ਲਾਟੀਆਂਵਾਲ ਤੇ ਤੋਤੀ ਦੀਆਂ ਯੂਥ ਟੀਮਾਂ ਵਿਚਕਾਰ ਕ੍ਰਿਕਟ ਮੈਚ ਕੱਲ੍ਹ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਲਾਟੀਆਂਵਾਲ ਅਤੇ ਤੋਤੀ ਦੀਆਂ ਯੂਥ ਟੀਮਾਂ ਵਿਚਕਾਰ ਕ੍ਰਿਕਟ ਮੈਚ ਕੱਲ
Publish Date: Mon, 26 Oct 2026 08:46 PM (IST)
Updated Date: Mon, 26 Oct 2026 08:49 PM (IST)
ਨੌਜਵਾਨਾਂ ਨੂੰ ਉਸਾਰੂ ਗਤੀਵਿਧੀਆਂ ਨਾਲ ਜੋੜਨਾ ਜ਼ਰੂਰੀ : ਐੱਸਡੀਐੱਮ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਖੇਡ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ : ਏਐੱਸਪੀ ਲਖਵੀਰ ਸਿੰਘ ਲੱਖੀ ਪੰਜਾਬੀ ਜਾਗਰਣ ਸੁਲਤਾਨਪੁਰ ਲੋਧੀ : ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਵਲ ਤੇ ਪੁਲਿਸ ਪ੍ਰਸ਼ਾਸਨ ਵੱਲੋਂ 28 ਅਕਤੂਬਰ ਨੂੰ ਲਾਟੀਆਂਵਾਲ ਤੇ ਤੋਤੀ ਪਿੰਡਾਂ ਦੇ ਨੌਜਵਾਨਾਂ ਦੀਆਂ ਟੀਮਾਂ ਵਿਚਕਾਰ ਕ੍ਰਿਕਟ ਮੈਚ ਕਰਵਾਇਆ ਜਾਵੇਗਾ। ਇਸ ਪਹਿਲਕਦਮੀ ਦਾ ਮਕਸਦ ਨਸ਼ਾ ਮੁਕਤ ਤੇ ਸਿਹਤਮੰਦ ਸਮਾਜ ਦੀ ਸਿਰਜਣਾ ਨੂੰ ਉਤਸ਼ਾਹਿਤ ਕਰਨਾ ਹੈ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਉਪ ਮੰਡਲ ਮੈਜਿਸਟ੍ਰੇਟ ਸੁਲਤਾਨਪੁਰ ਲੋਧੀ ਜਸਜੀਤ ਸਿੰਘ ਤੇ ਏਐੱਸਪੀ ਧੀਰੇਂਦਰ ਵਰਮਾ ਨੇ ਦੱਸਿਆ ਕਿ ਇਹ ਮੈਚ ਦੁਪਹਿਰ 2 ਵਜੇ ਅਕਾਲ ਇੰਟਰਨੈਸ਼ਨਲ ਸਟੇਡੀਅਮ ਵਿਖੇ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਖੇਡ ਗਤੀਵਿਧੀਆਂ ਨੌਜਵਾਨਾਂ ਨੂੰ ਉਸਾਰੂ ਕਾਰਜਾਂ ਨਾਲ ਜੋੜਨ, ਉਨ੍ਹਾਂ ਵਿੱਚ ਅਨੁਸ਼ਾਸਨ ਤੇ ਟੀਮ ਭਾਵਨਾ ਪੈਦਾ ਕਰਨ ਤੇ ਸਿਹਤਮੰਦ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਵਿੱਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਪਹਿਲਕਦਮੀ ਦਾ ਮਕਸਦ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਤੇ ਖੇਡਾਂ ਸਮੇਤ ਹੋਰ ਸਕਾਰਾਤਮਕ ਗਤੀਵਿਧੀਆਂ ਵਿੱਚ ਹਿੱਸਾ ਲੈਣ ਲਈ ਉਤਸ਼ਾਹਿਤ ਕਰਨਾ ਹੈ। ਅਜਿਹੇ ਉਪਰਾਲੇ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕਤਾ ਫੈਲਾਉਣ ਦੇ ਨਾਲ-ਨਾਲ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਂਝੇ ਯਤਨਾਂ ਨੂੰ ਵੀ ਮਜ਼ਬੂਤ ਕਰਦੇ ਹਨ। ਐੱਸਡੀਐੱਮ ਤੇ ਏਐੱਸਪੀ ਨੇ ਦੱਸਿਆ ਕਿ ਇਹ ਮੈਚ ਲਾਟੀਆਂਵਾਲ ਤੇ ਤੋਤੀ ਪਿੰਡਾਂ ਦੇ ਸਰਪੰਚਾਂ ਤੇ ਗ੍ਰਾਮ ਪੰਚਾਇਤਾਂ ਦੇ ਮੈਂਬਰਾਂ ਦੇ ਵਿਸ਼ੇਸ਼ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ। ਇਸ ਮੌਕੇ ਸ਼ਾਹ ਸੁਲਤਾਨ ਕ੍ਰਿਕਟ ਕਲੱਬ ਵੱਲੋਂ ਵੀ ਸਹਿਯੋਗ ਦਿੱਤਾ ਜਾ ਰਿਹਾ ਹੈ। ਉਨ੍ਹਾਂ ਇਲਾਕੇ ਦੇ ਨੌਜਵਾਨਾਂ ਤੇ ਵਸਨੀਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਮਾਗਮ ਵਿੱਚ ਵੱਧ-ਚੜ੍ਹ ਕੇ ਸ਼ਮੂਲੀਅਤ ਕਰਨ ਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਮਾਜ ਨੂੰ ਨਸ਼ਾ ਮੁਕਤ ਬਣਾਉਣ ਦੇ ਸਾਂਝੇ ਉਪਰਾਲੇ ਵਿੱਚ ਆਪਣਾ ਯੋਗਦਾਨ ਪਾਉਣ।