ਸਰਕਾਰੀ ਆਈਟੀਆਈ, ਫਗਵਾੜਾ ’ਚ ਮਨਾਇਆ ਕਨਵੋਕੇਸ਼ਨ ਸਮਾਰੋਹ ਸਰਕਾਰੀ ਆਈ.ਟੀ.ਆਈ. (ਇਸਤਰੀਆਂ), ਫਗਵਾੜਾ ਵਿਖੇ ਸ਼ਾਨੋ-ਸ਼ੌਕਤ ਨਾਲ ਮਨਾਇਆ ਗਿਆ ਕਨਵੋਕੇਸ਼ਨ ਸਮਾਰੋਹ
Publish Date: Sun, 22 Nov 2026 06:28 PM (IST)
Updated Date: Sun, 22 Nov 2026 06:31 PM (IST)
ਵਿਜੇ ਸੋਨੀ ਪੰਜਾਬੀ ਜਾਗਰਣ ਫਗਵਾੜਾ : ਸਰਕਾਰੀ ਆਈਟੀਆਈ (ਇਸਤਰੀਆਂ), ਫਗਵਾੜਾ ਵਿਖੇ ਸੈਸ਼ਨ 2025-26 ਦੇ ਪਾਸ-ਆਊਟ ਸਿਖਿਆਰਥੀਆਂ ਲਈ ਕਨਵੋਕੇਸ਼ਨ ਸਮਾਰੋਹ ਬੜੇ ਉਤਸ਼ਾਹ ਤੇ ਸ਼ਾਨੋ-ਸ਼ੌਕਤ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਰੋਹ ਵਿੱਚ ਇੰਸਟੀਚਿਊਟ ਮੈਨੇਜਮੈਂਟ ਕਮੇਟੀ ਦੀ ਚੇਅਰਪਰਸਨ ਨਰਿੰਦਰ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸੰਸਥਾ ਦੀ ਪ੍ਰਿੰਸੀਪਲ ਸੁਨੀਤਾ ਰਾਣੀ ਵੀ ਵਿਸ਼ੇਸ਼ ਤੌਰ ਤੇ ਮੌਜੂਦ ਰਹੇ। ਸਮਾਰੋਹ ਦੌਰਾਨ ਮੁੱਖ ਮਹਿਮਾਨ ਤੇ ਪ੍ਰਿੰਸੀਪਲ ਵੱਲੋਂ ਵੱਖ-ਵੱਖ ਟਰੇਡਾਂ ਦੇ ਸੈਸ਼ਨ 2025-26 ਦੇ ਪਾਸ-ਆਊਟ ਸਿਖਿਆਰਥੀਆਂ ਨੂੰ ਸਰਟੀਫਿਕੇਟ ਵੰਡੇ ਗਏ। ਇਸ ਦੇ ਨਾਲ ਹੀ ਵਧੀਆ ਪ੍ਰਦਰਸ਼ਨ ਕਰਨ ਵਾਲੀਆਂ ਸਿਖਿਆਰਥਣਾਂ ਨੂੰ ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕਰਨ ਤੇ ਇਨਾਮ ਤੇ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਮੁੱਖ ਮਹਿਮਾਨ ਨਰਿੰਦਰ ਕੌਰ ਨੇ ਸਿਖਿਆਰਥਣਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ਅੱਜ ਦੇ ਸਮੇਂ ਦੀ ਮੁੱਖ ਲੋੜ ਹੈ। ਉਨ੍ਹਾਂ ਨੇ ਸਿਖਿਆਰਥਣਾਂ ਨੂੰ ਆਪਣੇ ਹੁਨਰ ਤੇ ਕਾਬਲੀਅਤ ਨੂੰ ਹੋਰ ਨਿਖਾਰਨ, ਆਤਮ-ਨਿਰਭਰ ਬਣਨ ਤੇ ਆਪਣੇ ਜੀਵਨ ਵਿੱਚ ਨਵੀਆਂ ਉਚਾਈਆਂ ਹਾਸਲ ਕਰਨ ਲਈ ਪ੍ਰੇਰਿਤ ਕੀਤਾ। ਪ੍ਰਿੰਸੀਪਲ ਸੁਨੀਤਾ ਰਾਣੀ ਨੇ ਵੀ ਸਿਖਿਆਰਥਣਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਸੰਸਥਾ ਦਾ ਉਦੇਸ਼ ਲੜਕੀਆਂ ਨੂੰ ਮਿਆਰੀ ਤਕਨੀਕੀ ਸਿੱਖਿਆ ਦੇ ਕੇ ਰੁਜ਼ਗਾਰ ਤੇ ਸਵੈ-ਰੁਜ਼ਗਾਰ ਦੇ ਯੋਗ ਬਣਾਉਣਾ ਹੈ। ਇਸ ਸਮੁੱਚੇ ਸਮਾਰੋਹ ਨੂੰ ਸਫਲਤਾਪੂਰਵਕ ਨੇਪਰੇ ਚਾੜ੍ਹਨ ਵਿੱਚ ਮਿਸ ਮੀਨਾ ਕੁਮਾਰੀ, ਹਰਮੇਸ਼ ਕੁਮਾਰੀ, ਪ੍ਰਵੀਨ ਕੁਮਾਰੀ, ਹੀਨਾ ਚੱਢਾ, ਪੂਜਾ, ਚਿੱਤਰਾ ਸ਼ਰਮਾ, ਕਮਲਪ੍ਰੀਤ ਕੌਰ, ਰਮਨਦੀਪ ਕੌਰ, ਧਨੰਜੇ, ਜਗਦੀਸ਼ ਕੁਮਾਰ ਤੇ ਅੰਸ਼ ਸੰਧੂ ਸਮੇਤ ਸਮੂਹ ਸਟਾਫ਼ ਮੈਂਬਰਾਂ ਨੇ ਅਹਿਮ ਭੂਮਿਕਾ ਨਿਭਾਈ।