ਦਵਿੰਦਰ ਧੀਰ ਨੇ ਖਫ਼ਾ ਹੋ ਕੇ ਭਾਜਪਾ ਛੱਡੀ ਦਵਿੰਦਰ ਧੀਰ ਨੇ ਖਫ਼ਾ ਹੋ ਕੇ ਭਾਜਪਾ ਛੱਡੀ
Publish Date: Sun, 18 Oct 2026 08:33 PM (IST)
Updated Date: Sun, 18 Oct 2026 08:36 PM (IST)
ਰੌਸ਼ਨ ਖੈੜਾ ਪੰਜਾਬੀ ਜਾਗਰਣ ਕਪੂਰਥਲਾ : ਭਾਰਤੀ ਜਨਤਾ ਪਾਰਟੀ ਕਪੂਰਥਲਾ ਦੇ ਸੀਨੀਅਰ ਨੇਤਾ ਦਵਿੰਦਰ ਧੀਰ ਨੇ ਜ਼ਿਲ੍ਹਾ ਪ੍ਰਧਾਨ ਚੇਤਨਾ ਸੂਰੀ ਤੋਂ ਖ਼ਫ਼ਾ ਹੋ ਕੇ ਭਾਜਪਾ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਮਨ ਕੀ ਬਾਤ ਦੇ ਜ਼ਿਲ੍ਹਾ ਪ੍ਰਧਾਨ ਦਵਿੰਦਰ ਧੀਰ ਤੋਂ ਜਦੋਂ ਪੁੱਛਿਆ ਕਿ ਤੁਸੀਂ ਹੁਣ ਕਿਸੇ ਹੋਰ ਰਾਜਨੀਤਿਕ ਪਾਰਟੀ ਦਾ ਪੱਲਾ ਫੜੋਗੇ ਤਾਂ ਧੀਰ ਨੇ ਕਿਹਾ ਕਿ ਬਿਲਕੁਲ ਨਹੀਂ, ਜਿਹੜੀਆਂ ਪਾਰਟੀਆਂ ਦਾ ਅਸੀਂ ਸਿਧਾਂਤਕ ਤੌਰ ’ਤੇ ਵਿਰੋਧ ਕਰਦੇ ਆ ਰਹੇ, ਉਨ੍ਹਾਂ ਦਾ ਪੱਲਾ ਕਿਵੇਂ ਫੜਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਬੱਸ ਸਰਗਰਮ ਰਾਜਨੀਤੀ ਤੋਂ ਹੀ ਲਾਂਭੇ ਹੋਣਾ ਬੇਹਤਰ ਸਮਝਦਾ ਹਾਂ। ਉਨ੍ਹਾਂ ਕਿਹਾ ਕਿ ਉਨ੍ਹਾਂ ਜ਼ਿਲ੍ਹੇ ਦੇ ਨਵ-ਨਿਯੁਕਤ ਪ੍ਰਧਾਨ ਚੇਤਨ ਸੂਰੀ ਵੱਲੋਂ ਨਵੇਂ ਜ਼ਿਲਾ ਪੱਧਰੀ ਸੰਗਠਨ ’ਚ ਪੁਰਾਣੇ ਤੇ ਸਮਰਪਿਤ ਵਰਕਰਾਂ ਨੂੰ ਨਜ਼ਰਅੰਦਾਜ਼ ਕੀਤੇ ਜਾਣ ਦੇ ਰੋਸ ਵਿੱਚ ਭਾਜਪਾ ਨੂੰ ਛੱਡਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਦਾ ਹਰ ਫੈਸਲਾ ਹੀ ਭਾਜਪਾਈ ਆਗੂਆਂ ਨਾਲ ਫਾਸਲੇ ਵਧਾ ਰਿਹਾ ਹੈ, ਜੋ ਸਹਿਨ ਨਹੀਂ ਕੀਤਾ ਜਾ ਸਕਦਾ। ਜਦੋਂ ਦਵਿੰਦਰ ਧੀਰ ਵੱਲੋਂ ਖ਼ਫ਼ਾ ਹੋ ਕੇ ਭਾਜਪਾ ਛੱਡਣ ਦੇ ਫੈਸਲੇ ਬਾਰੇ ਜ਼ਿਲ੍ਹਾ ਪ੍ਰਧਾਨ ਚੇਤਨ ਸੂਰੀ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਦਵਿੰਦਰ ਧੀਰ ਸਾਡੇ ਸਮਰਪਿਤ ਵਰਕਰ ਹੀ ਨਹੀਂ ਬਲਕਿ ਮਾਰਗ ਦਰਸ਼ਕ ਵੀ ਹਨ। ਉਹ ਕਿਸ ਗਲਤਫਹਿਮੀ ਚ ਭਾਵੁਕ ਹੋ ਗਏ ਹਨ, ਉਨ੍ਹਾਂ ਨਾਲ ਜਲਦ ਸੰਪਰਕ ਕਰਾਂਗਾ। ਜ਼ਿਕਰਯੋਗ ਹੈ ਕਿ ਧੀਰ ਭਾਜਪਾ ਦੀਆਂ ਲੋਕ ਹਿਤਕਾਰੀ ਨੀਤੀਆਂ ਦੇ ਪ੍ਰਚਾਰ ਤੇ ਪਸਾਰ ਲਈ ਜਿੱਥੇ ਸਮਰਪਿਤ ਭਾਵਨਾ ਨਾਲ ਘਰ-ਘਰ ਮੋਦੀ ਦਾ ਸੰਦੇਸ਼ ਵੰਡ ਰਹੇ ਸਨ, ਉਥੇ ਭਾਜਪਾ ਵੱਲੋਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਨੀਤੀ ਨੂੰ ਹੋਰ ਅੱਗੇ ਵਧਾਉਣ ਲਈ ਵੀ ਸਮਰਪਿਤ ਸਨ।