ਬੱਚਿਆਂ ਨਾਲ ਬਣਾਓ ਦੋਸਤਾਨਾ ਮਾਹੌਲ ਬੱਚਿਆਂ ਨਾਲ ਬਣਾਓ "ਦੋਸਤਾਨਾ" ਮਾਹੌਲ
Publish Date: Sun, 06 Sep 2026 07:34 PM (IST)
Updated Date: Sun, 06 Sep 2026 07:37 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਅੱਜ ਦੇ ਸਮੇਂ ਵਿੱਚ ਬੱਚੇ ਮੋਬਾਈਲ ਫੋਨ, ਇੰਟਰਨੈੱਟ, ਸੋਸ਼ਲ ਮੀਡੀਆ ਤੇ ਵੱਖ-ਵੱਖ ਤਰ੍ਹਾਂ ਦੀਆਂ ਆਨਲਾਈਨ ਗਤੀਵਿਧੀਆਂ ਨਾਲ ਜੁੜੇ ਹੋਏ ਹਨ। ਇਸ ਦੇ ਨਾਲ ਹੀ ਬਾਹਰ ਖੇਡਣ ਜਾਂ ਘਰ ਤੋਂ ਬਾਹਰ ਜਾਣ ਸਮੇਂ ਵੀ ਬੱਚਿਆਂ ਦੀ ਛੋਟੀ ਜਿਹੀ ਸ਼ਰਾਰਤ ਜਾਂ ਨਾ-ਸਮਝੀ ਕਈ ਵਾਰ ਵੱਡੇ ਨੁਕਸਾਨ ਦਾ ਕਾਰਨ ਬਣ ਸਕਦੀ ਹੈ। ਇਸ ਲਈ ਮਾਪਿਆਂ ਨੂੰ ਆਪਣੇ ਬੱਚਿਆਂ ਦੀਆਂ ਗਤੀਵਿਧੀਆਂ ’ਤੇ ਤਿੱਖੀ ਨਜ਼ਰ ਰੱਖਣ ਦੀ ਲੋੜ ਹੈ। ਮਾਪਿਆਂ ਨੂੰ ਚਾਹੀਦਾ ਹੈ ਕਿ ਉਹ ਬੱਚਿਆਂ ਨੂੰ ਸੜਕਾਂ ’ਤੇ ਇਕੱਲੇ, ਵਾਹਨਾਂ ਦੇ ਨੇੜੇ, ਬਿਜਲੀ ਦੀਆਂ ਤਾਰਾਂ ਜਾਂ ਖੰਭਿਆਂ ਨਾਲ ਛੇੜਛਾੜ ਕਰਨ ਤੇ ਖਤਰਨਾਕ ਥਾਵਾਂ ’ਤੇ ਜਾਣ ਤੋਂ ਰੋਕਣ। ਬੱਚਿਆਂ ਨੂੰ ਵਾਰ-ਵਾਰ ਸਮਝਾਇਆ ਜਾਵੇ ਕਿ ਕਿਸੇ ਅਣਜਾਣ ਵਿਅਕਤੀ ਨਾਲ ਗੱਲਬਾਤ ਕਰਨ, ਉਸ ਤੋਂ ਕੋਈ ਚੀਜ਼ ਲੈਣ ਜਾਂ ਉਸ ਦੇ ਨਾਲ ਜਾਣ ਤੋਂ ਬਚਣ। ਇਸੇ ਤਰ੍ਹਾਂ ਮੋਬਾਈਲ ਫੋਨ ਤੇ ਇੰਟਰਨੈੱਟ ਦੀ ਵਰਤੋਂ ਕਰਦੇ ਬੱਚਿਆਂ ’ਤੇ ਵੀ ਮਾਪਿਆਂ ਨੂੰ ਧਿਆਨ ਦੇਣਾ ਚਾਹੀਦਾ ਹੈ। ਬੱਚੇ ਕਿਸ ਤਰ੍ਹਾਂ ਦੀਆਂ ਵੀਡੀਓਜ਼ ਦੇਖ ਰਹੇ ਹਨ, ਕਿਨ੍ਹਾਂ ਲੋਕਾਂ ਨਾਲ ਆਨਲਾਈਨ ਗੱਲਬਾਤ ਕਰ ਰਹੇ ਹਨ ਤੇ ਕਿਹੜੀਆਂ ਐਪਲੀਕੇਸ਼ਨਾਂ ਦੀ ਵਰਤੋਂ ਕਰ ਰਹੇ ਹਨ, ਇਸ ਬਾਰੇ ਮਾਪਿਆਂ ਨੂੰ ਜਾਣਕਾਰੀ ਰੱਖਣੀ ਚਾਹੀਦੀ ਹੈ। ਬੱਚਿਆਂ ਨੂੰ ਨਿੱਜੀ ਜਾਣਕਾਰੀ, ਪਾਸਵਰਡ ਜਾਂ ਫੋਟੋਆਂ ਅਣਜਾਣ ਲੋਕਾਂ ਨਾਲ ਸਾਂਝੀਆਂ ਨਾ ਕਰਨ ਬਾਰੇ ਵੀ ਜਾਗਰੂਕ ਕਰਨਾ ਜ਼ਰੂਰੀ ਹੈ। ਬੱਚਿਆਂ ਨੂੰ ਡਾਂਟਣ ਦੀ ਬਜਾਏ ਸਮਝਾਓ ਮਾਹਿਰਾਂ ਅਨੁਸਾਰ ਬੱਚਿਆਂ ਨੂੰ ਹਰ ਗੱਲ ’ਤੇ ਡਾਂਟਣ ਦੀ ਬਜਾਏ ਪਿਆਰ ਨਾਲ ਸਮਝਾਉਣਾ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ। ਮਾਪੇ ਬੱਚਿਆਂ ਨਾਲ ਦੋਸਤਾਨਾ ਮਾਹੌਲ ਬਣਾਉਣ ਤਾਂ ਜੋ ਬੱਚਾ ਕਿਸੇ ਵੀ ਸਮੱਸਿਆ ਜਾਂ ਡਰ ਬਾਰੇ ਬਿਨਾਂ ਝਿਜਕ ਉਨ੍ਹਾਂ ਨਾਲ ਗੱਲ ਕਰ ਸਕੇ। ਮਾਪਿਆਂ ਦੀ ਥੋੜ੍ਹੀ ਜਿਹੀ ਸਾਵਧਾਨੀ ਬੱਚਿਆਂ ਨੂੰ ਕਈ ਅਣਸੁਖਾਵੀਆਂ ਘਟਨਾਵਾਂ ਤੋਂ ਬਚਾ ਸਕਦੀ ਹੈ। ਇਸ ਲਈ ਬੱਚਿਆਂ ਨੂੰ ਪੂਰੀ ਆਜ਼ਾਦੀ ਦੇਣ ਦੇ ਨਾਲ-ਨਾਲ ਉਨ੍ਹਾਂ ਦੀ ਸੁਰੱਖਿਆ ਅਤੇ ਗਤੀਵਿਧੀਆਂ ’ਤੇ ਨਜ਼ਰ ਰੱਖਣਾ ਵੀ ਮਾਪਿਆਂ ਦੀ ਅਹਿਮ ਜ਼ਿੰਮੇਵਾਰੀ ਹੈ। ਸਾਵਧਾਨੀ ਹੀ ਬੱਚਿਆਂ ਦੀ ਸੁਰੱਖਿਆ ਦੀ ਪਹਿਲੀ ਪੌੜੀ ਹੈ।