8 ਕਰੋੜ 70 ਲੱਖ ਦੇ ਟੈਂਡਰ ਰੱਦ ਕਰਨਾ ਸਹੀ ਫੈਸਲਾ : ਸਲਵਾਨ 8 ਕਰੋੜ 70 ਲੱਖ ਦੇ ਟੈਂਡਰ ਰੱਦ ਹੋਣ ’ਤੇ ਦੀਪਕ ਸਲਵਾਨ ਤੇ ਰਜਿੰਦਰ ਸਿੰਘ ਵਾਲੀਆ ਵੱਲੋਂ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ
Publish Date: Sat, 08 Aug 2026 09:38 PM (IST)
Updated Date: Sat, 08 Aug 2026 09:41 PM (IST)
ਰਜਿੰਦਰ ਸਿੰਘ ਵਾਲੀਆ ਨੇ ਡਿਪਟੀ ਕਮਿਸ਼ਨਰ ਦਾ ਕੀਤਾ ਧੰਨਵਾਦ ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਅੱਜ ਏਕਤਾ ਭਵਨ ਵਿਖੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਦੀਪਕ ਸਲਵਾਨ ਤੇ ਸ਼ਹਿਰੀ ਉਪ-ਪ੍ਰਧਾਨ ਰਜਿੰਦਰ ਸਿੰਘ ਵਾਲੀਆ ਨੇ ਸਾਂਝੇ ਬਿਆਨ ਵਿੱਚ ਪਿਛਲੇ ਦਿਨੀਂ ਨਗਰ ਨਿਗਮ ਕਪੂਰਥਲਾ ਦੇ ਲਗਭਗ 8 ਕਰੋੜ 70 ਲੱਖ ਰੁਪਏ ਦੇ ਰੱਦ ਹੋਏ ਟੈਂਡਰਾਂ ਸਬੰਧੀ ਗੱਲ ਕਰਦਿਆਂ ਕਿਹਾ ਕਿ ਸਾਬਕਾ ਕੌਂਸਲਰ ਬਲਜੀਤ ਸਿੰਘ ਕਾਲਾ ਵੱਲੋਂ ਇਸ ਮਾਮਲੇ ਦੀ ਜਾਂਚ ਲਈ ਨਗਰ ਨਿਗਮ ਕਮਿਸ਼ਨਰ, ਡਿਪਟੀ ਕਮਿਸ਼ਨਰ, ਸਬੰਧਤ ਐੱਸਈ ਤੇ ਡਾਇਰੈਕਟਰ ਲੋਕਲ ਬਾਡੀਜ਼ ਨੂੰ ਸ਼ਿਕਾਇਤ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਟੈਂਡਰ ਵਿੱਚ ਨਿਰਧਾਰਤ ਸ਼ਰਤਾਂ ਪੂਰੀਆਂ ਨਾ ਹੋਣ ਕਾਰਨ ਟੈਂਡਰ ਰੱਦ ਕੀਤਾ ਗਿਆ। ਦੋਵਾਂ ਆਗੂਆਂ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਦਾ ਵਿਸ਼ੇਸ਼ ਧੰਨਵਾਦ ਕਰਦਿਆਂ ਕਿਹਾ ਕਿ ਪਾਰਦਰਸ਼ੀ ਢੰਗ ਨਾਲ ਜਾਂਚ ਕਰਕੇ ਲਿਆ ਗਿਆ ਇਹ ਫੈਸਲਾ ਕਪੂਰਥਲਾ ਦੇ ਲੋਕਾਂ ਦੇ ਟੈਕਸ ਦੇ ਪੈਸੇ ਨੂੰ ਬਚਾਉਣ ਵਾਲਾ ਹੈ। ਉਨ੍ਹਾਂ ਕਿਹਾ ਕਿ ਜਨਤਾ ਦਾ ਪੈਸਾ ਸਿਰਫ਼ ਵਿਕਾਸ ਕਾਰਜਾਂ ’ਤੇ ਖਰਚ ਹੋਣਾ ਚਾਹੀਦਾ ਹੈ ਤੇ ਕਿਸੇ ਵੀ ਤਰ੍ਹਾਂ ਦੇ ਕਥਿਤ ਕਮਿਸ਼ਨ ਜਾਂ ਨਿੱਜੀ ਲਾਭ ਦੀ ਸੰਭਾਵਨਾ ਨੂੰ ਰੋਕਣਾ ਜ਼ਰੂਰੀ ਹੈ। ਇਕ ਅਕਾਲੀ ਆਗੂ ਵੱਲੋਂ ਟੈਂਡਰ ਦੇ ਹੱਕ ਵਿੱਚ ਦਿੱਤੇ ਬਿਆਨਾਂ ’ਤੇ ਪ੍ਰਤੀਕਿਰਿਆ ਦਿੰਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਬਿਆਨਬਾਜ਼ੀ ਤੋਂ ਇਹ ਮਹਿਸੂਸ ਹੁੰਦਾ ਹੈ ਕਿ ਉਹ ਆਮ ਆਦਮੀ ਪਾਰਟੀ ਦੇ ਵਰਕਰ ਵਜੋਂ ਕੰਮ ਕਰ ਰਹੇ ਹਨ। ਇਸ ਦੇ ਨਾਲ ਹੀ ਦੋਵਾਂ ਆਗੂਆਂ ਨੇ ਉਕਤ ਆਗੂ ਵੱਲੋਂ ਵਰਤੇ ਗਏ ਕਥਿਤ ਫਿਰਕਾਪ੍ਰਸਤ ਤੇ ਸਮਾਜ ਨੂੰ ਵੰਡਣ ਵਾਲੇ ਸ਼ਬਦਾਂ ਦੀ ਸਖ਼ਤ ਨਿਖੇਧੀ ਕੀਤੀ। ਉਨ੍ਹਾਂ ਕਿਹਾ, ਕਿਰਪਾ ਕਰਕੇ ਕਪੂਰਥਲਾ ਦੇ ਭਾਈਚਾਰੇ ਨੂੰ ਖਰਾਬ ਨਾ ਕਰੋ, ਬੜੀ ਮੁਸ਼ਕਿਲ ਨਾਲ ਕਪੂਰਥਲਾ ਦਾ ਮਾਹੌਲ ਸ਼ਾਂਤਮਈ ਤੇ ਭਾਈਚਾਰਕ ਸਾਂਝ ਵਾਲਾ ਬਣਿਆ ਹੈ। ਸਿਆਸੀ ਲਾਭ ਲਈ ਅਜਿਹੀ ਬਿਆਨਬਾਜ਼ੀ ਨਾ ਕੀਤੀ ਜਾਵੇ, ਜਿਸ ਨਾਲ ਸਮਾਜ ਵਿੱਚ ਵੰਡ ਪੈਦਾ ਹੋਵੇ। ਉਨ੍ਹਾਂ ਕਿਹਾ ਕਿ ਰਾਜਨੀਤੀ ਵਿਕਾਸ ਤੇ ਲੋਕਾਂ ਦੇ ਮੁੱਦਿਆਂ ’ਤੇ ਹੋਣੀ ਚਾਹੀਦੀ ਹੈ। ਕਪੂਰਥਲਾ ਦੀ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਕਿਸੇ ਵੀ ਕੀਮਤ ’ਤੇ ਸਮਝੌਤਾ ਨਹੀਂ ਕੀਤਾ ਜਾਵੇ। ਇਸ ਮੌਕੇ ਅਜਮੇਰ ਸਿੰਘ ਸੰਨੀ ਬੱਲ, ਤਰਸੇਮ ਲਾਲ, ਨਵਜੋਤ ਸਿੰਘ ਵਾਲੀਆ, ਨਰੈਣ ਵਸ਼ਿਸ਼ਟ, ਬਲਜੀਤ ਸਿੰਘ ਕਾਲਾ, ਮਨਮੋਹਨ ਸਿੰਘ ਬਾਜਵਾ, ਧੀਰਜ ਭੱਟੀ, ਪ੍ਰੇਮ ਅਟਵਾਲ, ਸਿੰਮਾ ਵਾਲੀਆ, ਸੋਮ ਨਾਥ ਸੁਮੀਤ ਆਦਿ ਹਾਜ਼ਰ ਸਨ।