ਕਪੂਰਥਲਾ ਵਿੱਚ ਸੜਕ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕੀਤਾ ਜਾਵੇ : ਡੀਸੀ ਡੀ.ਸੀ. ਵੱਲੋਂ ਕਪੂਰਥਲਾ ਵਿੱਚ ਸੜਕ ਸੁਰੱਖਿਆ ਦੇ ਪ੍ਰਬੰਧਾਂ ਨੂੰ ਮਜ਼ਬੂਤ ਕਰਨ ਲਈ ਸਮੂਹ ਵਿਭਾਗਾਂ ਨੂੰ ਨਿਰਦੇਸ਼
Publish Date: Thu, 10 Sep 2026 08:06 PM (IST)
Updated Date: Thu, 10 Sep 2026 08:07 PM (IST)
--ਬਲੈਕ ਸਪਾਟਸ ਤੇ ਹਾਦਸਿਆਂ ਦੀ ਸੰਭਾਵਨਾ ਵਾਲੇ ਖੇਤਰਾਂ ਨੂੰ ਤੁਰੰਤ ਠੀਕ ਕਰਨ ਦੇ ਹੁਕਮ --ਚੇਤਾਵਨੀ ਬੋਰਡ, ਰਿਫਲੈਕਟਿਵ ਮਾਰਕਿੰਗਜ਼ ਤੇ ਚਿੱਟੀਆਂ ਪੱਟੀਆਂ ਲਗਾਉਣ ਦੇ ਦਿੱਤੇ ਨਿਰਦੇਸ਼ ਮੱਲ੍ਹੀ, ਪੰਜਾਬੀ ਜਾਗਰਣ ਕਪੂਰਥਲਾ : ਸੜਕ ਸੁਰੱਖਿਆ ਨੂੰ ਮਜ਼ਬੂਤ ਕਰਨ ਤੇ ਹਾਦਸਿਆਂ ਨੂੰ ਰੋਕਣ ਦੀ ਦਿਸ਼ਾ ਵਿੱਚ ਵੱਡਾ ਕਦਮ ਚੁੱਕਦਿਆਂ ਡਿਪਟੀ ਕਮਿਸ਼ਨਰ ਅਕਾਸ਼ ਬਾਂਸਲ ਨੇ ਵੀਰਵਾਰ ਨੂੰ ਸਮੂਹ ਸਬੰਧਤ ਵਿਭਾਗਾਂ ਨੂੰ ਜ਼ਿਲ੍ਹੇ ਭਰ ਵਿੱਚ ਨਿਸ਼ਾਨਦੇਹੀ ਕੀਤੇ ਗਏ ਬਲੈਕ ਸਪਾਟਸ ਤੇ ਹਾਦਸਿਆਂ ਦੀ ਸੰਭਾਵਨਾ ਵਾਲੇ ਖੇਤਰਾਂ ਵਿੱਚ ਤੁਰੰਤ ਸੁਧਾਰਾਤਮਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਹਨ। ਜ਼ਿਲ੍ਹਾ ਸੜਕ ਸੁਰੱਖਿਆ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਨੇ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ, ਪੀਡਬਲਿਊਡੀ (ਬੀ ਐਂਡ ਆਰ) ਤੇ ਹੋਰ ਸਬੰਧਤ ਵਿਭਾਗਾਂ ਸਮੇਤ ਸਮੂਹ ਕਾਰਜਕਾਰੀ ਏਜੰਸੀਆਂ ਨੂੰ ਸੁਚੱਜੇ ਤਾਲਮੇਲ ਤੇ ਸਮੇਂ ਸਿਰ ਕਾਰਵਾਈ ਯਕੀਨੀ ਬਣਾਉਣ ਲਈ ਕਿਹਾ ਤਾਂ ਜੋ ਰਾਹਗੀਰਾਂ ਲਈ ਸੜਕਾਂ ਨੂੰ ਸੁਰੱਖਿਅਤ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਿੱਥੇ ਅਜੇ ਤੱਕ ਪੱਕੇ ਇੰਜੀਨੀਅਰਿੰਗ ਹੱਲ ਲਾਗੂ ਨਹੀਂ ਕੀਤੇ ਗਏ ਹਨ, ਉੱਥੇ ਰਾਹਗੀਰਾਂ ਨੂੰ ਸੁਚੇਤ ਕਰਨ ਤੇ ਹਾਦਸਿਆਂ ਦੇ ਖਤਰੇ ਨੂੰ ਘਟਾਉਣ ਲਈ ਤੁਰੰਤ ਅੰਤਰਿਮ ਸੁਰੱਖਿਆ ਉਪਾਅ, ਜਿਵੇਂ ਕਿ ਚੇਤਾਵਨੀ ਬੋਰਡ, ਰਿਫਲੈਕਟਿਵ ਮਾਰਕਿੰਗਜ਼ ਤੇ ਚਿੱਟੀਆਂ ਪੱਟੀਆਂ ਲਗਾਈਆਂ ਜਾਣ। ਉਨ੍ਹਾਂ ਜ਼ੋਰ ਦਿੱਤਾ ਕਿ ਸਾਰੇ ਵਿਭਾਗ ਸੜਕ ਸੁਰੱਖਿਆ ਪ੍ਰਤੀ ਪਹਿਲ ਦੇ ਆਧਾਰ ਤੇ ਪਹੁੰਚ ਅਪਣਾਉਣ ਤੇ ਸੰਵੇਦਨਸ਼ੀਲ ਸਥਾਨਾਂ ਤੇ ਸੁਧਾਰਾਤਮਕ ਉਪਾਅ ਸਮੇਂ ਸਿਰ ਲਾਗੂ ਕਰਨ। ਡਿਪਟੀ ਕਮਿਸ਼ਨਰ ਨੇ ਐੱਨਐੱਚਆਈਏ ਨੂੰ ਜ਼ਿਲ੍ਹੇ ਵਿੱਚ ਦਿੱਲੀ-ਕਟੜਾ ਐਕਸਪ੍ਰੈਸਵੇਅ ਦੇ ਚੱਲ ਰਹੇ ਨਿਰਮਾਣ ਕਾਰਜਾਂ ਨਾਲ ਪ੍ਰਭਾਵਿਤ ਹਿੱਸਿਆਂ ਵਿੱਚ ਸੜਕ ਸੁਰੱਖਿਆ ਪ੍ਰਬੰਧਾਂ ਵੱਲ ਵਿਸ਼ੇਸ਼ ਧਿਆਨ ਦੇਣ ਦੇ ਨਿਰਦੇਸ਼ ਵੀ ਦਿੱਤੇ। ਉਨ੍ਹਾਂ ਨਿਰਮਾਣ ਅਧੀਨ ਸਥਾਨਾਂ, ਰਸਤੇ ਦੇ ਬਦਲਾਅ (ਡਾਇਵਰਸ਼ਨਾਂ) ਤੇ ਹੋਰ ਨਾਜ਼ੁਕ ਪੁਆਇੰਟਾਂ ਤੇ ਢੁਕਵੇਂ ਸਾਈਨ ਬੋਰਡ, ਰੋਡ ਮਾਰਕਿੰਗ, ਬੈਰੀਕੇਡਿੰਗ ਤੇ ਹੋਰ ਜ਼ਰੂਰੀ ਸੁਰੱਖਿਆ ਉਪਾਅ ਕਰਨ ਲਈ ਕਿਹਾ ਤਾਂ ਜੋ ਰਾਹਗੀਰਾਂ ਦੀ ਸੁਰੱਖਿਆ ਤੇ ਸੁਵਿਧਾ ਯਕੀਨੀ ਬਣਾਈ ਜਾ ਸਕੇ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਨੇ ਪੀਐੱਮ ਰਾਹਤ ਸਕੀਮ, ਰਾਹਗੀਰ, ਪੀੜਤ ਮੁਆਵਜ਼ਾ ਸਕੀਮ ਤੇ ਫਰਿਸ਼ਤੇ ਸਕੀਮ ਸਮੇਤ ਵੱਖ-ਵੱਖ ਸੜਕ ਸੁਰੱਖਿਆ ਤੇ ਜਨ ਭਲਾਈ ਪਹਿਲਕਦਮੀਆਂ ਦੀ ਸਮੀਖਿਆ ਵੀ ਕੀਤੀ। ਉਨ੍ਹਾਂ ਸਬੰਧਤ ਵਿਭਾਗਾਂ ਨੂੰ ਜਾਗਰੂਕਤਾ ਮੁਹਿੰਮਾਂ ਨੂੰ ਤੇਜ਼ ਕਰਨ ਦੇ ਨਿਰਦੇਸ਼ ਦਿੱਤੇ ਤਾਂ ਜੋ ਵੱਧ ਤੋਂ ਵੱਧ ਲੋਕਾਂ ਨੂੰ ਇਨ੍ਹਾਂ ਪਹਿਲਕਦਮੀਆਂ ਬਾਰੇ ਜਾਣੂ ਕਰਵਾਇਆ ਜਾ ਸਕੇ ਤੇ ਉਹ ਇਨ੍ਹਾਂ ਤਹਿਤ ਮਿਲਣ ਵਾਲੇ ਲਾਭ ਤੇ ਸਹਾਇਤਾ ਪ੍ਰਾਪਤ ਕਰ ਸਕਣ। ਉਨ੍ਹਾਂ ਸੜਕ ਸੁਰੱਖਿਆ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲੀ ਬੱਸਾਂ ਵਿਰੁੱਧ ਕੀਤੀ ਜਾ ਰਹੀ ਕਾਰਵਾਈ ਦੀ ਵੀ ਸਮੀਖਿਆ ਕੀਤੀ। ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਸਕੂਲ ਬੱਸ ਸੰਚਾਲਕਾਂ ਵੱਲੋਂ ਨਿਰਧਾਰਤ ਸਾਰੇ ਸੁਰੱਖਿਆ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਤੇ ਉਲੰਘਣਾ ਕਰਨ ਵਾਲਿਆਂ ਵਿਰੁੱਧ ਯੋਗ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ। ਸਾਂਝੇ ਯਤਨਾਂ ਦੀ ਲੋੜ ਤੇ ਜ਼ੋਰ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਸਮੂਹ ਭਾਈਵਾਲਾਂ ਨੂੰ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਰਾਜਮਾਰਗਾਂ ਤੇ ਸੜਕਾਂ ਨੂੰ ਰਾਹਗੀਰਾਂ ਲਈ ਸੁਰੱਖਿਅਤ, ਸੁਚਾਰੂ ਤੇ ਸੁਵਿਧਾਜਨਕ ਬਣਾਇਆ ਜਾ ਸਕੇ। ਉਨ੍ਹਾਂ ਦੁਹਰਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਸੜਕ ਸੁਰੱਖਿਆ ਢਾਂਚੇ ਨੂੰ ਮਜ਼ਬੂਤ ਕਰਨ, ਹਾਦਸਿਆਂ ਨੂੰ ਰੋਕਣ ਤੇ ਕੀਮਤੀ ਜਾਨਾਂ ਬਚਾਉਣ ਲਈ ਵਚਨਬੱਧ ਹੈ। ਇਸ ਮੌਕੇ ਆਰਟੀਓ ਹਰਕਰਮ ਸਿੰਘ, ਪੀਡਬਲਿਊਡੀ ਦੇ ਐਕਸੀਅਨ ਵਿਸ਼ਾਲ ਜੰਗਰਾਲ ਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।