ਤਿੰਨ ਦਿਨਾਂ ਤੋਂ ਕੌਮੀ ਰਾਜਮਾਰਗ ’ਤੇ ਮਰਿਆ ਪਿਆ ਅਵਾਰਾ ਪਸ਼ੂ, ਬਦਬੂ ਕਾਰਨ ਲੋਕ ਪਰੇਸ਼ਾਨ ਤਿੰਨ ਦਿਨਾਂ ਤੋਂ ਕੌਮੀ ਰਾਜਮਾਰਗ 'ਤੇ ਪਿਆ ਮਰਾ ਅਵਾਰਾ ਪਸ਼ੂ, ਬਦਬੂ ਨਾਲ ਲੋਕ ਪ੍ਰੇਸ਼ਾਨ
Publish Date: Sat, 18 Jul 2026 09:52 PM (IST)
Updated Date: Sat, 18 Jul 2026 09:55 PM (IST)
ਹੱਡਾ ਰੋੜੀ ਸੰਚਾਲਕ ਮੁਰਦਾ ਪਸ਼ੂ ਨੂੰ ਚੁੱਕਣ ਲਈ ਤਿਆਰ ਨਹੀਂ ਵਿਜੇ ਸੋਨੀ, ਪੰਜਾਬੀ ਜਾਗਰਣ ਫਗਵਾੜਾ : ਕੌਮੀ ਰਾਜਮਾਰਗ ’ਤੇ ਪਿਛਲੇ ਤਿੰਨ ਦਿਨਾਂ ਤੋਂ ਮਰੇ ਪਏ ਆਵਾਰਾ ਪਸ਼ੂ ਕਾਰਨ ਇਲਾਕੇ ਵਿੱਚ ਭਾਰੀ ਬਦਬੂ ਫੈਲ ਰਹੀ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਕਾਰਨ ਕਰੀਬ ਇਕ-ਦੋ ਕਿਲੋਮੀਟਰ ਤੱਕ ਦਾ ਇਲਾਕਾ ਪ੍ਰਦੂਸ਼ਿਤ ਹੋ ਰਿਹਾ ਹੈ ਅਤੇ ਰਾਹਗੀਰਾਂ ਨੂੰ ਨੱਕ ਬੰਦ ਕਰਕੇ ਸੜਕ ਤੋਂ ਲੰਘਣਾ ਪੈ ਰਿਹਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, ਹੱਡਾ ਰੋੜੀ ਸੰਚਾਲਕ ਇਸ ਮੁਰਦਾ ਪਸ਼ੂ ਨੂੰ ਚੁੱਕਣ ਲਈ ਤਿਆਰ ਨਹੀਂ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਵੀ ਉਹ ਮੁਰਦਾ ਪਸ਼ੂਆਂ ਨੂੰ ਚੁੱਕਣ ਜਾਂ ਹੱਡਾ ਰੋੜੀ ਤੱਕ ਲਿਜਾਣ ਦਾ ਕੰਮ ਕਰਦੇ ਹਨ ਤਾਂ ਕੁਝ ਹਿੰਦੂ ਸੰਗਠਨਾਂ ਵੱਲੋਂ ਉਨ੍ਹਾਂ ਨੂੰ ਤੰਗ-ਪਰੇਸ਼ਾਨ ਕੀਤਾ ਜਾਂਦਾ ਹੈ। ਇਸੇ ਕਾਰਨ ਉਹ ਹੁਣ ਇਹ ਕੰਮ ਕਰਨ ਤੋਂ ਗੁਰੇਜ਼ ਕਰ ਰਹੇ ਹਨ। ਦੂਜੇ ਪਾਸੇ, ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਸਾਰੇ ਵਿਵਾਦ ਦਾ ਸਭ ਤੋਂ ਵੱਡਾ ਨੁਕਸਾਨ ਆਮ ਜਨਤਾ ਨੂੰ ਝੱਲਣਾ ਪੈ ਰਿਹਾ ਹੈ। ਲੋਕਾਂ ਨੇ ਸਵਾਲ ਉਠਾਇਆ ਕਿ ਜੇ ਹੱਡਾ ਰੋੜੀ ਸੰਚਾਲਕ ਕੰਮ ਨਹੀਂ ਕਰ ਰਹੇ ਤਾਂ ਸੰਬੰਧਿਤ ਸਰਕਾਰੀ ਵਿਭਾਗ ਜਾਂ ਹੋਰ ਜ਼ਿੰਮੇਵਾਰ ਏਜੰਸੀਆਂ, ਗਊ ਰੱਖਿਅਕ ਦਸਤੇ ਤੁਰੰਤ ਕਾਰਵਾਈ ਕਰਕੇ ਮੁਰਦਾ ਪਸ਼ੂਆਂ ਦਾ ਨਿਪਟਾਰਾ ਕਿਉਂ ਨਹੀਂ ਕਰ ਰਹੇ? ਨਾਗਰਿਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਮਾਮਲੇ ਦਾ ਜਲਦ ਹੱਲ ਕੱਢਿਆ ਜਾਵੇ ਤਾਂ ਜੋ ਕੌਮੀ ਰਾਜਮਾਰਗ ’ਤੇ ਪਏ ਮੁਰਦਾ ਪਸ਼ੂ ਨੂੰ ਤੁਰੰਤ ਹਟਾਇਆ ਜਾ ਸਕੇ, ਬਦਬੂ ਤੇ ਪ੍ਰਦੂਸ਼ਣ ਤੋਂ ਲੋਕਾਂ ਨੂੰ ਰਾਹਤ ਮਿਲੇ ਅਤੇ ਭਵਿੱਖ ਵਿੱਚ ਅਜਿਹੀ ਸਥਿਤੀ ਦੁਬਾਰਾ ਪੈਦਾ ਨਾ ਹੋਵੇ। ਨਗਰ ਨਿਗਮ ਫਗਵਾੜਾ ਦੀ ਕਾਰਜਸ਼ੈਲੀ ਇੱਕ ਵਾਰ ਮੁੜ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਸ਼ਹਿਰ ਦੀ ਮੁੱਖ ਸੜਕ ਕਿਨਾਰੇ ਪਿਛਲੇ ਤਿੰਨ ਦਿਨਾਂ ਤੋਂ ਮਰਿਆ ਹੋਇਆ ਅਵਾਰਾ ਪਸ਼ੂ ਪਿਆ ਹੋਣ ਕਾਰਨ ਇਲਾਕੇ ਵਿੱਚ ਭਿਆਨਕ ਬਦਬੂ ਫੈਲੀ ਹੋਈ ਹੈ, ਜਿਸ ਨਾਲ ਰਾਹਗੀਰਾਂ, ਦੁਕਾਨਦਾਰਾਂ ਅਤੇ ਆਸ-ਪਾਸ ਦੇ ਵਸਨੀਕਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਕਿਸੇ ਦੁਕਾਨ ਦੇ ਬਾਹਰ ਸਾਮਾਨ ਰੱਖਿਆ ਹੋਵੇ ਜਾਂ ਕਿਸੇ ਵੱਲੋਂ ਨਾਜਾਇਜ਼ ਕਬਜ਼ਾ ਕੀਤਾ ਗਿਆ ਹੋਵੇ ਤਾਂ ਨਗਰ ਨਿਗਮ ਦੀ ਟੀਮ ਤੁਰੰਤ ਹਰਕਤ ਵਿੱਚ ਆ ਜਾਂਦੀ ਹੈ। ਪਰ ਸ਼ਹਿਰ ਦੀ ਮੁੱਖ ਸੜਕ ’ਤੇ ਤਿੰਨ ਦਿਨਾਂ ਤੋਂ ਪਏ ਮੁਰਦਾ ਪਸ਼ੂ ਵੱਲ ਕਿਸੇ ਅਧਿਕਾਰੀ ਦਾ ਧਿਆਨ ਨਹੀਂ ਗਿਆ, ਜੋ ਨਿਗਮ ਦੀ ਕਾਰਗੁਜ਼ਾਰੀ ’ਤੇ ਗੰਭੀਰ ਸਵਾਲ ਖੜ੍ਹੇ ਕਰਦਾ ਹੈ। ਲੋਕਾਂ ਦਾ ਦੋਸ਼ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਏਅਰ ਕੰਡੀਸ਼ਨਡ ਗੱਡੀਆਂ ਵਿੱਚ ਬੈਠ ਕੇ ਇਸ ਰਸਤੇ ਤੋਂ ਲੰਘਦੇ ਤਾਂ ਹਨ ਪਰ ਸੜਕ ਕਿਨਾਰੇ ਪਏ ਮਰੇ ਪਸ਼ੂ ਨੂੰ ਹਟਾਉਣ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ। ਗਰਮੀ ਦੇ ਮੌਸਮ ਵਿੱਚ ਲਾਸ਼ ਸੜਨ ਕਾਰਨ ਬਦਬੂ ਲਗਾਤਾਰ ਵੱਧ ਰਹੀ ਹੈ, ਜਿਸ ਨਾਲ ਨਾ ਸਿਰਫ਼ ਲੋਕਾਂ ਦਾ ਲੰਘਣਾ ਮੁਸ਼ਕਲ ਹੋ ਗਿਆ ਹੈ, ਸਗੋਂ ਬਿਮਾਰੀਆਂ ਫੈਲਣ ਦਾ ਵੀ ਖ਼ਤਰਾ ਬਣਿਆ ਹੋਇਆ ਹੈ। ਨਗਰ ਨਿਗਮ ਫਗਵਾੜਾ ਤੋਂ ਤਾਂ ਆਮ ਲੋਕਾ ਦਾ ਭਰੋਸਾ ਟੁੱਟਦਾ ਜਾ ਰਿਹਾ ਹੈ। ਕਦੇ ਮ੍ਰਿਤਕ ਦੇਹ ਨੂੰ ਕੂੜਾ ਢੋਣ ਵਾਲੀ ਗੱਡੀ ਵਿਚ ਸਿਵਲ ਹਸਪਤਾਲ ਪਹੁੰਚਾਇਆ ਜਾਂਦਾ ਹੈ, ਕਦੇ ਦੁਜੀਆਂ ਪਾਰਟੀਆਂ ਨਾਲ ਸੰਬਧਿਤ ਲੀਡਰਾਂ ਦੀਆਂ ਦੁਕਾਨਾਂ ’ਤੇ ਕਾਰਵਾਈ ਹੋ ਜਾਂਦੀ ਹੈ। ਹਾਲ ਵਿਚ ਹੀ ਫਗਵਾੜਾ ਦੇ ਹੁਸ਼ਿਆਪੁਰ ਰੋਡ ’ਤੇ ਦੂਜੀ ਪਾਰਟੀ ਦੇ ਲੀਡਰ ਦੀ ਦੁਕਾਨ ’ਤੇ ਕਾਰਵਾਈ ਕੀਤੀ ਗਈ ਪਰ ਉਸੇ ਲਾਇਨ ਵਿਚ ਇਕ ਨਾਜਾਇਜ਼ ਕਬਜ਼ੇ ਬਾਰੇ ਨਗਰ ਨਿਗਮ ਨੂੰ ਦੋ ਮਹੀਨੇ ਪਹਿਲਾਂ ਤੋਂ ਸ਼ਿਕਾਇਤ ਦਿੱਤੀ ਗਈ ਹੈ, ਉਸ ਦੇ ਬਾਵਜੂਦ ਕਾਰਵਾਈ ਨਹੀ ਹੁੰਦੀ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਨਗਰ ਨਿਗਮ ਫਗਵਾੜਾ ਕਿਸ ਹਿਸਾਬ ਨਾਲ ਕੰਮਕਾਰ ਕਰ ਰਿਹਾ ਹੈ। ਇਲਾਕਾ ਵਾਸੀਆਂ ਨੇ ਨਗਰ ਨਿਗਮ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਮੁਰਦਾ ਪਸ਼ੂ ਨੂੰ ਤੁਰੰਤ ਚੁਕਵਾਇਆ ਜਾਵੇ ਅਤੇ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨਾਲ ਨਜਿੱਠਣ ਲਈ ਪ੍ਰਭਾਵਸ਼ਾਲੀ ਪ੍ਰਬੰਧ ਕੀਤੇ ਜਾਣ ਤਾਂ ਜੋ ਲੋਕਾਂ ਨੂੰ ਗੰਦਗੀ, ਬਦਬੂ ਅਤੇ ਸਿਹਤ ਸੰਬੰਧੀ ਖਤਰਿਆਂ ਤੋਂ ਬਚਾਇਆ ਜਾ ਸਕੇ।