ਅੱਠਵੀਂ ਜਮਾਤ ਦਾ ਪੇਪਰ ਪੰਜਾਬੀ ’ਚ ਨਾ ਛਪਣ ਕਾਰਨ ਵਿਵਾਦ; 30 ਗਰੇਸ ਅੰਕਾਂ ਦੀ ਮੰਗ
ਕਲਾਸ 8 ਦੀ ਵਿਿਗਆਨ ਪ੍ਰੀਖਿਆ ਵਿੱਚ ਪੰਜਾਬੀ ਵਰਜਨ ਨਾ ਛਪਣ ਕਾਰਨ ਵਿਵਾਦ; 30 ਗਰੇਸ ਅੰਕਾਂ ਦੀ ਮੰਗ
Publish Date: Fri, 20 Feb 2026 08:21 PM (IST)
Updated Date: Fri, 20 Feb 2026 08:24 PM (IST)

ਪੱਤਰ ਪ੍ਰੇ੍ਰਕ, ਪੰਜਾਬੀ ਜਾਗਰਣ ਫਗਵਾੜਾ : 20 ਫ਼ਰਵਰੀ 2026 ਨੂੰ ਹੋਈ ਕਲਾਸ 8 ਦੀ ਵਿਗਿਆਨ ਪ੍ਰੀਖਿਆ ਦੌਰਾਨ ਇਕ ਗੰਭੀਰ ਗਲਤੀ ਸਾਹਮਣੇ ਆਈ, ਜਿਸ ਕਾਰਨ ਪੰਜਾਬੀ ਮਾਧਿਅਮ ਦੇ ਵਿਦਿਆਰਥੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੀਖਿਆ ਦੌਰਾਨ ਇਹ ਪਤਾ ਲੱਗਾ ਕਿ ਲੰਬੇ ਉੱਤਰ ਵਾਲੇ ਪ੍ਰਸ਼ਨ ਨੰਬਰ 28, 29 ਤੇ 30 ਪੰਜਾਬੀ ਭਾਸ਼ਾ ਵਿਚ ਛਪੇ ਹੀ ਨਹੀਂ ਸਨ। ਇਹ ਪ੍ਰਸ਼ਨ ਸਿਰਫ਼ ਅੰਗਰੇਜ਼ੀ ਵਿਚ ਦਿੱਤੇ ਗਏ ਸਨ, ਜਿਸ ਕਾਰਨ ਪੰਜਾਬੀ ਮਾਧਿਅਮ ਦੇ ਵਿਦਿਆਰਥੀ ਹੈਰਾਨ ਤੇ ਘਬਰਾਏ ਹੋਏ ਨਜ਼ਰ ਆਏ। ਬਹੁਤ ਸਾਰੇ ਵਿਦਿਆਰਥੀ ਪ੍ਰਸ਼ਨਾਂ ਨੂੰ ਸਮਝਣ ਲਈ ਪੰਜਾਬੀ ਭਾਸ਼ਾ ‘ਤੇ ਨਿਰਭਰ ਕਰਦੇ ਹਨ, ਇਸ ਲਈ ਇਹ ਗਲਤੀ ਉਨ੍ਹਾਂ ਲਈ ਤਣਾਅ ਵਧਾਉਣ ਵਾਲੀ ਬਣ ਗਈ। ਜਦੋਂ ਇਹ ਗਲਤੀ ਬੋਰਡ ਦੇ ਧਿਆਨ ਵਿਚ ਆਈ ਤਾਂ ਪੰਜਾਬੀ ਸਕੂਲ ਸਿੱਖਿਆ ਬੋਰਡ ਵੱਲੋਂ ਪ੍ਰੀਖਿਆ ਕੇਂਦਰਾਂ ਨੂੰ ਪੱਤਰ ਜਾਰੀ ਕਰਕੇ ਹੁਕਮ ਦਿੱਤਾ ਗਿਆ ਕਿ ਉਕਤ ਪ੍ਰਸ਼ਨਾਂ ਦਾ ਪੰਜਾਬੀ ਵਿਚ ਅਨੁਵਾਦ ਕਰਵਾਇਆ ਜਾਵੇ ਪਰ ਇਹ ਪੱਤਰ ਪ੍ਰੀਖਿਆ ਦਾ ਅੱਧਾ ਸਮਾਂ ਬੀਤ ਜਾਣ ਤੋਂ ਬਾਅਦ ਜਾਰੀ ਕੀਤਾ ਗਿਆ। ਉਸ ਵੇਲੇ ਤੱਕ ਵਿਦਿਆਰਥੀ ਕਾਫ਼ੀ ਸਮਾਂ ਗੁਆ ਚੁੱਕੇ ਸਨ ਤੇ ਉਨ੍ਹਾਂ ‘ਤੇ ਭਾਰੀ ਮਨੋਵਿਗਿਆਨਕ ਦਬਾਅ ਪੈਦਾ ਹੋ ਚੁੱਕਾ ਸੀ। ਅਧਿਆਪਕਾਂ ਅਨੁਸਾਰ, ਲੰਬੇ ਉੱਤਰ ਵਾਲੇ ਪ੍ਰਸ਼ਨਾਂ ਦਾ ਪੰਜਾਬੀ ਵਿਚ ਨਾ ਹੋਣਾ ਵਿਦਿਆਰਥੀਆਂ ਲਈ ਵੱਡਾ ਝਟਕਾ ਸੀ, ਜਿਸ ਨਾਲ ਉਨ੍ਹਾਂ ਦੀ ਏਕਾਗ੍ਰਤਾ ਤੇ ਪ੍ਰਦਰਸ਼ਨ ਪ੍ਰਭਾਵਿਤ ਹੋ ਸਕਦਾ ਹੈ। ਇਸ ਮਾਮਲੇ ਨੂੰ ਗੰਭੀਰ ਮੰਨਦੇ ਹੋਏ ਸਾਇੰਸ ਟੀਚਰਜ਼ ਐਸੋਸੀਏਸ਼ਨ ਨੇ ਮੰਗ ਕੀਤੀ ਹੈ ਕਿ ਪ੍ਰਭਾਵਿਤ ਪੰਜਾਬੀ ਮਾਧਿਅਮ ਦੇ ਸਾਰੇ ਵਿਦਿਆਰਥੀਆਂ ਨੂੰ 30 ਗਰੇਸ ਅੰਕ ਦਿੱਤੇ ਜਾਣ। ਐਸੋਸੀਏਸ਼ਨ ਦਾ ਕਹਿਣਾ ਹੈ ਕਿ ਬੋਰਡ ਦੀ ਛਪਾਈ ਗਲਤੀ ਤੇ ਦੇਰੀ ਨਾਲ ਕੀਤੀ ਗਈ ਕਾਰਵਾਈ ਕਾਰਨ ਵਿਦਿਆਰਥੀਆਂ ਨੂੰ ਅਣਚਾਹੇ ਤਣਾਅ ਦਾ ਸਾਹਮਣਾ ਕਰਨਾ ਪਿਆ, ਜਿਸ ਦੀ ਭਰਪਾਈ ਗਰੇਸ ਅੰਕਾਂ ਰਾਹੀਂ ਕੀਤੀ ਜਾਣੀ ਚਾਹੀਦੀ ਹੈ। ਮਾਪੇ ਤੇ ਅਧਿਆਪਕ ਹੁਣ ਬੋਰਡ ਤੋਂ ਵਿਦਿਆਰਥੀਆਂ ਦੇ ਹੱਕ ਵਿਚ ਨਿਆਂਪੂਰਨ ਫ਼ੈਸਲੇ ਦੀ ਉਮੀਦ ਕਰ ਰਹੇ ਹਨ।