ਦਯਾਵੰਤੀ ਫਾਊਂਡੇਸ਼ਨ ਨੇ ਲਗਾਇਆ ਫਰੀ ਆਯੁਰਵੈਦਿਕ ਕੈਂਪ
ਦਯਾਵੰਤੀ ਫਾਊਂਡੇਸ਼ਨ ਨੇ ਸ਼ਿਵ ਮੰਦਿਰ ਪੱਕਾ ਬਾਗ ਵਿਖੇ ਲਗਾਇਆ ਫਰੀ ਆਯੁਰਵੈਦਿਕ ਕੈਂਪ
Publish Date: Tue, 31 Mar 2026 07:17 PM (IST)
Updated Date: Tue, 31 Mar 2026 07:19 PM (IST)

ਪੰਜਾਬੀ ਜਾਗਰਣ ਪ੍ਰਤੀਨਿਧ ਫਗਵਾੜਾ : ਦਯਾਵੰਤੀ ਆਯੂਕੇਅਰ ਚੈਰੀਟੇਬਲ ਡਿਸਪੈਂਸਰੀ, ਬੰਸੀ ਲਾਲ ਮਾਰਕੀਟ, ਬੰਗਾ ਰੋਡ, ਫਗਵਾੜਾ ਵੱਲੋਂ ਫਾਊਂਡੇਸ਼ਨ ਦੇ ਚੇਅਰਮੈਨ ਸਤੀਸ਼ ਕੁਮਾਰ ਬੱਤਰਾ (ਫਰੰਟੀਅਰ ਕਲੌਥ ਹਾਊਸ) ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਫਰੀ ਆਯੁਰਵੈਦਿਕ ਮੈਡੀਕਲ ਕੈਂਪ ਸ਼ਿਵ ਮੰਦਿਰ ਪੱਕਾ ਬਾਗ ਵਿਖੇ ਲਗਾਇਆ ਗਿਆ। ਫਾਊਂਡੇਸ਼ਨ ਦੇ ਪ੍ਰਬੰਧਕ ਪਰਮਜੀਤ ਸਿੰਘ ਚੱਗਰ ਦੀ ਅਗਵਾਈ ਹੇਠ ਲਗਾਏ ਇਸ ਲੜੀਵਾਰ ਕੈਂਪ ਦਾ ਉਦਘਾਟਨ ਬਲੱਡ ਬੈਂਕ ਗੁਰੂ ਹਰਗੋਬਿੰਦ ਨਗਰ ਫਗਵਾੜਾ ਦੇ ਪ੍ਰਧਾਨ ਮਲਕੀਅਤ ਸਿੰਘ ਰਗਬੋਤਰਾ ਵੱਲੋਂ ਕੀਤਾ ਗਿਆ। ਉਨ੍ਹਾਂ ਫਾਉਂਡੇਸ਼ਨ ਦੇ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਫਾਉਂਡੇਸ਼ਨ ਦੇ ਚੇਅਰਮੈਨ ਸਤੀਸ਼ ਬੱਤਰਾ ਵਧਾਈ ਦੇ ਪਾਤਰ ਹਨ, ਜਿਨ੍ਹਾਂ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਸਦਕਾ ਹਜ਼ਾਰਾਂ ਲੋਕ ਆਯੁਰਵੈਦਿਕ ਇਲਾਜ ਪ੍ਰਣਾਲੀ ਰਾਹੀਂ ਬਿਮਾਰੀਆਂ ਦੇ ਫਰੀ ਇਲਾਜ ਦੀ ਸੁਵਿਧਾ ਪ੍ਰਾਪਤ ਕਰ ਰਹੇ ਹਨ। ਕੈਂਪ ਦੌਰਾਨ ਡਾ. ਰੀਤੂ ਢੀਂਗਰਾ ਗਰੋਵਰ ਤੇ ਸਹਾਇਕ ਪਰਮਿੰਦਰ ਸਿੰਘ ਦੀ ਟੀਮ ਨੇ 59 ਲੋੜਵੰਦ ਮਰੀਜ਼ਾਂ ਦੀਆਂ ਵੱਖ-ਵੱਖ ਬਿਮਾਰੀਆਂ ਦੀ ਜਾਂਚ ਕਰਕੇ ਲੋੜ ਅਨੁਸਾਰ ਫਰੀ ਦਵਾਈਆਂ ਦਿੱਤੀਆਂ। ਲੋੜਵੰਦ ਮਰੀਜ਼ਾਂ ਨੂੰ ਇਕ ਹਫਤੇ ਦੀ ਫਰੀ ਦਵਾਈ ਦੇਣ ਦੇ ਨਾਲ ਲੋੜ ਮੁਤਾਬਕ ਵਾਧੂ ਦਵਾਈ ਬੰਗਾ ਰੋਡ ਸਥਿਤ ਡਿਸਪੈਂਸਰੀ ਤੋਂ ਪ੍ਰਾਪਤ ਕਰਨ ਦੀ ਹਦਾਇਤ ਕੀਤੀ ਗਈ। ਡਾ. ਰੀਤੂ ਨੇ ਹਾਜ਼ਰੀਨ ਨੂੰ ਦੱਸਿਆ ਕਿ ਹਜ਼ਾਰਾਂ ਸਾਲ ਪੁਰਾਣੀ ਆਯੁਰਵੈਦਿਕ ਇਲਾਜ ਪ੍ਰਣਾਲੀ ਨਾਲ ਬਿਮਾਰੀ ਨੂੰ ਜੜ੍ਹ ਤੋਂ ਖਤਮ ਕੀਤਾ ਜਾ ਸਕਦਾ ਹੈ। ਜੇਕਰ ਮਾਹਿਰ ਆਯੁਰਵੈਦ ਡਾਕਟਰ ਦੀ ਸਲਾਹ ਦੇ ਨਾਲ ਇਨ੍ਹਾਂ ਦਵਾਈਆਂ ਦਾ ਸੇਵਨ ਕੀਤਾ ਜਾਵੇ ਤਾਂ ਸਰੀਰ ‘ਤੇ ਕੋਈ ਮਾੜਾ ਪ੍ਰਭਾਵ ਨਹੀਂ ਹੁੰਦਾ। ਆਯੁਰਵੈਦਿਕ ਦਵਾਈਆਂ ਇਕ ਸਿਹਤਮੰਦ ਵਿਅਕਤੀ ਦੁਆਰਾ ਵੀ ਵਰਤੀਆਂ ਜਾ ਸਕਦੀਆਂ ਹਨ ਕਿਉਂਕਿ ਇਹ ਸਾਡੀ ਆਧੁਨਿਕ ਜੀਵਨ ਸ਼ੈਲੀ ਨੂੰ ਸਹੀ ਦਿਸ਼ਾ ਦਿੰਦੀਆਂ ਹਨ। ਅਖੀਰ ਵਿਚ ਫਾਊਂਡੇਸ਼ਨ ਦੇ ਮੈਨੇਜਰ ਪਰਮਜੀਤ ਸਿੰਘ ਨੇ ਮੰਦਿਰ ਕਮੇਟੀ ਦੇ ਸਕੱਤਰ ਇੰਦਰਜੀਤ ਕਾਲੜਾ ਤੇ ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵਾਮਿੱਤਰ ਸ਼ਰਮਾ, ਸੰਦੀਪ ਸ਼ਰਮਾ, ਜਤਿੰਦਰ ਜਿੰਦੀ, ਦੀਪਕ (ਮੈਡੀਕਲ ਹੋਲ ਸੇਲਰ) ਸਮੇਤ ਹੋਰ ਪਤਵੰਤੇ ਹਾਜ਼ਰ ਸਨ।