ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ : ਖੋਸਲਾ ਪੰਜਾਬ ਵਿੱਚ ਅਪਰਾਧੀਆਂ ਦੇ ਹੌਸਲੇ ਬੁਲੰਦ, ਨਾ ਡਿਊਟੀ ਕਰਦੇ ਪੁਲਿਸ ਮੁਲਾਜ਼ਮ ਸੁਰੱਖਿਅਤ ਨਾ ਘਰਾਂ ਵਿੱਚ ਸੁੱਤੇ ਲੋਕ : ਅਰੁਣ ਖੋਸਲਾ
Publish Date: Mon, 21 Sep 2026 07:45 PM (IST)
Updated Date: Mon, 21 Sep 2026 07:47 PM (IST)
ਨਾ ਡਿਊਟੀ ਕਰਦੇ ਪੁਲਿਸ ਮੁਲਾਜ਼ਮ ਸੁਰੱਖਿਅਤ ਨਾ ਘਰਾਂ ’ਚ ਸੁੱਤੇ ਲੋਕ ਪੰਜਾਬੀ ਜਾਗਰਣ ਪ੍ਰਤੀਨਿੱਧ ਫਗਵਾੜਾ : ਪੰਜਾਬ ’ਚ ਲਗਾਤਾਰ ਸਾਹਮਣੇ ਆ ਰਹੀਆਂ ਕਤਲ, ਫਾਇਰਿੰਗ, ਗੈਂਗਵਾਰ, ਨਸ਼ਾ ਤੇ ਹਥਿਆਰਾਂ ਦੀ ਤਸਕਰੀ ਸਮੇਤ ਹੋਰ ਅਪਰਾਧਿਕ ਘਟਨਾਵਾਂ ’ਤੇ ਚਿੰਤਾ ਪ੍ਰਗਟ ਕਰਦਿਆਂ ਸਾਬਕਾ ਮੇਅਰ ਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਨੇ ਕਿਹਾ ਕਿ ਸੂਬੇ ਵਿੱਚ ਕਾਨੂੰਨ-ਵਿਵਸਥਾ ਦੀ ਸਥਿਤੀ ਬੇਹੱਦ ਚਿੰਤਾਜਨਕ ਬਣ ਚੁੱਕੀ ਹੈ। ਹਾਲਾਤ ਇਹ ਹਨ ਕਿ ਹੁਣ ਅਪਰਾਧੀਆਂ ਨੂੰ ਪੁਲਿਸ ਦਾ ਵੀ ਡਰ ਨਹੀਂ ਰਿਹਾ ਤੇ ਆਮ ਨਾਗਰਿਕ ਆਪਣੇ ਘਰ ਦੇ ਅੰਦਰ ਵੀ ਖੁਦ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਮਹਿਸੂਸ ਨਹੀਂ ਕਰ ਰਿਹਾ। ਅਰੁਣ ਖੋਸਲਾ ਨੇ ਕਿਹਾ ਕਿ ਹਾਲ ਹੀ ਵਿੱਚ ਅੰਮ੍ਰਿਤਸਰ ਵਿਖੇ ਡਿਊਟੀ ’ਤੇ ਤਾਇਨਾਤ ਪੰਜਾਬ ਪੁਲਿਸ ਦੇ ਏਐੱਸਆਈ ਹਰਜੀਤ ਸਿੰਘ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ। ਇਹ ਘਟਨਾ ਇਸ ਲਈ ਹੋਰ ਵੀ ਗੰਭੀਰ ਹੈ ਕਿਉਂਕਿ ਜਿਨ੍ਹਾਂ ਪੁਲਿਸ ਮੁਲਾਜ਼ਮਾਂ ਨੂੰ ਲੋਕ ਆਪਣਾ ਰੱਖਿਅਕ ਮੰਨਦੇ ਹਨ, ਉਹੀ ਅਪਰਾਧੀਆਂ ਦੇ ਨਿਸ਼ਾਨੇ ’ਤੇ ਆ ਰਹੇ ਹਨ। ਖੋਸਲਾ ਨੇ ਕਿਹਾ ਕਿ ਫਗਵਾੜਾ ਦੀ ਸਥਿਤੀ ਵੀ ਕਿਸੇ ਤੋਂ ਲੁਕੀ ਨਹੀਂ ਹੈ। ਬਸੰਤ ਨਗਰ ਇਲਾਕੇ ਦੀ ਝਾਪਰ ਕਲੋਨੀ ਵਿੱਚ ਨਕਾਬਪੋਸ਼ ਨੌਜਵਾਨਾਂ ਵੱਲੋਂ ਇੱਕ ਘਰ ’ਤੇ ਪੈਟਰੋਲ ਨਾਲ ਭਰੀਆਂ ਬੋਤਲਾਂ ਸੁੱਟਣ ਦੀ ਘਟਨਾ ਨੇ ਪੂਰੇ ਇਲਾਕੇ ਨੂੰ ਦਹਿਸ਼ਤ ਵਿੱਚ ਪਾ ਦਿੱਤਾ। ਗਨੀਮਤ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਇਸ ਤੋਂ ਕੁਝ ਦਿਨ ਪਹਿਲਾਂ ਨੰਗਲ ਕਲੋਨੀ ਵਿੱਚ ਵੀ ਹਥਿਆਰਬੰਦ ਹਮਲਾਵਰਾਂ ਵੱਲੋਂ ਇੱਕ ਘਰ ’ਤੇ ਕਈ ਰਾਊਂਡ ਫਾਇਰਿੰਗ ਕੀਤੀ ਗਈ ਸੀ। ਖੋਸਲਾ ਨੇ ਕਿਹਾ ਕਿ ਜਿਸ ਸ਼ਹਿਰ ਵਿੱਚ ਲੋਕ ਰਾਤ ਨੂੰ ਆਪਣੇ ਘਰਾਂ ਅੰਦਰ ਸੁੱਤੇ ਹੋਏ ਵੀ ਇਹ ਸੋਚਣ ਲਈ ਮਜਬੂਰ ਹੋ ਜਾਣ ਕਿ ਕਿਤੇ ਬਾਹਰੋਂ ਗੋਲੀਆਂ ਜਾਂ ਪੈਟਰੋਲ ਬੰਬ ਨਾ ਆ ਜਾਣ, ਉੱਥੇ ਕਾਨੂੰਨ-ਵਿਵਸਥਾ ਨੂੰ ਲੈ ਕੇ ਸਰਕਾਰ ਨੂੰ ਗੰਭੀਰ ਆਤਮ-ਮੰਥਨ ਕਰਨਾ ਚਾਹੀਦਾ ਹੈ। ਸਾਬਕਾ ਭਾਜਪਾ ਮੇਅਰ ਨੇ ਮੁੱਖ ਮੰਤਰੀ ਭਗਵੰਤ ਮਾਨ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਪੰਜਾਬ ਦੀ ਕਾਨੂੰਨ-ਵਿਵਸਥਾ ਦੇ ਹਾਲਾਤ ’ਤੇ ਮੁੱਖ ਮੰਤਰੀ ਨੂੰ ਸਿੱਧਾ ਜਨਤਾ ਦੇ ਸਾਹਮਣੇ ਜਵਾਬ ਦੇਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉੱਤਰ ਪ੍ਰਦੇਸ਼ ਵਿੱਚ ਯੋਗੀ ਆਦਿਤਿਆਨਾਥ ਸਰਕਾਰ ਵੱਲੋਂ ਅਪਰਾਧ ਤੇ ਅਪਰਾਧੀਆਂ ਖ਼ਿਲਾਫ਼ ਜ਼ੀਰੋ ਟਾਲਰੈਂਸ ਦੀ ਨੀਤੀ ਨੂੰ ਜਿਸ ਤਰ੍ਹਾਂ ਆਪਣੇ ਸ਼ਾਸਨ ਮਾਡਲ ਵਜੋਂ ਪੇਸ਼ ਕੀਤਾ ਜਾਂਦਾ ਹੈ, ਭਾਜਪਾ ਪੰਜਾਬ ਵਿੱਚ ਵੀ ਉਸੇ ਤਰ੍ਹਾਂ ਕਾਨੂੰਨ ਦਾ ਡਰ ਤੇ ਆਮ ਨਾਗਰਿਕ ਦੇ ਮਨ ਵਿੱਚ ਸੁਰੱਖਿਆ ਦਾ ਭਰੋਸਾ ਕਾਇਮ ਕਰਨ ਦਾ ਵਾਅਦਾ ਕਰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਵਿੱਚ ਭਾਜਪਾ ਸੱਤਾ ਵਿੱਚ ਆਉਂਦੀ ਹੈ ਤਾਂ ਕਾਨੂੰਨ-ਵਿਵਸਥਾ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਅਜਿਹਾ ਮਾਹੌਲ ਬਣਾਇਆ ਜਾਵੇਗਾ, ਜਿਸ ਵਿੱਚ ਅਪਰਾਧੀ ਕਾਨੂੰਨ ਤੋਂ ਡਰਨ ਤੇ ਆਮ ਨਾਗਰਿਕ ਆਪਣੇ ਘਰ ਵਿੱਚ ਸੁਰੱਖਿਅਤ ਮਹਿਸੂਸ ਕਰਨ।