ਹਦੀਆਬਾਦ ਕੂੜਾ ਪੁਆਇੰਟ ਪੱਕੇ ਤੌਰ ’ਤੇ ਹੋਇਆ ਬੰਦ : ਡਾ. ਚੱਬੇਵਾਲ ਡਾ. ਰਾਜ ਕੁਮਾਰ ਚੱਬੇਵਾਲ ਵੱਲੋਂ ਹਦੀਆਬਾਦ ਕੂੜਾ ਪੁਆਇੰਟ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਐਲਾਨ
Publish Date: Thu, 08 Oct 2026 06:33 PM (IST)
Updated Date: Thu, 08 Oct 2026 06:35 PM (IST)
ਦਹਾਕਿਆਂ ਪੁਰਾਣੀ ਮੰਗ ਹੋਈ ਪੂਰੀ ਹੁਣ ਫਗਵਾੜਾ ਦਿਸੇਗਾ ਸਾਫ਼-ਸੁਥਰਾ ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਹਦੀਆਬਾਦ ਵਿਖੇ ਕੂੜਾ ਇਕੱਠਾ ਕਰਨ ਵਾਲੇ ਪੁਆਇੰਟ ਨੂੰ ਪੱਕੇ ਤੌਰ ’ਤੇ ਬੰਦ ਕਰਨ ਦਾ ਐਲਾਨ ਕੀਤਾ ਹੈ। ਇਸ ਨਾਲ ਇਲਾਕਾ ਨਿਵਾਸੀਆਂ ਦੀ ਦਹਾਕਿਆਂ ਪੁਰਾਣੀ ਮੰਗ ਪੂਰੀ ਹੋ ਗਈ ਤੇ ਫਗਵਾੜਾ ਨੂੰ ਹੋਰ ਸਾਫ਼-ਸੁਥਰਾ ਤੇ ਸਿਹਤਮੰਦ ਬਣਾਉਣ ਵੱਲ ਇੱਕ ਅਹਿਮ ਕਦਮ ਚੁੱਕਿਆ ਗਿਆ ਹੈ। ਇਹ ਸ਼ਹਿਰ ਦਾ ਦੂਜਾ ਵੱਡਾ ਕੂੜਾ ਡੰਪਿੰਗ ਪੁਆਇੰਟ ਹੈ, ਜਿਸ ਨੂੰ ਇਕੱਠੇ ਹੋਏ ਕੂੜੇ ਤੋਂ ਮੁਕਤ ਕੀਤਾ ਗਿਆ ਹੈ। ਇਸ ਤੋਂ ਪਹਿਲਾਂ 18 ਸਤੰਬਰ ਨੂੰ ਅਰਬਨ ਅਸਟੇਟ ਵਿਖੇ ਸਥਿਤ ਡੰਪਿੰਗ ਪੁਆਇੰਟ ਨੂੰ ਬੰਦ ਕਰਕੇ ਉੱਥੋਂ ਕੂੜਾ ਹਟਾਇਆ ਗਿਆ ਸੀ। ਇਸ ਮੌਕੇ ਮੇਅਰ ਰਾਮਪਾਲ ਉੱਪਲ, ਡਿਪਟੀ ਮੇਅਰ ਵਿੱਕੀ ਸੂਦ, ਨਗਰ ਨਿਗਮ ਕਮਿਸ਼ਨਰ ਰਣਦੀਪ ਸਿੰਘ ਹੀਰ ਅਤੇ ਨਗਰ ਨਿਗਮ ਫਗਵਾੜਾ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ। ਇਕੱਠ ਨੂੰ ਸੰਬੋਧਨ ਕਰਦਿਆਂ ਡਾ. ਚੱਬੇਵਾਲ ਨੇ ਕਿਹਾ ਕਿ ਹੁਣ ਹਦੀਆਬਾਦ ਵਾਲੀ ਥਾਂ ’ਤੇ ਕਿਸੇ ਵੀ ਤਰ੍ਹਾਂ ਦਾ ਕੂੜਾ ਨਹੀਂ ਸੁੱਟਿਆ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਥਾਂ ਨੂੰ ਹੁਣ ਹਰਾ-ਭਰਾ ਸਥਾਨ ਬਣਾਇਆ ਜਾਵੇਗਾ, ਜਿੱਥੇ ਪੌਦੇ ਲਗਾਉਣ ਦੇ ਨਾਲ-ਨਾਲ ਬੈਂਚ ਵੀ ਲਗਾਏ ਜਾਣਗੇ, ਤਾਂ ਜੋ ਇਲਾਕਾ ਨਿਵਾਸੀਆਂ ਨੂੰ ਸਾਫ਼-ਸੁਥਰਾ ਤੇ ਸੁਹਾਵਣਾ ਵਾਤਾਵਰਣ ਮਿਲ ਸਕੇ। ਉਨ੍ਹਾਂ ਕਿਹਾ ਕਿ ਗ੍ਰੀਨਲੈਂਡ ਕਲੋਨੀ, ਹਦੀਆਬਾਦ ਤੇ ਨਕੋਦਰ ਰੋਡ ਮਾਰਕੀਟ ਦੇ ਵਸਨੀਕ ਕਈ ਦਹਾਕਿਆਂ ਤੋਂ ਇਸ ਕੂੜਾ ਪੁਆਇੰਟ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰ ਰਹੇ ਸਨ। ਡਾ. ਚੱਬੇਵਾਲ ਨੇ ਦੱਸਿਆ ਕਿ ਇਲਾਕੇ ਵਿੱਚ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਵਾਹਨ ਵੀ ਤਾਇਨਾਤ ਕਰ ਦਿੱਤੇ ਗਏ ਹਨ। ਇਹ ਵਾਹਨ ਘਰਾਂ ਤੋਂ ਨਿਯਮਤ ਤੌਰ ’ਤੇ ਕੂੜਾ ਇਕੱਠਾ ਕਰਨ ਤੇ ਇਸ ਨੂੰ ਯੋਗ ਕੂੜਾ ਪ੍ਰਬੰਧਨ ਪ੍ਰਣਾਲੀ ਰਾਹੀਂ ਅੱਗੇ ਲਿਜਾਣ ਨੂੰ ਯਕੀਨੀ ਬਣਾਉਣਗੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਫ਼ਾਈ, ਸੈਨੀਟੇਸ਼ਨ ਤੇ ਬਿਹਤਰ ਨਾਗਰਿਕ ਸਹੂਲਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਤੇ ਜ਼ਮੀਨੀ ਪੱਧਰ ’ਤੇ ਸਫ਼ਾਈ ਤੇ ਕੂੜਾ ਪ੍ਰਬੰਧਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ‘ਮਿਸ਼ਨ ਕਲੀਨ ਪੰਜਾਬ’ ਲਾਗੂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਫ਼-ਸੁਥਰੇ, ਸਿਹਤਮੰਦ ਤੇ ਰਹਿਣਯੋਗ ਸ਼ਹਿਰੀ ਇਲਾਕਿਆਂ ਲਈ ਘਰ-ਘਰ ਕੂੜਾ ਇਕੱਠਾ ਕਰਨਾ, ਕੂੜੇ ਦੀ ਸਹੀ ਢੰਗ ਨਾਲ ਛਾਂਟੀ ਤੇ ਠੋਸ ਕੂੜੇ ਦਾ ਵਿਗਿਆਨਕ ਪ੍ਰਬੰਧਨ ਬਹੁਤ ਜ਼ਰੂਰੀ ਹੈ। ਸੰਸਦ ਮੈਂਬਰ ਨੇ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਘਰਾਂ ਦਾ ਕੂੜਾ ਨਗਰ ਨਿਗਮ ਦੇ ਘਰ-ਘਰ ਕੂੜਾ ਇਕੱਠਾ ਕਰਨ ਵਾਲੇ ਵਾਹਨਾਂ ਨੂੰ ਹੀ ਦੇਣ ਤੇ ਜਨਤਕ ਥਾਵਾਂ ’ਤੇ ਕੂੜਾ ਸੁੱਟਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਸਫ਼ਾਈ ਮੁਹਿੰਮਾਂ ਦੀ ਸਫ਼ਲਤਾ ਨਗਰ ਨਿਗਮ ਅਤੇ ਹੋਰ ਸਬੰਧਤ ਧਿਰਾਂ ਦੇ ਨਾਲ-ਨਾਲ ਨਾਗਰਿਕਾਂ ਦੀ ਸਰਗਰਮ ਭਾਗੀਦਾਰੀ ’ਤੇ ਨਿਰਭਰ ਕਰਦੀ ਹੈ। ਡਾ. ਚੱਬੇਵਾਲ ਨੇ ਕਿਹਾ ਕਿ ਸਰਕਾਰ, ਨਗਰ ਨਿਗਮ ਅਧਿਕਾਰੀਆਂ ਤੇ ਸ਼ਹਿਰ ਵਾਸੀਆਂ ਦੇ ਸਾਂਝੇ ਯਤਨਾਂ ਨਾਲ ਫਗਵਾੜਾ ਨੂੰ ਹੋਰ ਸਾਫ਼-ਸੁਥਰਾ, ਹਰਾ-ਭਰਾ ਤੇ ਰਹਿਣਯੋਗ ਸ਼ਹਿਰ ਬਣਾਉਣ ਵਿੱਚ ਮਦਦ ਮਿਲੇਗੀ।