ਡਡਵਿੰਡੀ ਨੇੜੇ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ’ਤੇ ਡਿਵਾਈਡਰ ਬਣਿਆ ਹਾਦਸਿਆਂ ਦਾ ਕਾਰਨ ਡਡਵਿੰਡੀ ਨੇੜੇ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ’ਤੇ ਖ਼ਤਰਨਾਕ ਡਿਵਾਈਡਰ ਬਣਿਆ ਹਾਦਸਿਆਂ ਦਾ ਕਾਰਨ
Publish Date: Wed, 26 Aug 2026 07:56 PM (IST)
Updated Date: Wed, 26 Aug 2026 07:58 PM (IST)
ਰਾਤ ਸਮੇਂ ਡਿਵਾਈਡਰ ਨੇੜੇ ਨਿਸ਼ਾਨ ਚਿੰਨ੍ਹ ਨਾ ਹੋਣ ਕਾਰਨ ਟਕਰਾਈ ਕਾਰ, ਚਾਲਕ ਜ਼ਖ਼ਮੀ ਹੋਣ ਤੋਂ ਬਚਿਆ ਲੋਕਾਂ ਨੇ ਸੁਰੱਖਿਆ ਪ੍ਰਬੰਧ ਤੁਰੰਤ ਦਰੁਸਤ ਕਰਨ ਦੀ ਮੰਗ ਕੀਤੀ ਪਰਮਜੀਤ ਸਿੰਘ, ਪੰਜਾਬੀ ਜਾਗਰਣ ਡਡਵਿੰਡੀ : ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਨੂੰ ਜਾਣ ਵਾਲੀ ਬੇਬੇ ਨਾਨਕੀ ਜੀ ਚਾਰ ਮਾਰਗੀ ਸੜਕ ’ਤੇ ਪਿੰਡ ਡਡਵਿੰਡੀ ਵਿਖੇ ਐੱਚਪੀ ਪੈਟਰੋਲ ਪੰਪ ਨੇੜੇ ਬਣਿਆ ਡਿਵਾਈਡਰ ਰਾਤ ਸਮੇਂ ਵਾਹਨ ਚਾਲਕਾਂ ਲਈ ਖ਼ਤਰਾ ਬਣਿਆ ਹੋਇਆ ਹੈ। ਡਿਵਾਈਡਰ ਦੇ ਆਲੇ-ਦੁਆਲੇ ਸਪੱਸ਼ਟ ਨਿਸ਼ਾਨ ਚਿੰਨ੍ਹ ਅਤੇ ਰਿਫਲੈਕਟਰ ਨਾ ਹੋਣ ਕਾਰਨ ਇੱਥੇ ਪਹਿਲਾਂ ਵੀ ਕਈ ਹਾਦਸੇ ਵਾਪਰਨ ਦੀ ਗੱਲ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਪਿਛਲੇ ਦਿਨੀਂ ਰਾਤ ਕਰੀਬ 8:30 ਤੋਂ 9 ਵਜੇ ਦੇ ਦਰਮਿਆਨ ਸੁਲਤਾਨਪੁਰ ਲੋਧੀ ਤੋਂ ਕਪੂਰਥਲਾ ਵੱਲ ਆ ਰਹੀ ਕਾਰ ਨੰਬਰ ਪੀਬੀ 09 ਆਰ- 5936 ਪਿੰਡ ਡਡਵਿੰਡੀ ਵਿਖੇ ਐੱਚਪੀ ਪੈਟਰੋਲ ਪੰਪ ਨੇੜੇ ਡਿਵਾਈਡਰ ਨਾਲ ਟਕਰਾ ਗਈ। ਕਾਰ ਨੂੰ ਦੀਪੇਸ਼ ਪੁੱਤਰ ਰਵਿੰਦਰ ਕੁਮਾਰ ਵਾਸੀ ਸ਼ੇਖੂਪੁਰ, ਜ਼ਿਲ੍ਹਾ ਕਪੂਰਥਲਾ ਚਲਾ ਰਿਹਾ ਸੀ। ਹਾਦਸੇ ਵਿੱਚ ਚਾਲਕ ਨੂੰ ਮਾਮੂਲੀ ਸੱਟਾਂ ਲੱਗੀਆਂ। ਹਾਲਾਂਕਿ ਟੱਕਰ ਕਾਰਨ ਕਾਰ ਦਾ ਕਾਫ਼ੀ ਨੁਕਸਾਨ ਹੋ ਗਿਆ। ਸੜਕ ਸੁਰੱਖਿਆ ਫੋਰਸ ਦੇ ਕਾਂਸਟੇਬਲ ਬਲਵਿੰਦਰ ਸਿੰਘ ਵੱਲੋਂ ਹਾਦਸੇ ਸਬੰਧੀ ਜਾਣਕਾਰੀ ਦਿੱਤੀ ਗਈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਰਾਤ ਸਮੇਂ ਹਨੇਰੇ ਵਿੱਚ ਡਿਵਾਈਡਰ ਸਪੱਸ਼ਟ ਦਿਖਾਈ ਨਾ ਦੇਣ ਕਾਰਨ ਵਾਹਨ ਚਾਲਕਾਂ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਡਿਵਾਈਡਰ ਦੇ ਆਲੇ-ਦੁਆਲੇ ਤੁਰੰਤ ਰਿਫਲੈਕਟਰ, ਚਿਤਾਵਨੀ ਚਿੰਨ੍ਹ ਅਤੇ ਹੋਰ ਲੋੜੀਂਦੇ ਸੜਕ ਸੁਰੱਖਿਆ ਪ੍ਰਬੰਧ ਕੀਤੇ ਜਾਣ। ਲੋਕਾਂ ਨੇ ਨੈਸ਼ਨਲ ਹਾਈਵੇ ਅਥਾਰਟੀ ਦੇ ਸਬੰਧਤ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਕਿਸੇ ਵੱਡੇ ਹਾਦਸੇ ਦੀ ਉਡੀਕ ਕਰਨ ਦੀ ਬਜਾਏ ਇਸ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ, ਤਾਂ ਜੋ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ।