ਸਹਿਕਾਰੀ ਖੇਤੀਬਾੜੀ ਬੈਂਕ ਨੇ ਲਿਆਂਦਾ ਨਵਾਂ ਬੇਲਰ ਸਹਿਕਾਰੀ ਖੇਤੀਬਾੜੀ ਬੈਂਕ ਨੇ ਲਿਆਂਦਾ ਨਵਾਂ ਬੇਲਰ
Publish Date: Thu, 01 Oct 2026 07:16 PM (IST)
Updated Date: Thu, 01 Oct 2026 07:19 PM (IST)
ਹਰੀਸ਼ ਭੰਡਾਰੀ ਪੰਜਾਬੀ ਜਾਗਰਣ ਫਗਵਾੜਾ : ਸਹਿਕਾਰਤਾ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਤੇ ਅਗਵਾਈ ਹੇਠ ਨਿਰੰਤਰ ਤਰੱਕੀ ਦੀਆਂ ਲੀਹਾਂ ’ਤੇ ਚੱਲ ਰਹੀ ਢੇਸੀਆਂ ਕਾਹਨਾ ਖੇਤੀਬਾੜੀ ਸਹਿਕਾਰੀ ਬਹੁਮੰਤਵੀ ਸਭਾ ਵੱਲੋਂ ਵਾਤਾਵਰਨ ਦੀ ਸੰਭਾਲ ਤੇ ਕਿਸਾਨਾਂ ਦੀ ਸਹੂਲਤ ਲਈ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕਿਆ ਗਿਆ ਹੈ। ਸਭਾ ਵੱਲੋਂ ਹਾਲ ਹੀ ਵਿੱਚ ਮਾਣਯੋਗ ਉਪ ਰਜਿਸਟਰਾਰ (ਡਿਪਟੀ ਰਜਿਸਟਰਾਰ) ਗੁਰਵਿੰਦਰਜੀਤ ਸਿੰਘ, ਮਾਨਯੋਗ ਸਹਾਇਕ ਰਜਿਸਟਰਾਰ (ਅਸਿਸਟੈਂਟ ਰਜਿਸਟਰਾਰ) ਕਮਲ ਕੁਮਾਰ ਤੇ ਸਭਾ ਨਿਰੀਖਕ ਪਰਵੇਸ਼ ਕੁਮਾਰ ਦੇ ਯੋਗ ਦਿਸ਼ਾ-ਨਿਰਦੇਸ਼ਾਂ, ਭਰਪੂਰ ਸਹਿਯੋਗ ਤੇ ਸੁਚੱਜੀ ਅਗਵਾਈ ਸਦਕਾ ਪਰਾਲੀ ਪ੍ਰਬੰਧਨ ਲਈ ਇੱਕ ਨਵਾਂ ਤੇ ਬੇਹੱਦ ਆਧੁਨਿਕ ਬੇਲਰ ਖਰੀਦਿਆ ਗਿਆ ਹੈ। ਵਿਸ਼ੇਸ਼ ਗੱਲ ਇਹ ਹੈ ਕਿ ਪੂਰੀ ਫਿਲੌਰ ਤਹਿਸੀਲ ਦੇ ਵਿੱਚ ਕਿਸੇ ਵੀ ਹੋਰ ਸਹਿਕਾਰੀ ਸਭਾ ਕੋਲ ਅਜੇ ਤੱਕ ਇਹੋ ਜਿਹਾ ਬੇਲਰ ਮੌਜੂਦ ਨਹੀਂ ਹੈ, ਜਿਸ ਕਾਰਨ ਢੇਸੀਆਂ ਕਾਹਨਾ ਸਭਾ ਨੇ ਪੂਰੇ ਇਲਾਕੇ ਵਿੱਚ ਪਹਿਲਕਦਮੀ ਕੀਤੀ ਹੈ। ਇਸ ਨਵੇਂ ਬੇਲਰ ਦੀ ਮਦਦ ਨਾਲ ਖੇਤਾਂ ਵਿੱਚੋਂ ਪਰਾਲੀ ਦੀਆਂ ਪੰਡਾਂ (ਗੱਠਾਂ) ਬਣਾ ਕੇ ਉਸ ਦਾ ਸੁਚੱਜਾ ਪ੍ਰਬੰਧਨ ਕੀਤਾ ਜਾਵੇਗਾ। ਇਸ ਨਾਲ ਜਿੱਥੇ ਕਿਸਾਨਾਂ ਤੇ ਸਭਾ ਦੇ ਮੈਂਬਰਾਂ ਨੂੰ ਪਰਾਲੀ ਸਾਂਭਣ ਵਿੱਚ ਵੱਡੀ ਰਾਹਤ ਮਿਲੇਗੀ, ਉੱਥੇ ਹੀ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਲਈ ਪ੍ਰੇਰਿਤ ਕਰਕੇ ਸਾਡੇ ਵਾਤਾਵਰਨ ਨੂੰ ਪ੍ਰਦੂਸ਼ਣ ਮੁਕਤ ਤੇ ਸਾਫ਼-ਸੁਥਰਾ ਰੱਖਣ ਵਿੱਚ ਇਹ ਸਭਾ ਵੱਲੋਂ ਪਾਇਆ ਗਿਆ ਇੱਕ ਵੱਡਾ ਯੋਗਦਾਨ ਸਾਬਤ ਹੋਵੇਗਾ। ਇਲਾਕੇ ਦੇ ਕਿਸਾਨਾਂ ਤੇ ਮੈਂਬਰਾਂ ਨੇ ਸਭਾ ਦੇ ਇਸ ਉਪਰਾਲੇ ਤੇ ਸਹਿਕਾਰਤਾ ਵਿਭਾਗ ਦੇ ਸਹਿਯੋਗ ਦੀ ਪੁਰਜ਼ੋਰ ਸ਼ਲਾਘਾ ਕੀਤੀ ਹੈ।