ਮਾਂ ਬੋਲੀ ਦਿਹਾੜੇ ’ਤੇ ਦੇਬੀ ਹੋਏ ਰੂ-ਬ-ਰੂ
ਦੇਬੀ ਮਖਸੂਸਪੁਰੀ ਦਾ ਰੂ-ਬ-ਰੂ, ਤਰੰਨੁਮ ਕਵੀ ਦਰਬਾਰ ਕਰਵਾਇਆ
Publish Date: Tue, 24 Feb 2026 08:58 PM (IST)
Updated Date: Tue, 24 Feb 2026 09:01 PM (IST)

--ਜ਼ਿਲ੍ਹਾ ਭਾਸ਼ਾ ਦਫ਼ਤਰ ਕਪੂਰਥਲਾ ਤੇ ਹੁਸ਼ਿਆਰਪੁਰ ਦੇ ਸਾਂਝੇ ਉਪਰਾਲੇ ਨਾਲ ਕਰਵਾਇਆ ਸਮਾਗਮ ਅਮਰੀਕ ਸਿੰਘ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਭਾਸ਼ਾ ਵਿਭਾਗ, ਪੰਜਾਬ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਭਾਸ਼ਾ ਦਫ਼ਤਰ ਹੁਸ਼ਿਆਰਪੁਰ ਤੇ ਕਪੂਰਥਲਾ ਦੇ ਸਾਂਝੇ ਉਪਰਾਲੇ ਨਾਲ ਕੌਮਾਂਤਰੀ ਮਾਂ ਬੋਲੀ ਦਿਹਾੜੇ ਨੂੰ ਸਮਰਪਿਤ ਸਮਾਗਮ ਸਰਕਾਰੀ ਕਾਲਜ ਹੁਸ਼ਿਆਰਪੁਰ ਵਿਖੇ ਕਰਵਾਇਆ ਗਿਆ। ਮੁੱਖ ਮਹਿਮਾਨ ਵਜੋਂ ਡਾ. ਲਖਵਿੰਦਰ ਜੌਹਲ ਤੇ ਵਿਸ਼ੇਸ਼ ਮਹਿਮਾਨ ਵਜੋਂ ਡਾ. ਕੁਲਦੀਪ ਦੀਪ ਸ਼ਾਮਲ ਹੋਏ। ਸਮਾਗਮ ਦੀ ਸ਼ੁਰੂਆਤ ਵਿਭਾਗੀ ਧੁੰਨ ਨਾਲ ਕੀਤੀ ਗਈ। ਆਏ ਹੋਏ ਮਹਿਮਾਨਾਂ ਲਈ ਜੀ ਆਇਆਂ ਸ਼ਬਦ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਫ਼ਸਰ ਨੇ ਆਖੇ। ਉਪਰੰਤ ਤਵੰਨੁਮ ਕਵੀ ਦਰਬਾਰ ਵਿਚ ਹਾਜ਼ਰ ਕਵੀਆਂ ਹਰਦਿਆਲ ਹੁਸ਼ਿਆਰਪੁਰੀ, ਸੁਰਿੰਦਰ ਕੰਗਵੀ, ਪ੍ਰੋ. ਮਲਕੀਤ ਜੌੜਾ, ਅੰਜੂ ਵੀ ਰੱਤੀ ਤੇ ਸ਼ਹਿਬਾਜ਼ ਖ਼ਾਨ ਨੇ ਆਪਣੀ ਸੁਰ ਸਾਧਨਾ ਰਾਹੀਂ ਰਚਨਾਵਾਂ ਨੂੰ ਗਾ ਕੇ ਅਜਿਹਾ ਜਾਦੂ ਬਿਖੇਰਿਆ ਕਿ ਸਰੋਤੇ ਝੂਮ ਉੱਠੇ। ਇਸ ਤੋਂ ਬਾਅਦ ਪ੍ਰਸਿੱਧ ਗਾਇਕ ਤੇ ਸ਼ਾਇਰ ਦੇਬੀ ਮਖਸੂਸਪੁਰੀ ਜਿਹੜੇ ਇਸ ਕਾਲਜ ਦੇ ਵਿਦਿਆਰਥੀ ਰਹੇ ਹਨ, ਨਾਲ਼ ਰੂ-ਬ-ਰੂ ਡਾ. ਕੁਲਦੀਪ ਚੌਹਾਨ ਨੇ ਕਰਵਾਇਆ। ਦੇਬੀ ਮਖਸੂਸਪੁਰੀ ਨੇ ਕਾਲਜ ਦੀਆਂ ਯਾਦਾਂ, ਸਾਹਿਤਕ ਸਫ਼ਰ ਤੇ ਸਿਰਜਣਾ ਬਾਰੇ ਭਾਵਪੂਰਤ ਗੱਲਾਂ ਕਰਦਿਆਂ ਆਪਣੇ ਗੀਤਾਂ ਦੇ ਕਾਵਿ ਮੁਖੜੇ ਹਾਜ਼ਰੀਨ ਨਾਲ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਭਾਸ਼ਾ ਤੇ ਸਭਿਆਚਾਰ ਨਾਲ ਮੋਹ, ਸ਼ਬਦ ਸਾਧਨਾ ਲਈ ਸਖ਼ਤ ਮਿਹਨਤ ਨਾਲ ਇਸ ਤਰ੍ਹਾਂ ਦੇ ਮੁਕਾਮ ਹਾਸਲ ਕੀਤੇ ਜਾ ਸਕਦੇ ਹਨ। ਡਾ. ਲਖਵਿੰਦਰ ਜੌਹਲ ਤੇ ਡਾ ਕੁਲਦੀਪ ਦੀਪ ਨੇ ਮਾਂ ਬੋਲੀ ਦੀ ਇਤਿਹਾਸਕ ਵਿਰਾਸਤ ਨਾਲ ਸਾਂਝ ਪੁਆਂਦਿਆ ਕਿਹਾ ਕਿ ਭਾਸ਼ਾ ਨੂੰ ਜੀਉਂਦਾ ਰੱਖਣਾ ਤੇ ਇਸ ਦਾ ਮਾਨ ਬਰਕਰਾਰ ਰੱਖਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਭਾਸ਼ਾ ਹੀ ਸਭਿਆਚਾਰ ਤੇ ਜੀਵਨ ਜਾਚ ਦੀ ਜੜ੍ਹ ਲਾਉਂਦੀ ਹੈ। ਉਨ੍ਹਾਂ ਮਾਂ ਬੋਲੀ ਦੀ ਮਹੱਤਤਾ, ਦਰਪੇਸ਼ ਚੁਣੌਤੀਆਂ ਤੇ ਸਾਰਥਕ ਯਤਨਾਂ ਨਾਲ ਇਸਦੇ ਪ੍ਰਚਾਰ ਤੇ ਪ੍ਰਸਾਰ ਬਾਰੇ ਵਿਚਾਰ ਪੇਸ਼ ਕੀਤੇ। ਉਪਰੰਤ ਦੇਬੀ ਮਖਸੂਸਪੁਰੀ, ਕਵੀਜਨ, ਡਾ. ਜੌਹਲ, ਡਾ. ਕੁਲਦੀਪ ਦੀਪ, ਪ੍ਰਿੰ. ਗਗਨਦੀਪ ਚੀਮਾ ਤੇ ਕਾਲਜ ਦੇ ਵਿਦਿਆਰਥੀਆਂ ਦਾ ਵਿਭਾਗੀ ਪੁਸਤਕਾਂ ਦੇ ਸੈੱਟਾਂ ਤੇ ਲੋਈਆਂ ਨਾਲ ਸਨਮਾਨ ਕੀਤਾ ਗਿਆ। ਧੰਨਵਾਦੀ ਸ਼ਬਦ ਪ੍ਰਿੰ. ਡਾ. ਗਗਨਦੀਪ ਚੀਮਾ ਨੇ ਬੋਲੇ। ਸਮਾਗਮ ਵਿਚ ਬਤੌਰ ਮੰਚ ਸੰਚਾਲਨ ਦੀ ਭੂਮਿਕਾ ਡਾ. ਜਸਵੰਤ ਰਾਏ ਖੋਜ ਅਫ਼ਸਰ ਵੱਲੋਂ ਨਿਭਾਈ ਗਈ। ਸਮਾਗਮ ਮੌਕੇ ਭਾਸ਼ਾ ਵਿਭਾਗ, ਪੰਜਾਬ ਵੱਲੋਂ ਪ੍ਰਕਾਸ਼ਿਤ ਸਾਹਿਤ ਦੀਆਂ ਪੁਸਤਕਾਂ ਦੀ ਵਿਸ਼ੇਸ਼ ਪ੍ਰਦਰਸ਼ਨੀ ਵੀ ਲਗਾਈ ਗਈ। ਇਸ ਸਮੇਂ ਗਗਨਦੀਪ ਸਿੰਘ, ਮੁਨੀਸ਼ ਕੁਮਾਰ, ਸਲਮਾਨ, ਪੁਸ਼ਪਾ ਰਾਣੀ, ਡਾ. ਵਿਜੇ ਕੁਮਾਰ, ਪ੍ਰੋ. ਰਣਜੀਤ ਸਿੰਘ, ਡਾ. ਸਾਂਵਲ ਧਾਮੀ, ਪ੍ਰੋ ਹਰਜਿੰਦਰ ਅਮਨ ਡਾ. ਰੰਜਨਾ, ਡਾ. ਸੁਖਦੀਪ ਕੌਰ ਅਤੇ ਵਿਦਿਆਰਥੀ ਹਾਜ਼ਰ ਸਨ।