ਮੇਲੇ ਨੌਜਵਾਨ ਪੀੜ੍ਹੀ ਨੂੰ ਵਿਰਾਸਤ ਨਾਲ ਜੋੜਦੇ ਹਨ : ਖੋਜੇਵਾਲ ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ, ਸ਼ਭਿਆਚਾਰ ਤੇ ਵਿਰਾਸਤ ਨਾਲ ਜੋੜਦੇ ਹਨ-ਖੋਜੇਵਾਲ
Publish Date: Sat, 08 Aug 2026 11:39 PM (IST)
Updated Date: Sat, 08 Aug 2026 11:41 PM (IST)
ਗੁਰਵਿੰਦਰ ਕੌਰ, ਪੰਜਾਬੀ ਜਾਗਰਣ ਕਪੂਰਥਲਾ : ਪੀਰ ਬਾਬਾ ਮੰਦੇ ਸ਼ਾਹ ਸਰਕਾਰ ਜੀ ਦਾ ਦੋ ਰੋਜ਼ਾ ਸਲਾਨਾ ਮੇਲਾ ਤੇ ਛਿੰਝ ਮੇਲਾ ਪਿੰਡ ਮੁਸ਼ਕਵੇਦ (ਕਪੂਰਥਲਾ) ਵਿਖੇ ਬੜੀ ਸ਼ਰਧਾ ਤੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਪ੍ਰਬੰਧਕ ਕਮੇਟੀ ਦੇ ਵਲੋਂ ਭਾਜਪਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਖੋਜੇਵਾਲ ਨੂੰ ਯਾਦਗਾਰੀ ਤਸਵੀਰ ਭੇਟ ਕਰਕੇ ਸਨਮਾਨਤ ਕੀਤਾ ਗਿਆ। ਇਸ ਮੌਕੇ ਖੋਜੇਵਾਲ ਨੇ ਕਿਹਾ ਕਿ ਇਹ ਮੇਲੇ ਸਾਡੀ ਅਮੀਰ ਸੱਭਿਆਚਾਰਕ ਵਿਰਾਸਤ ਦਾ ਅਨਿੱਖੜਵਾਂ ਅੰਗ ਹਨ, ਜੋ ਲੋਕਾਂ ਨੂੰ ਆਪਸ ਵਿੱਚ ਜੋੜਦੇ ਹਨ, ਭਾਈਚਾਰਕ ਸਾਂਝ ਮਜ਼ਬੂਤ ਕਰਦੇ ਹਨ ਤੇ ਪੁਰਾਤਨ ਰੀਤੀ-ਰਿਵਾਜਾਂ, ਲੋਕ ਨਾਚਾਂ ਤੇ ਖੇਡਾਂ ਨੂੰ ਜਿਉਂਦਾ ਰੱਖ ਕੇ ਸਾਡੀ ਪਛਾਣ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਂਦੇ ਹਨ। ਉਨ੍ਹਾਂ ਕਿਹਾ ਕਿ ਮੇਲੇ ਸਾਡੀ ਸੰਸਕ੍ਰਿਤੀ ਤੇ ਰਿਵਾਇਤਾਂ ਦਾ ਅਟੁੱਟ ਹਿੱਸਾ ਹਨ। ਇਸ ਤਰ੍ਹਾਂ ਦੇ ਆਯੋਜਨ ਨੌਜਵਾਨਾਂ ਵਿੱਚ ਰਚਨਾਤਮਕਤਾ, ਆਤਮ-ਵਿਸ਼ਵਾਸ ਦੀ ਭਾਵਨਾ ਨੂੰ ਮਜ਼ਬੂਤ ਕਰਦੇ ਹਨ। ਖੋਜੇਵਾਲ ਨੇ ਕਿਹਾ ਕਿ ਅਜਿਹੇ ਮੇਲੇ ਨੌਜਵਾਨ ਪੀੜ੍ਹੀ ਨੂੰ ਸਹੀ ਦਿਸ਼ਾ ਦੇਣ ਤੇ ਆਪਣੀ ਸੰਸਕ੍ਰਿਤੀ ਤੇ ਵਿਰਾਸਤ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਅਜਿਹੇ ਵਿਰਾਸਤੀ ਮੇਲੇ ਸਾਡੀ ਪੁਰਾਣੀ ਵਿਰਾਸਤ ਨੂੰ ਸੰਭਾਲਣ ਵਿੱਚ ਪੂਰਾ ਸਹਿਯੋਗ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਮੇਲਿਆਂ ਦੀ ਧਰਤੀ ਹੈ। ਅਜਿਹੇ ਵਿਰਾਸਤੀ ਮੇਲਿਆਂ ਨਾਲ ਬੱਚਿਆਂ ਨੂੰ ਚੰਗੀ ਜਾਣਕਾਰੀ ਮਿਲਦੀ ਹੈ। ਉਨ੍ਹਾਂ ਕਿਹਾ ਕਿ ਪੱਛਮੀ ਸੱਭਿਆਚਾਰ ਦੇ ਪ੍ਰਭਾਵ ਹੇਠ ਪੰਜਾਬ ਦੇ ਲੋਕ ਵਿਰਾਸਤ ਤੋਂ ਦੂਰ ਹੋ ਰਹੇ ਹਨ ਪਰ ਅਜਿਹੇ ਵਿਰਾਸਤੀ ਮੇਲੇ ਸਾਨੂੰ ਵਿਰਾਸਤ ਨਾਲ ਜੁੜਨ ਦੀ ਯਾਦ ਦਿਵਾ ਰਹੇ ਹਨ। ਉਨ੍ਹਾਂ ਕਿਹਾ ਪ੍ਰਬੰਧਕ ਕਮੇਟੀ ਇਸ ਗੱਲ ਤੋਂ ਵਧਾਈ ਦੀ ਪਾਤਰ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਇਸ ਅਮੀਰ ਵਿਰਾਸਤ ਨੂੰ ਨਾ ਸਿਰਫ ਸਾਂਭਿਆ ਹੈ, ਸਗੋ ਬੜੀ ਸ਼ਿੱਦਤ ਨਾਲ ਅੱਗੇ ਵੀ ਵਧਾ ਰਹੇ ਹਨ। ਇਸ ਮੌਕੇ ਮਨੀ ਬਾਬਾ, ਪ੍ਰਧਾਨ ਵਿਜੈ, ਬਾਬਾ ਮੁਸ਼ਕਵੇਦ, ਅੰਤਮ ਲੱਖਣ, ਦਾਰਾ ਭਲਵਾਨ, ਜੇ ਹਰੀ ਭਲਵਾਨ, ਗੋਰਾ ਭਲਵਾਨ, ਬਿੰਦਾ ਬਿਸ਼ਨਪੁਰ ਭਲਵਾਨ, ਮੰਗਾ ਭਲਵਾਨ ਮੁਸ਼ਕਵੇਦ, ਮੰਨਾ ਮੁਸ਼ਕਵੇਦ, ਆਲਮ ਢਿੱਲੋਂ ਐੱਸਐੱਚਓ ਕੋਤਵਾਲੀ, ਲਖਬੀਰ ਸਿੰਘ ਗੋਸਲ, ਭਾਜਪਾ ਮੰਡਲ ਪ੍ਰਧਾਨ ਲੱਕੀ, ਭਾਜਪਾ ਐੱਸਸੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰੋਸ਼ਨ ਲਾਲ ਸੱਭਰਵਾਲ, ਮੱਸਾ ਸਿੰਘ, ਨਿਰਮਲ ਖਿੰਡਾ ਆਦਿ ਹਾਜ਼ਰ ਸਨ।