋਈਆਂ ਸੜਕਾਂ ਬਣਾਉਣ ਦੀ ਮੰਗ ਡੱਲਾ ਸਾਹਿਬ ਦੇ ਮੇਲੇ ਤੋਂ ਪਹਿਲਾਂ ਪਾਸ ਹੋਈਆਂ ਸੜਕਾਂ ਬਣਾਉਣ ਦੀ ਮੰਗ
Publish Date: Mon, 21 Sep 2026 10:12 PM (IST)
Updated Date: Mon, 21 Sep 2026 10:14 PM (IST)
--ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਐਕਸੀਅਨ ਪੀਡਬਲਯੂਡੀ ਨੂੰ ਸੌਂਪਿਆ ਮੰਗ ਪੱਤਰ --ਸੜਕਾਂ ਦਾ ਨਿਰਮਾਣ ਜਲਦ ਨਾ ਹੋਇਆ ਤਾਂ ਵੱਡਾ ਐਕਸ਼ਨ ਕਰਨ ਦੀ ਚਿਤਾਵਨੀ ਪਰਮਜੀਤ ਸਿੰਘ, ਪੰਜਾਬੀ ਜਾਗਰਣ ਆਰਸੀਐੱਫ\ਡਡਵਿੰਡੀ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਦੇ ਪ੍ਰਧਾਨ ਸਰਵਣ ਸਿੰਘ ਬਾਊਪੁਰ ਤੇ ਮੀਤ ਪ੍ਰਧਾਨ ਪਰਮਜੀਤ ਸਿੰਘ ਪੱਕੇ ਕੋਠੇ ਦੀ ਅਗਵਾਈ ਹੇਠ ਵਫ਼ਦ ਵੱਲੋਂ ਐਕਸੀਅਨ ਪੀਡਬਲਯੂਡੀ ਨੂੰ ਮੰਗ ਪੱਤਰ ਸੌਂਪਿਆ ਗਿਆ। ਇਸ ਦੌਰਾਨ ਆਗੂਆਂ ਨੇ ਸੁਲਤਾਨਪੁਰ ਲੋਧੀ ਹਲਕੇ ਵਿੱਚ ਪਾਸ ਹੋ ਚੁੱਕੀਆਂ ਸੜਕਾਂ ਦਾ ਨਿਰਮਾਣ ਡੱਲਾ ਸਾਹਿਬ ਦੇ ਮੇਲੇ ਤੋਂ ਪਹਿਲਾਂ ਕਰਵਾਉਣ ਦੀ ਮੰਗ ਕੀਤੀ ਗਈ। ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਡੱਲਾ ਸਾਹਿਬ ਵਿਖੇ ਭਾਰੀ ਮੇਲਾ ਲੱਗਣ ਜਾ ਰਿਹਾ ਹੈ, ਜਿਸ ਵਿੱਚ ਦੂਰ-ਦੁਰਾਡੇ ਤੋਂ ਵੱਡੀ ਗਿਣਤੀ ਵਿੱਚ ਸੰਗਤ ਪਹੁੰਚਦੀ ਹੈ। ਇਸ ਲਈ ਇਲਾਕੇ ਦੀਆਂ ਖ਼ਰਾਬ ਤੇ ਪਾਸ ਹੋ ਚੁੱਕੀਆਂ ਸੜਕਾਂ ਦਾ ਨਿਰਮਾਣ ਜਲਦ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਮੰਗ ਕੀਤੀ ਕਿ ਪਿੰਡ ਡੱਲਾ ਤੋਂ ਅਮਰਜੀਤਪੁਰ ਤੇ ਕਰਮਜੀਤਪੁਰ ਤੱਕ ਪਾਸ ਕੀਤੀ ਸੜਕ, ਪਿੰਡ ਰਣਧੀਰਪੁਰ ਤੋਂ ਡੇਰਾ ਸੁਰਜੀਤ ਸਿੰਘ ਤੱਕ ਪਾਸ ਹੋਇਆ ਰੋਡ, ਭੌਰ ਤੋਂ ਸੇਚਾ ਤੇ ਅਹਿਮਦਪੁਰ ਰੋਡ, ਜਿਸ ’ਤੇ ਵੱਟਾ ਪਾਇਆ ਗਿਆ ਹੈ, ਲੋਹੀਆਂ ਤੋਂ ਸ਼ਾਹਜਹਾਨਪੁਰ ਰੋਡ ਅਤੇ ਸਰੂਪਵਾਲ ਮੇਨ ਰੋਡ ਤੋਂ ਪਿੰਡ ਤੱਕ ਜਾਣ ਵਾਲੀ ਸੜਕ ਦਾ ਕੰਮ ਤੁਰੰਤ ਸ਼ੁਰੂ ਕਰਵਾਇਆ ਜਾਵੇ। ਕਿਸਾਨ ਆਗੂਆਂ ਨੇ ਕਿਹਾ ਕਿ ਜੇਕਰ ਇਹ ਸੜਕਾਂ ਜਲਦ ਤੋਂ ਜਲਦ ਨਾ ਬਣਾਈਆਂ ਗਈਆਂ ਤਾਂ ਜਥੇਬੰਦੀ ਵੱਲੋਂ ਵੱਡਾ ਐਕਸ਼ਨ ਉਲੀਕਿਆ ਜਾਵੇਗਾ। ਇਸ ਤੋਂ ਇਲਾਵਾ ਵਫ਼ਦ ਵੱਲੋਂ ਐਕਸੀਅਨ ਪਾਵਰਕਾਮ ਕਪੂਰਥਲਾ ਨਾਲ ਵੀ ਮੁਲਾਕਾਤ ਕੀਤੀ ਗਈ। ਆਗੂਆਂ ਨੇ ਦੱਸਿਆ ਕਿ ਭਾਗੋਬੁੱਢਾ ਫੀਡਰ ’ਤੇ ਵੱਧ ਲੋਡ ਹੋਣ ਕਾਰਨ ਇਲਾਕੇ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਰਹਿੰਦੀ ਹੈ। ਉਨ੍ਹਾਂ ਮੰਗ ਕੀਤੀ ਕਿ ਲੋਕਾਂ ਦੀ ਮੁਸ਼ਕਲ ਨੂੰ ਦੇਖਦਿਆਂ ਭਾਗੋਬੁੱਢਾ ਗ੍ਰਿਡ ਦੇ ਨਾਲ ਹੋਰ ਗ੍ਰਿਡ ਦੀ ਸਹੂਲਤ ਦਿੱਤੀ ਜਾਵੇ, ਤਾਂ ਜੋ ਬਿਜਲੀ ਸਪਲਾਈ ਵਿੱਚ ਸੁਧਾਰ ਹੋ ਸਕੇ। ਇਸ ਮੌਕੇ ਸੁਖਵਿੰਦਰ ਸਿੰਘ ਸੌਨੀ, ਬਲਜਿੰਦਰ ਸਿੰਘ ਸ਼ੇਰਪੁਰ, ਰਣਜੀਤ ਸਿੰਘ, ਤਰਸੇਮ ਸਿੰਘ, ਬਲਵਿੰਦਰ ਸਿੰਘ ਬੰਬ ਅਮਰਜੀਤਪੁਰ ਸਮੇਤ ਹੋਰ ਆਗੂ ਹਾਜ਼ਰ ਸਨ।