6 ਮਹੀਨਿਆਂ ਤੋਂ ਬੰਦ ਪਿਆ ਡਡਵਿੰਡੀ ਰੇਲਵੇ ਸਟੇਸ਼ਨ 6 ਮਹੀਨਿਆਂ ਤੋਂ ਬੰਦ ਪਿਆ ਡਡਵਿੰਡੀ ਰੇਲਵੇ ਸਟੇਸ਼ਨ, ਨਸ਼ੇੜੀਆਂ ਅਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਕਾਰਨ ਲੋਕਾਂ ਵਿੱਚ ਚਿੰਤਾ
Publish Date: Thu, 05 Nov 2026 10:19 PM (IST)
Updated Date: Thu, 05 Nov 2026 10:20 PM (IST)
ਜਲੰਧਰ ਜਾਣ ਵਾਲੀ ਟ੍ਰੇਨ ਨੰਬਰ 74939 ਦਾ ਠਹਿਰਾਅ ਵੀ ਬੰਦ ਹੋਣ ਕਾਰਨ ਰੋਜ਼ਾਨਾ ਦੇ ਯਾਤਰੀ ਹੋ ਰਹੇ ਪ੍ਰੇਸ਼ਾਨ ਨਸ਼ੇੜੀਆਂ ਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਕਾਰਨ ਲੋਕਾਂ ਵਿੱਚ ਚਿੰਤਾ ਵਧ ਰਹੀ ਪਰਮਜੀਤ ਸਿੰਘ ਪੰਜਾਬੀ ਜਾਗਰਣ ਡਡਵਿੰਡੀ : ਪਿੰਡ ਡਡਵਿੰਡੀ ਦਾ ਰੇਲਵੇ ਸਟੇਸ਼ਨ ਪਿਛਲੇ ਤਕਰੀਬਨ 6-7 ਮਹੀਨਿਆਂ ਤੋਂ ਬੰਦ ਪਿਆ ਹੋਣ ਕਾਰਨ ਆਪਣੀ ਬਦਹਾਲੀ ਦੇ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਸਥਾਨਕ ਲੋਕਾਂ ਤੇ ਆਸ-ਪਾਸ ਦੇ ਪਿੰਡਾਂ ਦੇ ਵਸਨੀਕਾਂ ਅਨੁਸਾਰ ਸਟੇਸ਼ਨ ਦੀ ਦੇਖਭਾਲ ਨਾ ਹੋਣ ਕਾਰਨ ਇਹ ਥਾਂ ਹੁਣ ਨਸ਼ੇੜੀਆਂ ਤੇ ਸ਼ੱਕੀ ਵਿਅਕਤੀਆਂ ਦੀਆਂ ਗਤੀਵਿਧੀਆਂ ਦਾ ਕੇਂਦਰ ਬਣਦੀ ਜਾ ਰਹੀ ਹੈ। ਇਸ ਸਥਿਤੀ ਨੂੰ ਲੈ ਕੇ ਇਲਾਕਾ ਵਾਸੀਆਂ ਵਿੱਚ ਚਿੰਤਾ ਪਾਈ ਜਾ ਰਹੀ ਹੈ। ਰੇਲਵੇ ਸਟੇਸ਼ਨ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਰਾਤ ਸਮੇਂ ਇੱਥੇ ਸ਼ੱਕੀ ਗਤੀਵਿਧੀਆਂ ਦੇਖਣ ਨੂੰ ਮਿਲਦੀਆਂ ਹਨ ਤੇ ਕਥਿਤ ਤੌਰ ਤੇ ਨਸ਼ੇੜੀ ਕਿਸਮ ਦੇ ਵਿਅਕਤੀਆਂ ਦਾ ਆਉਣਾ-ਜਾਣਾ ਲੱਗਿਆ ਰਹਿੰਦਾ ਹੈ। ਸੂਤਰਾਂ ਅਨੁਸਾਰ ਕਈ ਵਾਰ ਰਾਤ ਦੇ ਸਮੇਂ ਨੌਜਵਾਨ ਲੜਕਿਆਂ ਦੇ ਨਾਲ ਲੜਕੀਆਂ ਦੇ ਵੀ ਇੱਥੇ ਆਉਣ ਦੀਆਂ ਗੱਲਾਂ ਸਾਹਮਣੇ ਆਈਆਂ ਹਨ। ਲੋਕਾਂ ਦਾ ਕਹਿਣਾ ਹੈ ਕਿ ਸਟੇਸ਼ਨ ਦੀ ਨਿਯਮਤ ਦੇਖਭਾਲ ਤੇ ਸੁਰੱਖਿਆ ਪ੍ਰਬੰਧ ਨਾ ਹੋਣ ਕਾਰਨ ਅਜਿਹੀਆਂ ਗਤੀਵਿਧੀਆਂ ਨੂੰ ਰੋਕਣਾ ਮੁਸ਼ਕਲ ਹੋ ਰਿਹਾ ਹੈ। ਨਿੱਤ ਰੇਲ ਗੱਡੀਆਂ ਰਾਹੀਂ ਸਫ਼ਰ ਕਰਨ ਵਾਲੇ ਮੁਸਾਫ਼ਰਾਂ ਨੇ ਰੇਲਵੇ ਵਿਭਾਗ ਫ਼ਿਰੋਜ਼ਪੁਰ ਤੋਂ ਮੰਗ ਕੀਤੀ ਹੈ ਕਿ ਡਡਵਿੰਡੀ ਰੇਲਵੇ ਸਟੇਸ਼ਨ ਦੀ ਖਸਤਾ ਹਾਲਤ ਨੂੰ ਸੁਧਾਰਿਆ ਜਾਵੇ। ਸਟੇਸ਼ਨ ਦੇ ਆਲੇ-ਦੁਆਲੇ ਉੱਗੇ ਘਾਹ-ਫੂਸ ਤੇ ਜੜ੍ਹੀ-ਬੂਟੀਆਂ ਦੀ ਸਫ਼ਾਈ ਕਰਵਾਈ ਜਾਵੇ। ਇਸ ਤੋਂ ਇਲਾਵਾ ਪੀਣ ਵਾਲੇ ਪਾਣੀ ਲਈ ਟੈਂਕੀ, ਮਰਦਾਂ ਤੇ ਔਰਤਾਂ ਲਈ ਵੱਖ-ਵੱਖ ਪਖਾਨੇ ਬਣਾਏ ਜਾਣ ਤੇ ਟਿਕਟਾਂ ਦੀ ਬੁਕਿੰਗ ਲਈ ਸਰਕਾਰੀ ਕਰਮਚਾਰੀ ਦੀ ਤਾਇਨਾਤੀ ਜਲਦੀ ਤੋਂ ਜਲਦੀ ਕੀਤੀ ਜਾਵੇ। ਇਲਾਕਾ ਵਾਸੀਆਂ ਨੇ ਦੱਸਿਆ ਕਿ ਟ੍ਰੇਨ ਨੰਬਰ 74939, ਜੋ ਪਹਿਲਾਂ ਰਾਤ 10:30 ਵਜੇ ਡਡਵਿੰਡੀ ਰੇਲਵੇ ਸਟੇਸ਼ਨ ਤੇ ਰੁਕਦੀ ਸੀ, ਪਿਛਲੇ ਕਈ ਮਹੀਨਿਆਂ ਤੋਂ ਇੱਥੇ ਨਹੀਂ ਰੁਕ ਰਹੀ। ਇਸ ਕਾਰਨ ਰੋਜ਼ਾਨਾ ਜਲੰਧਰ ਤੋਂ ਡਡਵਿੰਡੀ ਰੋਜਾਨਾ ਆਉਣ-ਜਾਣ ਵਾਲੇ ਯਾਤਰੀਆਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਦੇ ਨਾਲ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜੀ ਅੰਮ੍ਰਿਤਸਰ ਸਾਹਿਬ ਵਿਖੇ ਦਰਸ਼ਨਾਂ ਲਈ ਜਾਣ ਵਾਲੀਆਂ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਵਿੱਚ ਵੀ ਕਾਫੀ ਰੋਸ ਪਾਇਆ ਜਾ ਰਿਹਾ ਹੈ। ਇਲਾਕਾ ਵਾਸੀਆਂ ਨੇ ਰੇਲਵੇ ਵਿਭਾਗ ਫ਼ਿਰੋਜ਼ਪੁਰ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਉਹ ਡਡਵਿੰਡੀ ਰੇਲਵੇ ਸਟੇਸ਼ਨ ਦੀਆਂ ਬੁਨਿਆਦੀ ਸਹੂਲਤਾਂ ਬਹਾਲ ਕਰਕੇ ਇਸ ਨੂੰ ਮੁੜ ਸੁਚਾਰੂ ਢੰਗ ਨਾਲ ਚਾਲੂ ਕੀਤਾ ਜਾਵੇ ਤੇ ਇਸ ਦੇ ਨਾਲ ਹੀ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਜਾਣ, ਟਿਕਟ ਬੁਕਿੰਗ ਲਈ ਕਰਮਚਾਰੀ ਜਲਦੀ ਤੋਂ ਜਲਦੀ ਤਾਇਨਾਤ ਕੀਤਾ ਜਾਵੇ।