ਪਵਿੱਤਰ ਵੇਈਂ ਨੂੰ ਗੰਦਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਹੋਵੇ
ਪਵਿੱਤਰ ਕਾਲੀ ਵੇਈਂ ਨੂੰ ਗੰਦਾ ਕਰਨ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਦੀ ਕੀਤੀ ਮੰਗ
Publish Date: Thu, 26 Mar 2026 10:09 PM (IST)
Updated Date: Thu, 26 Mar 2026 10:11 PM (IST)

ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਪਵਿੱਤਰ ਸ਼ਹਿਰ ਸੁਲਤਾਨਪੁਰ ਲੋਧੀ ਦੀ ਕਾਲੀ ਵੇਈਂ ਨੂੰ ਸਾਫ਼ ਤੇ ਪ੍ਰਦੂਸ਼ਣ ਰਹਿਤ ਬਣਾਉਣ ਲਈ ਲਗਾਤਾਰ ਯਤਨ ਕੀਤੇ ਜਾ ਰਹੇ ਹਨ। ਇਸ ਦੇ ਬਾਵਜੂਦ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਵੇਈਂ ਦੇ ਕਿਨਾਰੇ ਪਲਾਸਟਿਕ ਕੂੜਾ ਸੁੱਟ ਕੇ ਗੰਦਗੀ ਫੈਲਾਈ ਜਾ ਰਹੀ ਹੈ। ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸਾਹਮਣੇ ਵੇਈਂ ਕੰਡੇ ਲੱਗੇ ਕੂੜੇ ਦੇ ਢੇਰਾਂ ‘ਤੇ ਚਿੰਤਾ ਜਤਾਉਂਦੇ ਹੋਏ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਸੇਵਕ ਤੇ ਵਾਤਾਵਰਣ ਪ੍ਰੇਮੀ ਮਨੋਜ ਸ਼ਰਮਾ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਵੇਈਂ ਦੇ ਦੋਵੇਂ ਪਾਸੇ ਸੰਤ ਸੀਚੇਵਾਲ ਵੱਲੋਂ ਬਣਾਏ ਗਏ ਰਾਹਾਂ ਉਪਰ ਨਿਗਰਾਨੀ ਤੇ ਚੌਕਸੀ ਨੂੰ ਤੇਜ਼ ਕੀਤਾ ਜਾਵੇ ਤੇ ਅਜਿਹੇ ਲੋਕਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ, ਜੋ ਧਾਰਮਿਕ ਮਹਤੱਵ ਵਾਲੀ ਨਦੀ ਨੂੰ ਪ੍ਰਦੂਸ਼ਿਤ ਕਰਨ ਦੀ ਨਿੰਦਣਯੋਗ ਜੁਰਅਤ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਬਣਨ ਤੋਂ ਪਹਿਲਾਂ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਾਰਸੇਵਾ ਰਾਹੀਂ ਬਾਬਾ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਨੂੰ ਨਾ ਸਿਰਫ ਸਾਫ-ਸੁਥਰਾ ਬਣਾਇਆ ਬਲਕਿ ਇਤਿਹਾਸਕ ਗੁਰਦੁਆਰਾ ਸ਼੍ਰੀ ਸੰਤ ਘਾਟ ਸਾਹਿਬ ਤੋਂ ਲੈ ਕੇ ਗੁਰਦੁਆਰਾ ਸ੍ਰੀ ਬੇਰ ਸਾਹਿਬ ਤੱਕ ਪੱਕੇ ਰਾਹਾਂ ਦਾ ਵੀ ਨਿਰਮਾਣ ਕਰਕੇ ਵੱਡੀ ਗਿਣਤੀ ਵਿਚ ਰੁੱਖ ਲਗਾਏ ਹਨ। ਉਨ੍ਹਾਂ ਦੱਸਿਆ ਕਿ 26 ਸਾਲਾਂ ਤੋਂ ਵੇਈਂ ਤੇ ਇਸਦੇ ਚੌਗਿਰਦੇ ਨੂੰ ਲਗਾਤਾਰ ਸਾਫ ਰੱਖਣ ਲਈ ਹੱਥੀਂ ਸੇਵਾ ਕਰ ਰਹੇ ਸੰਤ ਸੀਚੇਵਾਲ ਵੱਲੋਂ ਸੰਗਤਾਂ ਲਈ ਸੁੰਦਰ ਘਾਟਾਂ ਦਾ ਵੀ ਨਿਰਮਾਣ ਕੀਤਾ ਗਿਆ ਤਾਂ ਕਿ ਦੇਸ਼-ਦੁਨੀਆਂ ਦੇ ਸ਼ਰਧਾਲੂ ਸ਼ਰਧਾ ਨਾਲ ਇਸ਼ਨਾਨ ਕਰ ਸਕਣ। ਉਨ੍ਹਾਂ ਕਿਹਾ ਕਿ ਗੁਰੂ ਕੇ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੇ ਰਾਹਾਂ ਨੂੰ ਸਾਫ-ਸੁਥਰਾ ਤੇ ਮਰਯਾਦਾ ਅਨੁਸਾਰ ਬਣਾਏ ਰੱਖਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿੰਮੇਵਾਰੀ ਹੈ।