ਅਧਿਆਪਕ ਸਰਕਾਰ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਮੁੱਖ ਮੰਤਰੀ ਦੇ ਟਵੀਟ ਅਤੇ ਧਮਕੀ ਭਰੇ ਪੱਤਰ ਦੀਆਂ ਸਾੜੀਆਂ ਗਈਆਂ ਕਾਪੀਆਂ
Publish Date: Fri, 28 Aug 2026 08:14 PM (IST)
Updated Date: Fri, 28 Aug 2026 08:16 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਪ੍ਰਾਇਮਰੀ ਅਧਿਆਪਕ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਜਸਬੀਰ ਸੈਣੀ ਦੀ ਅਗਵਾਈ ਵਿੱਚ ਬਲਾਕ ਫਗਵਾੜਾ ਦੇ ਵੱਖ-ਵੱਖ ਸਕੂਲਾਂ ਵਿੱਚ ਬੀਤੇ ਦਿਨੀਂ ਕਰਮਚਾਰੀਆਂ ਦੀ ਪੂਰੇ ਪੰਜਾਬ ਭਰ ਵਿੱਚ ਹੋਈ ਮਹਾਂਹੜਤਾਲ ਤੇ ਮੁੱਖ ਮੰਤਰੀ ਪੰਜਾਬ ਵੱਲੋਂ ਕੀਤੇ ਗਏ ਟਵੀਟ ਤੇ ਧਮਕੀ ਭਰਿਆ ਪੱਤਰ ਜਾਰੀ ਕਰਨ ਦੇ ਰੋਸ ਵਜੋਂ ਅਧਿਆਪਕਾਂ ਵੱਲੋਂ ਮੁੱਖ ਮੰਤਰੀ ਦੇ ਟਵੀਟ ਤੇ ਪੱਤਰ ਦੀਆਂ ਕਾਪੀਆਂ ਸਾੜੀਆਂ ਗਈਆਂ। ਆਪਣੇ ਸੰਬੋਧਨ ਵਿੱਚ ਜਸਬੀਰ ਸੈਣੀ ਨੇ ਕਿਹਾ ਕਿ ਸਮੂਹ ਅਧਿਆਪਕਾਂ ਨੇ 27 ਅਗਸਤ ਦੀ ਸਮੂਹਿਕ ਛੁੱਟੀ ਲੈ ਕੇ ਜਥੇਬੰਦਕ ਐਕਸ਼ਨ ਨੂੰ ਭਰਵਾਂ ਹੁੰਗਾਰਾ ਦਿੱਤਾ। ਅਧਿਆਪਕਾਂ ਦੇ ਯੋਗਦਾਨ ਸਦਕਾ ਕਈ ਦਹਾਕਿਆਂ ਬਾਅਦ ਸੰਘਰਸ਼ ਪ੍ਰਚੰਡਤਾ ਸਿਖਰਾਂ ਨੂੰ ਛੋਂਹਦੀ ਨਜ਼ਰ ਆਈ। ਪੰਜਾਬ ਦੇ ਅਧਿਆਪਕਾਂ ਨੇ ਸਕੂਲ ਬੰਦ ਕਰਕੇ ਭਗਵੰਤ ਮਾਨ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ, ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਪ੍ਰਤੀ ਅਪਣਾਈ ਬੇਰੁਖੀ ਭਰੀ, ਟਾਲ-ਮਟੋਲ, ਡੰਗ ਟਪਾਊ ਤੇ ਧੌਂਸ ਭਰੀ ਨੀਤੀ ਨੂੰ ਚਕਨਾਚੂਰ ਕਰ ਸਰਕਾਰ ਨੂੰ ਭਾਜੜਾਂ ਪਾ ਦਿੱਤੀਆਂ। ਸਰਕਾਰ ਬੁਖ਼ਲਾ ਗਈ ਹੈ। ਮੁੱਖ ਮੰਤਰੀ ਦਾ ਟਵੀਟ ਸਰਕਾਰ ਦੀ ਨੈਤਿਕ ਹਾਰ ਤੇ ਘਬਰਾਹਟ ਨੂੰ ਪ੍ਰਗਟਾਉਂਦਾ ਹੈ। ਘਬਰਾਈ ਤੇ ਬੌਂਦਲ੍ਹੀ ਸਰਕਾਰ ਮੀਟਿੰਗਾਂ ਤੋਂ ਭੱਜ ਤਾਨਾਸ਼ਾਹ ਰਾਹ ਅਖਤਿਆਰ ਕਰਦਿਆਂ ਧਮਕੀ ਭਰੇ ਪੱਤਰ ਜਾਰੀ ਕਰ ਰਹੀ ਹੈ। ਪੰਜਾਬ ਦੇ ਅਧਿਆਪਕਾਂ ਨੇ ਅਤੀਤ ਵਿੱਚ ਜੁਝਾਰੂ ਸ਼ਾਨਾਮੱਤੇ ਤੇ ਸਿਰੜੀ ਘੋਲ ਲੜੇ ਹਨ। ਅਧਿਆਪਕ ਸਰਕਾਰ ਦੀਆਂ ਗਿੱਦੜ ਭਬਕੀਆਂ ਤੋਂ ਡਰਨ ਵਾਲੇ ਨਹੀਂ ਹਨ। ਅਧਿਆਪਕ ਹਰ ਜਾਬਰ ਦਾ ਟਾਕਰਾ ਸਬਰ ਤੇ ਜਥੇਬੰਦਕ ਤਾਕਤ ਨਾਲ ਕਰਨਗੇ। ਇਸ ਮੌਕੇ ਰਾਧਿਕਾ ਸਿੱਕਾ, ਸੀਤਲ ਜੋਸ਼ੀ, ਅਮਰਜੀਤ ਕੌਰ, ਸੋਨੀਆ ਗਾਬਾ, ਸੁਮਿਤਾ, ਗੁਰਿੰਦਰ ਜੀਤ ਕੌਰ, ਪਰਮਿੰਦਰ ਕੌਰ, ਹਰਦੀਪ ਕੌਰ, ਸੋਨੀਆ ਬਨੋਤਰਾ, ਜਸਵਿੰਦਰ ਕੌਰ ਆਦਿ ਅਧਿਆਪਕਾਂ ਨੇ ਮੁੱਖ ਮੰਤਰੀ ਪੰਜਾਬ ਦੇ ਟਵੀਟ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਹ ਪ੍ਰਗਟ ਕੀਤਾ।