ਦਯਾਵਤੀ ਫਾਊਂਡੇਸ਼ਨ ਨੇ ਸ਼ਿਵ ਮੰਦਰ ਪੱਕਾ ਬਾਗ ਵਿਖੇ ਲਗਾਇਆ ਮੈਡੀਕਲ ਚੈੱਕਅਪ ਕੈਂਪ ਦਯਾਵਤੀ ਫਾਊਂਡੇਸ਼ਨ ਨੇ ਸ਼ਿਵ ਮੰਦਰ ਪੱਕਾ ਬਾਗ ਵਿਖੇ ਲਗਾਇਆ ਮੁਫ਼ਤ ਮੈਡੀਕਲ ਚੈੱਕਅਪ ਕੈਂਪ, 57 ਮਰੀਜ਼ਾਂ ਦੀ ਹੋਈ ਜਾਂਚ
Publish Date: Wed, 21 Oct 2026 06:40 PM (IST)
Updated Date: Wed, 21 Oct 2026 06:42 PM (IST)
ਪੰਜਾਬੀ ਜਾਗਰਣ, ਪ੍ਰਤੀਨਿਧ ਫਗਵਾੜਾ : ਦਯਾਵਤੀ ਫਾਊਂਡੇਸ਼ਨ ਦੇ ਤਹਿਤ ਬੰਗਾ ਰੋਡ ਸਥਿਤ ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ ਵੱਲੋਂ ਸ਼ਿਵ ਮੰਦਰ, ਪੱਕਾ ਬਾਗ (ਸਟਾਰਚ ਮਿੱਲ), ਫਗਵਾੜਾ ਵਿਖੇ ਮੁਫ਼ਤ ਮੈਡੀਕਲ ਜਾਂਚ ਕੈਂਪ ਲਗਾਇਆ ਗਿਆ। ਕੈਂਪ ਦਾ ਉਦਘਾਟਨ ਫਾਊਂਡੇਸ਼ਨ ਦੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਨੇ ਕੀਤਾ। ਉਨ੍ਹਾਂ ਨੇ ਮੰਦਰ ਵਿੱਚ ਆਉਣ ਵਾਲੇ ਸ਼ਰਧਾਲੂਆਂ ਅਤੇ ਲੋੜਵੰਦ ਲੋਕਾਂ ਨੂੰ ਆਪਣੀਆਂ ਸਿਹਤ ਸਬੰਧੀ ਸਮੱਸਿਆਵਾਂ ਦੀ ਨਿਯਮਤ ਜਾਂਚ ਕਰਵਾਉਣ ਅਤੇ ਸਮੇਂ ਸਿਰ ਇਲਾਜ ਕਰਵਾਉਣ ਦੀ ਅਪੀਲ ਕੀਤੀ। ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਚੱਗਰ ਅਤੇ ਜਨਰਲ ਸਕੱਤਰ ਮਲਕੀਅਤ ਸਿੰਘ ਰਘਬੋਤਰਾ ਦੀ ਦੇਖ-ਰੇਖ ਹੇਠ ਲਗਾਏ ਗਏ ਇਸ ਕੈਂਪ ਦੌਰਾਨ ਡਾ. ਵਿਕਾਸ ਕੁਮਾਰ (ਬੀ.ਏ.ਐੱਮ.ਐੱਸ.) ਅਤੇ ਉਨ੍ਹਾਂ ਦੇ ਸਹਾਇਕ ਪਰਮਿੰਦਰ ਸਿੰਘ ਦੀ ਟੀਮ ਨੇ ਕੁੱਲ 57 ਮਰੀਜ਼ਾਂ ਦੀ ਜਾਂਚ ਕੀਤੀ। ਇਨ੍ਹਾਂ ਵਿੱਚ ਐਲਰਜੀ, ਚਮੜੀ ਦੇ ਰੋਗ, ਪੁਰਾਣਾ ਨਜ਼ਲਾ, ਜ਼ੁਕਾਮ, ਦਮਾ, ਜੋੜਾਂ ਅਤੇ ਗੋਡਿਆਂ ਦਾ ਦਰਦ, ਗਠੀਆ ਅਤੇ ਕੈਲਸ਼ੀਅਮ ਦੀ ਘਾਟ ਸਮੇਤ ਵੱਖ-ਵੱਖ ਸਿਹਤ ਸਮੱਸਿਆਵਾਂ ਤੋਂ ਪੀੜਤ ਮਰੀਜ਼ ਸ਼ਾਮਲ ਸਨ। ਜਾਂਚ ਤੋਂ ਬਾਅਦ ਲੋੜਵੰਦ ਮਰੀਜ਼ਾਂ ਨੂੰ ਉਨ੍ਹਾਂ ਦੀ ਲੋੜ ਅਨੁਸਾਰ ਇੱਕ ਹਫ਼ਤੇ ਦੀਆਂ ਦਵਾਈਆਂ ਮੁਫ਼ਤ ਦਿੱਤੀਆਂ ਗਈਆਂ। ਜਿਨ੍ਹਾਂ ਮਰੀਜ਼ਾਂ ਨੂੰ ਅੱਗੇ ਵੀ ਦਵਾਈਆਂ ਦੀ ਲੋੜ ਸੀ, ਉਨ੍ਹਾਂ ਨੂੰ ਬੰਗਾ ਰੋਡ ਸਥਿਤ ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ ਤੋਂ ਮੁਫ਼ਤ ਦਵਾਈਆਂ ਪ੍ਰਾਪਤ ਕਰਨ ਲਈ ਕਿਹਾ ਗਿਆ। ਮਲਕੀਅਤ ਸਿੰਘ ਰਘਬੋਤਰਾ ਨੇ ਆਯੁਰਵੈਦਿਕ ਇਲਾਜ ਪ੍ਰਣਾਲੀ ਦੀ ਮਹੱਤਤਾ ਬਾਰੇ ਚਾਨਣਾ ਪਾਉਂਦਿਆਂ ਕਿਹਾ ਕਿ ਆਯੁਰਵੇਦ ਵਿੱਚ ਸਿਹਤਮੰਦ ਵਿਅਕਤੀ ਦੀ ਸਿਹਤ ਦੀ ਰੱਖਿਆ ਕਰਨ ਅਤੇ ਬਿਮਾਰੀਆਂ ਦੇ ਇਲਾਜ ਲਈ ਵਿਆਪਕ ਗਿਆਨ ਮੌਜੂਦ ਹੈ। ਉਨ੍ਹਾਂ ਨੇ ਮਹਾਰਿਸ਼ੀ ਚਰਕ ਦਾ ਜ਼ਿਕਰ ਕਰਦਿਆਂ ਕਿਹਾ ਕਿ ਆਯੁਰਵੈਦਿਕ ਇਲਾਜ ਵਿੱਚ ਕੁਦਰਤੀ ਜੜ੍ਹੀਆਂ-ਬੂਟੀਆਂ ਅਤੇ ਹੋਰ ਕੁਦਰਤੀ ਪਦਾਰਥਾਂ ਦਾ ਮਹੱਤਵਪੂਰਨ ਸਥਾਨ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦੀ ਸਹੀ ਸਲਾਹ ਅਤੇ ਨਿਰਧਾਰਤ ਮਾਤਰਾ ਅਨੁਸਾਰ ਦਵਾਈਆਂ ਦੀ ਵਰਤੋਂ ਸਿਹਤ ਦੀ ਸੰਭਾਲ ਵਿੱਚ ਸਹਾਇਕ ਹੋ ਸਕਦੀ ਹੈ। ਇਸ ਮੌਕੇ ਪੰਡਿਤ ਸੁਨੀਲ ਤਿਵਾੜੀ, ਸੁਨੀਲ ਮਿਸ਼ਰਾ, ਪੰਡਿਤ ਕੇਦਾਰਨਾਥ, ਮੋਹਨ ਲਾਲ ਤਨੇਜਾ, ਦਵਿੰਦਰ ਬਿੱਲਾ ਸਮੇਤ ਹੋਰ ਪਤਵੰਤੇ ਸੱਜਣ ਹਾਜ਼ਰ ਸਨ।