- ਸ਼ਹਿਰ ਚੁਣੋ
- ਈ-ਪੇਪਰ
- ਵੈੱਬ ਸਟੋਰੀਜ਼
ਤਿਉਹਾਰਾਂ ਦੌਰਾਨ ਮਠਿਆਈਆਂ ਦੀ ਮੰਗ ਵਿਚਕਾਰ ਮਿਲਾਵਟ ਤੇ ਰੋਕ ਜ਼ਰੂਰੀ : ਪੰਡਿਤ/ਅਸ਼ੋਕ/ਆਨੰਦ

---ਤਿਉਹਾਰਾਂ ਦੀ ਖੁਸ਼ੀ ’ਚ ਸਿਹਤ ਨਾਲ ਸਮਝੌਤਾ ਨਾ ਕਰੋ : ਵਿਹਿਪ
---ਖਾਣ-ਪੀਣ ਦੀਆਂ ਵਸਤੂਆਂ ਦੀ ਜਾਂਚ ਤੇਜ਼ ਕਰਨ ਦੀ ਕੀਤੀ ਮੰਗ
ਮੱਲ੍ਹੀ, ਪੰਜਾਬੀ ਜਾਗਰਣ
ਕਪੂਰਥਲਾ : ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੁੰਦੇ ਹੀ ਬਾਜ਼ਾਰਾਂ ਚ ਮਠਿਆਈਆਂ, ਦੁੱਧ, ਖੋਇਆ, ਪਨੀਰ ਤੇ ਹੋਰ ਦੁੱਧ ਤੋਂ ਬਣੇ ਉਤਪਾਦਾਂ ਦੀ ਮੰਗ ਵਧ ਗਈ ਹੈ। ਇਸ ਦੇ ਨਾਲ ਹੀ ਖਾਣ-ਪੀਣ ਦੀਆਂ ਵਸਤੂਆਂ ’ਚ ਮਿਲਾਵਟ ਦੀ ਸੰਭਾਵਨਾ ਵੀ ਵਧਣ ਲੱਗੀ ਹੈ। ਇਸੇ ਮਸਲੇ ਸਬੰਧੀ ਵਿਸ਼ਵ ਹਿੰਦੂ ਪਰਿਸ਼ਦ ਜਲੰਧਰ (ਵੀਐੱਚਪੀ) ਵਿਭਾਗ ਦੇ ਪ੍ਰਧਾਨ ਨਰੇਸ਼ ਪੰਡਿਤ, ਜ਼ਿਲ੍ਹਾ ਪ੍ਰਧਾਨ ਅਸ਼ੋਕ ਕੁਮਾਰ ਤੇ ਬਜਰੰਗ ਦਲ ਦੇ ਜ਼ਿਲ੍ਹਾ ਪ੍ਰਧਾਨ ਆਨੰਦ ਯਾਦਵ ਨੇ ਲੋਕਾਂ ਨੂੰ ਜਾਗਰੂਕ ਰਹਿਣ ਦੀ ਅਪੀਲ ਕਰਦਿਆਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਚੈਕਿੰਗ ਮੁਹਿੰਮ ਨੂੰ ਸਿਰਫ ਤਿਉਹਾਰਾਂ ਤੱਕ ਸੀਮਤ ਨਾ ਰੱਖਿਆ ਜਾਵੇ। ਨਰੇਸ਼ ਪੰਡਿਤ ਨੇ ਕਿਹਾ ਕਿ ਤਿਉਹਾਰ ਪਰਿਵਾਰ ਤੇ ਸਮਾਜ ਲਈ ਖੁਸ਼ੀ ਦੇ ਮੌਕੇ ਹੁੰਦੇ ਹਨ ਪਰ ਮਿਲਾਵਟੀ ਖਾਣ-ਪੀਣ ਦੀਆਂ ਵਸਤੂਆਂ ਇਸ ਖੁਸ਼ੀ ਨੂੰ ਸਿਹਤ ਸਬੰਧੀ ਸਮੱਸਿਆ ਵਿੱਚ ਬਦਲ ਸਕਦੇ ਹਨ। ਖਾਸ ਕਰ ਕੇ ਮਠਿਆਈਆਂ ਵਿੱਚ ਵਰਤੇ ਜਾਣ ਵਾਲੇ ਖੋਏ, ਪਨੀਰ, ਦੁੱਧ ਤੇ ਹੋਰ ਸਮੱਗਰੀ ਦੀ ਗੁਣਵੱਤਾ ਵੱਲ ਖਪਤਕਾਰਾਂ ਨੂੰ ਧਿਆਨ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਜ਼ਾਰ ਵਿੱਚ ਘੱਟ ਕੀਮਤ ਦੇਖ ਕੇ ਖਾਣ-ਪੀਣ ਦੀਆਂ ਵਸਤੂਆਂ ਖਰੀਦਣ ਦੀ ਬਜਾਏ ਉਸ ਦੀ ਗੁਣਵੱਤਾ ਤੇ ਭਰੋਸੇਯੋਗਤਾ ਨੂੰ ਤਰਜੀਹ ਦੇਣੀ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਖਪਤਕਾਰਾਂ ਦੀ ਜਾਗਰੂਕਤਾ ਮਿਲਾਵਟਖੋਰੀ ਤੇ ਰੋਕ ਲਗਾਉਣ ਦਾ ਇਕ ਪ੍ਰਭਾਵਸ਼ਾਲੀ ਸਾਧਨ ਹੈ। ਜੇਕਰ ਗਾਹਕ ਸਾਮਾਨ ਖਰੀਦਦੇ ਸਮੇਂ ਉਸ ਖਾਣ-ਪੀਣ ਦੀਆਂ ਵਸਤੂਆਂ ਦੀ ਪੈਕਿੰਗ, ਨਿਰਮਾਣ ਤੇ ਮਿਆਦ ਪੁੱਗਣ ਦੀ ਤਰੀਕ, ਗੁਣਵੱਤਾ ਤੇ ਸਫਾਈ ਦੀ ਸਥਿਤੀ ਵੱਲ ਧਿਆਨ ਦੇਣ ਤਾਂ ਤਾਂ ਦੁਕਾਨਦਾਰਾਂ ਤੇ ਵੀ ਬਿਹਤਰ ਗੁਣਵੱਤਾ ਬਣਾਈ ਰੱਖਣ ਦਾ ਦਬਾਅ ਬਣੇਗਾ। ਨਰੇਸ਼ ਪੰਡਿਤ ਨੇ ਕਿਹਾ ਕਿ ਤਿਉਹਾਰਾਂ ਦੌਰਾਨ ਮਠਿਆਈਆਂ ਦੀਆਂ ਦੁਕਾਨਾਂ ਤੇ ਡੇਅਰੀਆਂ ’ਤੇ ਖੁਰਾਕ ਸੁਰੱਖਿਆ ਵਿਭਾਗ ਵੱਲੋਂ ਜਾਂਚ ਵਧਾਈ ਜਾਣੀ ਚਾਹੀਦੀ ਹੈ। ਦੁੱਧ, ਖੋਆ, ਪਨੀਰ, ਘਿਓ ਤੇ ਮਠਿਆਈਆਂ ਦੇ ਸੈਂਪਲ ਲੈ ਕੇ ਉਨ੍ਹਾਂ ਦੀ ਪ੍ਰਯੋਗਸ਼ਾਲਾ ’ਚ ਜਾਂਚ ਕਰਵਾਈ ਜਾਵੇ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਪ੍ਰਭਾਵਸ਼ਾਲੀ ਕਾਰਵਾਈ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸਿਰਫ ਮੁਹਿੰਮ ਚਲਾਉਣ ਤੇ ਸੈਂਪਲ ਲੈਣ ਨਾਲ ਮਕਸਦ ਪੂਰਾ ਨਹੀਂ ਹੋਵੇਗਾ, ਸਗੋਂ ਸੈਂਪਲ ਲੈਣ ਤੋਂ ਬਾਅਦ ਜਾਂਚ ਰਿਪੋਰਟ ਦੇ ਆਧਾਰ ’ਤੇ ਦੋਸ਼ੀ ਪਾਏ ਜਾਣ ਵਾਲਿਆਂ ਖਿਲਾਫ ਨਿਯਮਾਂ ਅਨੁਸਾਰ ਕਾਰਵਾਈ ਵੀ ਹੋਣੀ ਚਾਹੀਦੀ ਹੈ। ਇਸ ਨਾਲ ਖਾਣ-ਪੀਣ ਦੀਆਂ ਵਸਤੂਆਂ ਦੇ ਕਾਰੋਬਾਰੀਆਂ ’ਚ ਨਿਯਮਾਂ ਦੀ ਪਾਲਣਾ ਸਬੰਧੀ ਗੰਭੀਰਤਾ ਵਧੇਗੀ।
ਅਸ਼ੋਕ ਕੁਮਾਰ ਨੇ ਖਾਣ-ਪੀਣ ਦੀਆਂ ਵਸਤੂਆਂ ਦੀ ਗੁਣਵੱਤਾ ਦੇ ਨਾਲ-ਨਾਲ ਦੁਕਾਨਾਂ ਦੀ ਸਫ਼ਾਈ ਵੱਲ ਵੀ ਵਿਸ਼ੇਸ਼ ਧਿਆਨ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਮਠਿਆਈਆਂ ਨੂੰ ਖੁੱਲ੍ਹੇ ’ਚ ਰੱਖਣ, ਖਾਣ-ਪੀਣ ਦੀਆਂ ਵਸਤੂਆਂ ਨੂੰ ਗੰਦੀ ਥਾਂ ’ਤੇ ਰੱਖਣ ਜਾਂ ਸਫਾਈ ਦੇ ਢੁੱਕਵੇਂ ਪ੍ਰਬੰਧ ਨਾ ਹੋਣ ਕਾਰਨ ਦੀ ਲੋਕਾਂ ਦੀ ਸਿਹਤ ’ਤੇ ਮਾੜਾ ਪ੍ਰਭਾਵ ਪੈ ਸਕਦਾ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਖਾਣ-ਪੀਣ ਦੀਆਂ ਵਸਤੂਆਂ ਦੀ ਸੁਰੱਖਿਆ ਟੀਮਾਂ ਵੱਲੋਂ ਦੁਕਾਨਾਂ ਦੀ ਜਾਂਚ ਦੌਰਾਨ ਸਿਰਫ ਸੈਂਪਲ ਲੈਣ ਦੀ ਬਜਾਏ ਸਫ਼ਾਈ, ਖਾਣ-ਪੀਣ ਦੀਆਂ ਵਸਤੂਆਂ ਦੀ ਸੰਭਾਲ ਤੇ ਖਾਧ ਸੁਰੱਖਿਆ ਮਾਪਦੰਡਾਂ ਦੀ ਵੀ ਜਾਂਚ ਕੀਤੀ ਜਾਵੇ। ਅਸ਼ੋਕ ਕੁਮਾਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਮਠਿਆਈਆਂ ਤੇ ਹੋਰ ਖਾਣ-ਪੀਣ ਦੀਆਂ ਵਸਤੂਆਂ ਖਰੀਦਦੇ ਸਮੇਂ ਸਿਰਫ ਘੱਟ ਕੀਮਤ ਨੂੰ ਆਧਾਰ ਨਾ ਬਣਾਉਣ। ਭਰੋਸੇਯੋਗ ਦੁਕਾਨਾਂ ’ਤੇ ਹੀ ਸਾਮਾਨ ਖਰੀਦਿਆ ਜਾਵੇ ਤੇ ਸ਼ੱਕੀ ਗੁਣਵੱਤਾ ਵਾਲੀ ਖਾਦ ਸਮੱਗਰੀ ਮਿਲਣ ’ਤੇ ਸਬੰਧਤ ਵਿਭਾਗ ਨੂੰ ਇਸ ਦੀ ਸੂਚਨਾ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਖਪਤਕਾਰ ਜੇਕਰ ਜਾਗਰੂਕ ਹੋ ਕੇ ਖਰੀਦਦਾਰੀ ਕਰਨ ਤਾਂ ਮਿਲਾਵਟ ਕਰਨ ਵਾਲਿਆਂ ’ਤੇ ਕਾਫੀ ਹੱਦ ਤੱਕ ਰੋਕ ਲਗਾਈ ਜਾ ਸਕਦੀ ਹੈ। ਆਨੰਦ ਯਾਦਵ ਨੇ ਕਿਹਾ ਕਿ ਮਿਲਾਵਟਖੋਰੀ ਖਿਲਾਫ ਪ੍ਰਸ਼ਾਸਨ, ਦੁਕਾਨਦਾਰਾਂ ਤੇ ਆਮ ਲੋਕਾਂ ਨੂੰ ਮਿਲ ਕੇ ਕੰਮ ਕਰਨਾ ਹੋਵੇਗਾ। ਯਾਦਵ ਨੇ ਕਿਹਾ ਕਿ ਤਿਉਹਾਰਾਂ ਦੀ ਅਸਲ ਖੁਸ਼ੀ ਤਾਂ ਹੀ ਹੈ ਜਦੋਂ ਪਰਿਵਾਰਾਂ ਤੱਕ ਸੁਰੱਖਿਅਤ ਤੇ ਗੁਣਵੱਤਾ ਵਾਲ਼ੀਆਂ ਖਾਣ-ਪੀਣ ਦੀਆਂ ਵਸਤੂਆਂ ਪਹੁੰਚਣ।