21 ਨੂੰ ਸਮੂਹ ਅਧਿਆਪਕ ਜਥੇਬੰਦੀਆਂ ਲੈਣਗੀਆਂ ਸਮੂਹਿਕ ਛੁੱਟੀ ਸਮੂਹ ਅਧਿਆਪਕ ਜਥੇਬੰਦੀਆਂ ਵਲੋਂ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈਣ ਦਾ ਫੈਸਲਾ
Publish Date: Sat, 17 Oct 2026 06:35 PM (IST)
Updated Date: Sat, 17 Oct 2026 06:36 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਤੇ ਸਾਂਝਾ ਮੁਲਾਜ਼ਮ ਮੰਚ ਪੰਜਾਬ ਦੀ ਸਾਂਝੀ ਸੂਬਾਈ ਤਾਲਮੇਲ ਕਮੇਟੀ ਵੱਲੋਂ 10 ਅਕਤੂਬਰ ਦੀ ਸੰਗਰੂਰ ਵਿਖੇ ਹੋਈ ਵਿਸ਼ਾਲ ਮਹਾਂ ਰੈਲੀ ਵਿੱਚ ਕੀਤੇ ਐਲਾਨ ਅਨੁਸਾਰ ਪੰਜਾਬ ਸਰਕਾਰ ਦੇ ਮੁਲਾਜ਼ਮ/ ਪੈਨਸ਼ਨਰ ਮੰਗਾਂ ਨੂੰ ਲੈ ਕੇ ਅਪਣਾਏ ਅੜੀਅਲ ਰਵੱਈਏ ਵਿਰੁੱਧ 21-22 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣ ਦੇ ਸੱਦੇ ਤੇ ਵਿਚਾਰ ਕਰਨ ਲਈ ਪੰਜਾਬ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੀ ਵਰਚੁਅਲ ਮੀਟਿੰਗ ਕੀਤੀ ਗਈ, ਜਿਸ ਵਿੱਚ ਸੂਬਾਈ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ਨੂੰ ਸਕੂਲਾਂ ਵਿੱਚ ਲਾਗੂ ਕਰਦੇ ਹੋਏ 21 ਅਕਤੂਬਰ ਨੂੰ ਪੰਜਾਬ ਦੇ ਸਮੂਹ ਅਧਿਅਪਕਾਂ ਵੱਲੋਂ ਇੱਕ ਦਿਨ ਦੀ ਸਮੂਹਿਕ ਛੁੱਟੀ ਲੈ ਕੇ ਸਾਂਝੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਮੂਲੀਅਤ ਕਰਨ ਦੇ ਨਾਲ ਹੀ 22 ਅਕਤੂਬਰ ਨੂੰ ਵੀ ਰੋਸ ਪ੍ਰਦਰਸ਼ਨਾਂ ਵਿੱਚ ਭਰਵੀਂ ਸ਼ਮੂਲੀਅਤ ਕਰਨ ਦਾ ਫੈਸਲਾ ਕੀਤਾ ਗਿਆ। ਅਧਿਆਪਕ ਆਗੂਆਂ ਨੇ ਕਿਹਾ ਕਿ ਖੇਡ ਫੰਡ ਜਾਰੀ ਨਾ ਹੋਣ ਕਾਰਨ ਖੇਡਾਂ ਦੀ ਜਿਸ ਤਰ੍ਹਾਂ ਦੀ ਵੀ ਸਥਿਤੀ ਹੈ, ਉਨ੍ਹਾਂ ਨੂੰ ਉਸੇ ਪੱਧਰ ’ਤੇ ਰੋਕਿਆ ਜਾਵੇਗਾ ਤਾਂ ਕਿ ਵਿਭਾਗ ਤੇ ਸਰਕਾਰ ਨੂੰ ਖੇਡ ਫੰਡ ਜਾਰੀ ਕਰਨ ਲਈ ਮਜਬੂਰ ਕੀਤਾ ਜਾ ਸਕੇ। ਜ਼ਿਲ੍ਹਿਆਂ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਵੱਲੋਂ 21 ਅਕਤੂਬਰ ਦੀ ਸਮੂਹਿਕ ਛੁੱਟੀ ਲੈਣ ਦਾ ਨੋਟਿਸ ਤੇ ਖੇਡ ਫੰਡ ਜਾਰੀ ਹੋਣ ਤੱਕ ਖੇਡਾਂ ਰੋਕਣ ਸਬੰਧੀ ਨੋਟਿਸ 19 ਅਕਤੂਬਰ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਰਾਹੀਂ ਡਾਇਰੈਕਟਰ ਸਕੂਲ ਸਿੱਖਿਆ ਪੰਜਾਬ ਨੂੰ ਭੇਜਿਆ ਜਾਵੇਗਾ। ਇਸ ਸਬੰਧੀ ਆਗੂਆਂ ਵੱਲੋਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਸਾਰੇ ਜ਼ਿਲ੍ਹਾ/ਬਲਾਕ ਆਗੂਆਂ ਨੂੰ 17 ਤੋਂ 20 ਅਕਤੂਬਰ ਤੱਕ ਹਰ ਸਕੂਲ/ਹਰ ਅਧਿਆਪਕ ਤੱਕ 21 ਅਕਤੂਬਰ ਨੂੰ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨਾਂ ਵਿੱਚ ਸ਼ਾਮਲ ਹੋਣਾ ਯਕੀਨੀ ਬਣਾਉਣ ਦੀ ਅਪੀਲ ਕੀਤੀ ਗਈ। ਮੀਟਿੰਗ ਵਿੱਚ ਸੁਖਵਿੰਦਰ ਸਿੰਘ ਚਾਹਲ ਗੌਰਮਿੰਟ ਟੀਚਰਜ਼ ਯੂਨੀਅਨ, ਵਿਕਰਮ ਦੇਵ ਸਿੰਘ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਸੁਰਿੰਦਰ ਕੁਮਾਰ ਪੁਆਰੀ ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ, ਸੁਰਿੰਦਰ ਕੰਬੋਜ ਗੌਰਮਿੰਟ ਟੀਚਰਜ਼ ਯੂਨੀਅਨ (ਵਿਗਿਆਨਿਕ), ਦਿਗਵਿਜੇ ਪਾਲ ਸ਼ਰਮਾ ਡੈਮੋਕ੍ਰੇਟਿਕ ਟੀਚਰਜ਼ ਫਰੰਟ, ਹਰਜਿੰਦਰ ਪਾਲ ਸਿੰਘ ਪੰਨੂ ਐਲੀਮੈਂਟਰੀ ਟੀਚਰਜ਼ ਯੂਨੀਅਨ, ਬਲਜਿੰਦਰ ਸਿੰਘ ਧਾਲੀਵਾਲ ਮਾਸਟਰ ਕਾਡਰ ਯੂਨੀਅਨ, ਸਤਨਾਮ ਸਿੰਘ ਰੰਧਾਵਾ ਅਧਿਆਪਕ ਦਲ, ਹਰਜੰਟ ਸਿੰਘ ਬੋਡੇ ਅਧਿਆਪਕ ਦਲ (ਵਾਲੀਆ), ਲਛਮਣ ਸਿੰਘ ਨਬੀਪੁਰ ਐੱਸਸੀ/ਬੀਸੀ ਅਧਿਆਪਕ ਯੂਨੀਅਨ, ਹਰਵਿੰਦਰ ਸਿੰਘ ਬਿਲਗਾ ਬੀਐੱਡ ਅਧਿਆਪਕ ਫਰੰਟ, ਹਰਭਜਨ ਸਿੰਘ ਮਾਸਟਰ ਕਾਡਰ ਯੂਨੀਅਨ (ਸਰਪ੍ਰਸਤ), ਪਰਗਟਜੀਤ ਸਿੰਘ ਕਿਸ਼ਨਪੁਰਾ ਬੀਐੱਡ ਅਧਿਆਪਕ ਫਰੰਟ, ਸੁਖਜਿੰਦਰ ਸਿੰਘ ਹਰੀਕਾ ਗੌਰਮਿੰਟ ਸੀ ਐਂਡ ਵੀ ਟੀਚਰਜ਼ ਯੂਨੀਅਨ, ਤੇਜਿੰਦਰ ਸਿੰਘ ਸ਼ਾਹ ਐਲੀਮੈਂਟਰੀ ਟੀਚਰਜ਼ ਯੂਨੀਅਨ (ਕਾਹਲੋਂ), ਦੀਪਕ ਕੰਬੋਜ 6635 ਈਟੀਟੀ ਯੂਨੀਅਨ, ਗੁਰਮੇਲ ਸਿੰਘ ਕੁਲਰੀਆਂ 4161 ਅਧਿਆਪਕ ਯੂਨੀਅਨ, ਸੰਦੀਪ ਸਿੰਘ ਗਿੱਲ 4161 ਅਧਿਆਪਕ ਯੂਨੀਅਨ, ਹਰਜਿੰਦਰ ਸਿੰਘ 3704 ਅਧਿਆਪਕ ਯੂਨੀਅਨ, ਸੁਖਚੈਨ ਸਿੰਘ 6635 ਅਧਿਆਪਕ ਯੂਨੀਅਨ, ਪਤਵੰਤ ਸਿੰਘ ਲੈਬਾਰਟਰੀ ਸਟਾਫ ਯੂਨੀਅਨ, ਯੁੱਧਜੀਤ ਸਿੰਘ ਸਰਾਂ 2392 ਅਧਿਆਪਕ ਅਧਿਆਪਕ ਯੂਨੀਅਨ, ਸੁਖਚੈਨ ਸਿੰਘ ਗੁਰਨੇ ਸੂਬਾ ਕਨਵੀਨਰ ਐਸੋਸੀਏਟ ਪ੍ਰੀ ਪ੍ਰਾਇਮਰੀ ਅਧਿਆਪਕ ਯੂਨੀਅਨ, ਈਟੀਟੀ ਟੈੱਟ ਪਾਸ 5994 ਅਧਿਆਪਕ ਯੂਨੀਅਨ, ਈਟੀਟੀ ਟੈੱਟ ਪਾਸ 2364 ਅਧਿਆਪਕ ਯੂਨੀਅਨ, ਈਟੀਟੀ ਟੈਟ ਪਾਸ ਦਿਵਿਆਂਗਣ ਯੂਨੀਅਨ, ਈਟੀਟੀ 6505 ਅਧਿਆਪਕ ਯੂਨੀਅਨ ਦੇ ਆਗੂ ਸ਼ਾਮਲ ਸਨ।