ਉੱਘੇ ਸਮਾਜ ਸੇਵਕ ਸੰਤੋਖ ਸਿੰਘ ਸਪਰਾ ਦਾ ਦੇਹਾਂਤ
ਸਪਰਾ ਪਰਿਵਾਰ ਨੂੰ ਗਹਿਰਾ ਸਦਮਾ, ਉੱਘੇ ਸਮਾਜ ਸੇਵਕ ਸੰਤੋਖ ਸਿੰਘ ਸਪਰਾ ਦਾ ਦੇਹਾਂਤ
Publish Date: Sat, 17 Oct 2026 08:04 PM (IST)
Updated Date: Sat, 17 Oct 2026 08:06 PM (IST)
ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਫਗਵਾੜਾ ਸ਼ਹਿਰ ਦੇ ਉੱਘੇ ਸਮਾਜ ਸੇਵਕ ਤੇ ਇਲੈਕਟ੍ਰੋਨਿਕ ਕਾਰੋਬਾਰ ਦੀ ਦੁਨੀਆ ਵਿੱਚ ਬਾਬਾ ਬੋਹੜ ਵਜੋਂ ਜਾਣੇ ਜਾਂਦੇ ਸੰਤੋਖ ਸਿੰਘ ਸਪਰਾ ਜੌਨਸਨ ਦੇ ਬੇਵਕਤੀ ਦੇਹਾਂਤ ਨਾਲ ਸਪਰਾ ਪਰਿਵਾਰ ਸਮੇਤ ਸ਼ਹਿਰ ਵਿੱਚ ਸੋਗ ਦੀ ਲਹਿਰ ਦੌੜ ਗਈ। ਉਨ੍ਹਾਂ ਦੇ ਦੇਹਾਂਤ ਦੀ ਖ਼ਬਰ ਮਿਲਦਿਆਂ ਹੀ ਸ਼ਹਿਰ ਦੀਆਂ ਸਿਆਸੀ, ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਨੇ ਸਪਰਾ ਪਰਿਵਾਰ ਨਾਲ ਮੁਲਾਕਾਤ ਕਰਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਸਵ. ਸੰਤੋਖ ਸਿੰਘ ਸਪਰਾ ਜੌਨਸਨ ਨੇ ਫਗਵਾੜਾ ਦੇ ਇਲੈਕਟ੍ਰੋਨਿਕ ਕਾਰੋਬਾਰ ਵਿੱਚ ਆਪਣੀ ਵੱਖਰੀ ਪਛਾਣ ਬਣਾਈ ਸੀ। ਉਨ੍ਹਾਂ ਵੱਲੋਂ ਸਥਾਪਿਤ ਕੀਤੀਆਂ ਕਦਰਾਂ-ਕੀਮਤਾਂ ਤੇ ਕਾਰੋਬਾਰੀ ਵਿਰਾਸਤ ਨੂੰ ਉਨ੍ਹਾਂ ਦੇ ਸਪੁੱਤਰ ਇੰਦਰ ਮੋਹਨ ਸਪਰਾ ਤੇ ਮਨਜੀਤ ਸਿੰਘ ਸਪਰਾ ਅੱਗੇ ਵਧਾ ਰਹੇ ਹਨ। ਉਹ ਜੋਨਸਨ ਇਲੈਕਟ੍ਰੀਕਲ ਤੇ ਜੋਨਸਨ ਹੋਂਡਾ ਦੇ ਉਦਯੋਗ ਰਾਹੀਂ ਆਪਣੇ ਪਿਤਾ ਦਾ ਨਾਮ ਰੌਸ਼ਨ ਕਰ ਰਹੇ ਹਨ। ਸੰਤੋਖ ਸਿੰਘ ਸਪਰਾ ਜੌਨਸਨ ਦਾ ਅੰਤਿਮ ਸੰਸਕਾਰ ਬੰਗਾ ਰੋਡ ਸਥਿਤ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸ਼ਹਿਰ ਵਾਸੀਆਂ, ਰਿਸ਼ਤੇਦਾਰਾਂ ਤੇ ਵੱਖ-ਵੱਖ ਵਰਗਾਂ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੇ ਸ਼ਮੂਲੀਅਤ ਕਰਦਿਆਂ ਸਪਰਾ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।